
ਤਰਸਿੱਕਾ, 5 ਸਤੰਬਰ (ਕੰਵਲ ਜੋਧਾਨਗਰੀ)- ਉਂਝ ਤਾਂ ਹਰ ਰੋਜ ਹੀ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਰਾਹੀ ਅਕਾਲੀ ਦਲ ਦੇ ਹਰ ਨਿੱਕੇ ਵੱਡੇ ਲੀਡਰਾਂ ਵੱਲਂੋ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ।ਪਰ ਹੁਣ ਉਸ ਤਂੋ ਵੀ ਅੱਗੇ ਜਾਂਦੇ ਮਜੂਦਾ ਸਰਕਾਰ ਵੱਲਂੋ ਹੁਣ ਸਰਕਾਰੀ ਬੱਸਾਂ ‘ਤੇ ਵੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਗਿਣਾਂਈਆਂ ਜਾ ਰਹੀਆਂ ਹਨ।ਪਰ ਹੁਣ ਸਰਕਾਰ ਵੱਲਂੋ ਪਿੰਡਾਂ ਵਿੱਚ ਵੀ ਆਪਣੀਆਂ ਪ੍ਰਾਪਤੀਆਂ ਨੂੰ ਬੋਰਡਾਂ ਰਾਹੀ ਦਰਸਾਇਆ ਜਾ ਰਿਹਾ ਹੈ, ਅਜਿਹਾ ਹੀ ਇਕ ਬੋਰਡ ਬਲਾਕ ਤਰਸਿੱਕਾ ਦੇ ਪਿੰਡ ਜੋਧਾ ਨਗਰੀ ਵਿੱਚ ਵੀ ਲੱਗਾ ਹੋਇਆ ਹੈ। ਜੋ ਕਿ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਬੋਰਡ ਉੱਤੇ ਪੰਜਾਬੀ ਵਿੱਚ ਲਿਖਿਆ ਪਿੰਡ ਦਾ ਨਾਮ ਜੋਧਾ ਨਗਰੀ ਨੂੰ (ਜੋਦਾ ਨਗਰੀ) ਭਗਤ ਪੂਰਨ ਸਿੰਘ ਬੀਮਾਂ ਯੋਜਨਾ ਨੂੰ ਭਗਤ ਪੁਰਨ ਸਿੰਘ (ਬਿਮਾ) ਅਤੇ ਮਾਈ ਭਾਗੋ ਸਕੀਮ ਨੂੰ ਮਾਈ (ਭਾਡੋ) ਸਕੀਮ ਅਤੇ ਰੂਰਲ ਲੈਟਰਿਨ ਨੂੰ ਰੂਰਲ (ਲੈਟਰਿੰਗ) ਲਿਖਿਆ ਹੋਇਆ ਹੈ।ਜਿਸ ਕਾਰਨ ਲੋਕਾਂ ਵਿੱਚ ਰੋਸ ਵੀ ਹੈ ਕਿ ਸਿੱਖ ਕੌਮ ਦੀ ਮਹਾਨ ਮਾਤਾ ਭਾਗੋ ਨੂੰ ਭਾਡੋ ਲਿਖਿਆ ਹੈ।ਇਸ ਬੋਰਡ ਤੋਂ ਸਰਕਾਰ ਨੂੰ ਪੰਜਾਬੀ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਵੀ ਪੋਲ ਖੁੱਲ ਜਾਂਦੀ ਹੈ। ਪੰਜਾਬੀ ਵਿੱਚ ਲਿਖੇ ਬੋਰਡ ਨੂੰ ਗਲਤੀਆਂ ਸਮੇਤ ਹੀ ਪਿੰਡਾਂ ਵਿੱਚ ਲਾ ਦਿੱਤਾ ਗਿਆ।ਹੈਰਾਨੀ ਦੀ ਗੱਲ ਇਹ ਹੈ ਕਿ ਬਲਾਕ ਤਰਸਿੱਕਾ ਵੱਲੋ ਲਾਏ ਬੋਰਡ ਉੱਤੇ ਸਬੰਧਿਤ ਅਧਿਕਾਰੀਆਂ ਨੂੰ ਵੀ ਗਲਤੀ ਨਹੀ ਦਿਸੀ ਅਤੇ ਬੋਰਡ ਉਸੇ ਤਰ੍ਹਾਂ ਹੀ ਲਗਵਾ ਦਿੱਤਾ ਗਿਆ।ਇਸ ਤੋਂ ਇਲਾਵਾ ਗਰਾਂਟਾਂ ਦੇ ਗੱਫੇ ਦੇਣ ਦੇੇ ਦਾਅਵਿਆਂ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਪਿੰਡ ਨੂੰ 8 ਸਾਲਾਂ ਵਿੱਚ ਤਕਰੀਬਨ 20 ਲੱਖ ਗਰਾਂਟ ਦਿਤੀ ਗਈ ਹੈ, ਜੋ ਪ੍ਰਤੀ ਸਾਲ 3 ਲੱਖ ਰੁਪਏ ਵੀ ਨਹੀਂ ਬਣਦੀ।
ਇਸ ਸਬੰਧ ਵਿੱਚ ਜਦੋਂ ਬਲਾਕ ਤਰਸਿੱਕਾ ਦੇ ਬੀ.ਡੀ.ਓ ਨਾਲ ਸਪੰਰਕ ਕਰਕੇ ਗਲਤੀਆਂ ਬਾਰੇ ਪੁਛਿਆ ਤਾਂ ਅੱਗੋ ਬੀ.ਡੀ.ਓ ਤਰਸਿੱਕਾ ਨੇ ਹੈਂਕੜਬਾਜੀ ਨਾਲ ਜੁਆਬ ਦਿੰਦਿਆਂ ਕਿਹਾ ਕਿ ਮੈਂ ਨਹੀ ਜਾਣਦਾ ਕਿ ਤੁਸੀ ਕਿਹੜੇ ਪੱਤਰਕਾਰ ਹੋ, ਮੈਨੂੰ ਦਫਤਰ ਆ ਕੇ ਮਿਲੋ ਅਤੇ ਫੋਨ ਕੱਟ ਦਿੱਤਾ।
Punjab Post Daily Online Newspaper & Print Media