
ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਹੱਲ ਲਈ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਸਦੀ ਗਈ ਹੈ, ਉਹ ਸਿੱਖ ਕੌਮ ਨਾਲ ਛਲ ਹੈ।ਕਿਉਂਕਿ ਮੌਜੂਦਾ ਜਥੇਦਾਰਾਂ ਨੂੰ ਕੌਮ ਨਕਾਰ ਚੁੱਕੀ ਹੈ ਅਤੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕੌਮ ਦੀ ਹੋਣੀ ਨਾਲ ਸਬੰਧ ਰੱਖਣ।ਜਾਰੀ ਇੱਕ ਪ੍ਰੈਸ ਨੋਟ ਰਾਹੀਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਹੈ ਕਿ ਜਥੇਦਾਰਾਂ ਵਲੋਂ ਕੌਮ ਦੀ ਖਿਲ੍ਹੀ ਉਡਾਉਣ ਵਾਲੇ ਸੌਦਾ ਸਾਧ ਨੂੰ ਮੁਆਫ ਕਰਨ ਦਾ ਸੌਦਾ ਕੌਮ ਨੂੰ ਭੁੱਲਿਆ ਨਹੀਂ ਹੈ ਅਤੇ ਕੀਤਾ ਧੋਖਾ ਕੌਮ ਦੇ ਮਨ ਮਸਤਕ ਤੇ ਲਿਖਿਆ ਹੋਇਆ ਹੈ।ਏਥੇ ਹੀ ਬੱਸ ਨਹੀਂ ਕੌਮ ਦੇ ਰੋਸ ਅਤੇ ਵਿਰੋਧ ਅੱਗੇ ਝੁਕਣ ਦੀ ਥਾਂ ਕੌਮ ਨੂੰ ਗੁੰਮਰਾਹ ਕਰਨ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰੀ ਕਰ ਕੇ ਕੌਮ ਨੂੰ ਦੂਹਰਾ ਚੂਨਾ ਲਾਇਆ ਗਿਆ।ਕੌਮ ਨਾਲ ਵਲ ਛਲ ਕਰਨ ਦੇ ਦੋਸ਼ੀ ਆਪਣਾ ਆਧਾਰ ਗੁਆ ਚੁੱਕੇ ਹੋਏ ਹਨ।ਜਿਸ ਲਈ ਕਿਸੇ ਨਾ ਕਿਸੇ ਮਸਲੇ ਦੀ ਆੜ ਵਿਚ ਆਪਣਾ ਆਧਾਰ ਕਾਇਮ ਕਰਨ ਲਈ ਵਾਰ ਵਾਰ ਕੋਝੀਆਂ ਹਰਕਤਾਂ ਕਰ ਰਹੇ ਹਨ।ਕੌਮ ਦੀਆਂ ਸੰਸਥਾਂਵਾਂ ਇਸ ਛਾਤਰ ਚਾਲ ਨੂੰ ਚੰਗੀ ਤਰ੍ਹਾਂ ਭਾਂਪਦੀਆਂ ਹਨ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਪੰਥ ਦਰਦੀ ਸੰਸਥਾਂਵਾਂ ਦੇ ਸਾਂਝੇ ਸੰਗਠਨ ਨੇ ਸਮੂਹ ਜਥੇਬੰਦੀਆਂ ਅਤੇ ਸ਼ਖਸੀਅਤਾਂ ਨੂੰ ਅਪੀਲ ਕੀਤੀ ਹੈ ਕਿ 6 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦੀ ਮੀਟਿੰਗ ਦਾ ਹਿੱਸਾ ਨਾ ਬਣਿਆ ਜਾਵੇ।ਕਿਉਂਕਿ ਇਹਨਾਂ ਜਥੇਦਾਰਾਂ ਦਾ ਕੌਮ ਨੇ ਇਕਮੁਠ ਹੋ ਕੇ ਬਾਈਕਾਟ ਕੀਤਾ ਹੋਇਆ ਹੈ ਅਤੇ ਇਹ ਕਿਸੇ ਸਮੱਸਿਆ ਦਾ ਹੱਲ ਕਰਨ ਦੀ ਭਰੋਸੇਯੋਗਤਾ ਤੋਂ ਵਾਂਝੇ ਹੋ ਚੁੱਕੇ ਹੋਏ ਹਨ।
Punjab Post Daily Online Newspaper & Print Media