ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਸਾਂਝ ਨਾ ਰੱਖਣ ਦੇ ਪ੍ਰਵਾਸੀ ਸਿੱਖਾਂ ਨੂੰ ਕੱਢੇ ਜਾ ਰਹੇ ਤਰਲਿਆਂ ਦੀ ਕਮੇਟੀ ਨੇ ਸਰਨਾ ਭਰਾਵਾਂ ਦੇ ਭੁਲੇਖਿਆਂ ਦੀ ਜਿੰਦਗੀ ਜੀਣ ਦੇ ਨਾਲ ਤੁਲਨਾ ਕੀਤੀ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਪ੍ਰਵਾਸੀ ਸਿੱਖਾਂ ਨੂੰ ਅਪੀਲਾਂ ਕਰਨ ਤੋਂ ਪਹਿਲਾ ਆਪਣੀ ਪਾਰਟੀ ਦੀ ਯੂਥ ਵਿੰਗ ਵਿਚ ਪਈ ਫੁੱਟ ਨੂੰ ਸਾਂਭਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਸਲਾਹ ਦਿੰਦੀਆਂ ਕਿਹਾ ਕਿ ਜਿਹੜੇ ਇਨਸਾਨ ਆਪਣੀ ਪਾਰਟੀ ਦੇ ਕਾਰਕੂਨਾ ਨੂੰ ਇੱਕ ਝੰਡੇ ਤਲੇ ਇੱਕਤz ਨਹੀਂ ਰੱਖ ਸਕਦੇ ਉਹ ਪ੍ਰਵਾਸੀ ਸਿੱਖਾਂ ਨੂੰ ਪੰਥ ਭਲਾਈ ਦੇ ਹੌਕੇ ਦੇਣ ਤੋਂ ਗੁਰੇਜ ਕਰਨ। ਬੀਤੇ ਦਿਨੀਂ ਗੁਰਦੁਆਰਾ ਸ਼ੀਸ਼ਗੰਗਜ ਸਾਹਿਬ ਦੇ ਦਰਬਾਰ ਹਾੱਲ ਦੇ ਮੁਖ ਦਰਵਾਜੇ ਤੇ ਕਮੇਟੀ ਖਿਲਾਫ਼ ਪ੍ਰਦਰਸ਼ਨ ਦੌਰਾਨ ਸਰਨਾ ਦਲ ਦੇ ਨੌਜਵਾਨ ਆਗੂਆਂ ਵਿਚ ਸੰਗਤਾਂ ਦੇ ਸਾਹਮਣੇ ਹੋਏ ਗਾਲ੍ਹੀਗਲੌਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ ਕਿ ਦਿੱਲੀ ਦੀ ਸੰਗਤ ਵੱਲੋਂ ਘਰ ਬਿਠਾ ਦਿੱਤੇ ਗਏ ਸਰਨਾ ਦਲ ਨੂੰ ਵਿਦੇਸ਼ਾਂ ਵਿੱਚ ਪੁੱਛਦਾ ਕੌਣ ਹੈ ? ਦਿੱਲੀ ਕਮੇਟੀ ਦੀ ਐਫ਼.ਡੀ.ਆਰਜ. ਬਾਰੇ ਸਰਨਾ ਵੱਲੋਂ ਜਤਾਏ ਗਏ ਖਦਸਿਆਂ ਨੂੰ ਵੀ ਕਮੇਟੀ ਨੇ ਗਲਤ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਦੇਖਣ ਨੂੰ ਆਇਆ ਹੈ ਕਿ ਤਿੰਨ ਵਾਰ ਦਿੱਲੀ ਫ਼ਤਹਿ ਦਿਵਸ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ, 1984 ਸਿੱਖ ਕਤਲੇਆਮ ਯਾਦਗਾਰ, ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼, 2 ਨਵੀਂ ਆਈ.ਟੀ. ਆਈ. ਦੀ ਉਸਾਰੀ, ਗੁਰਦੁਆਰਿਆਂ-ਸਕੂਲਾਂ ਅਤੈ ਬ੍ਰਿਧ ਘਰ ਵਿੱਚ ਸੰਗਤਾਂ ਦੀ ਸਹੂਲਤ ਵਿਚ ਵਾਧਾ, ਲੋੜਵੰਦ ਬੱਚਿਆਂ ਦੀ ਫੀਸ ਮੁਆਫ਼ੀ, 1984 ਸਿੱਖ ਕਤਲੇਆਮ ਪੀੜਿਤਾ ਨੂੰ ਸਮਾਜਿਕ-ਕਾਨੂੰਨੀ ਤੇ ਆਰਥਿਕ ਮਦਦ, ਸਕੂਲ ਸਟਾਫ਼ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਸੈਲਰੀ ਅਤੇ ਦਿੱਲੀ ਕਮੇਟੀ ਸਟਾਫ਼ ਦੀ ਤਨਖਾਵਾਂ ਵਿਚ ਵਾਧਾ ਆਦਿਕ ਮੁੱਢਲੇ ਕਮਾਂ ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਕਮੇਟੀ ਦਾ ਖਜਾਨਾ ਘੱਟਣ ਦੇ ਬਜਾਏ ਵਧਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਚੁਨਿੰਦਾ ਸਟਾਫ਼ ਦੇ ਸੰਪਰਕ ਵਿਚ 24 ਘੰਟੇ ਰਹਿਣ ਦੇ ਕਾਰਨ ਸਰਨਾ ਭਰਾ ਇਸ ਗੱਲ ਤੌਂ ਭਲੀ ਪ੍ਰਕਾਰ ਵਾਕਿਫ਼ ਨੇ ਕਿ ਕਮੇਟੀ ਦੇ ਆਰਥਿਕ ਸ਼੍ਰੋਤ ਪੂਰਣ ਤੌਰ ਤੇ ਸੁਰੱਖਿਅਤ ਹਨ ਪਰ ਆਪਣੇ ਪਾਰਟੀ ਕਾਰਕੂਨਾ ਨੂੰ ਕਮੇਟੀ ਚੋਣਾਂ ਵਿਚ ਜਿੱਤ ਦੇ ਸ਼ਬਜਬਾਗ ਦਿਖਾਉਣ ਲਈ ਸਰਨਾ ਭਰਾਵਾਂ ਵੱਲੋਂ ਕਮੇਟੀ ਖਿਲਾਫ਼ ਝੂਠੇ ਦੋਸ਼ਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਸਾਫ਼ ਕਿਹਾ ਕਿ ਸਰਨਾ ਕੋਲ ਕਮੇਟੀ ਦੇ ਖਿਲਾਫ਼ ਦੋਸ਼ਾਂ ਨੂੰ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ। ਅਕਾਲੀ ਦਲ ਵੱਲੋਂ ਪ੍ਰਵਾਸੀ ਸਿੱਖਾਂ ਦੀ ਭਲਾਈ ਲਈ ਕਾਲੀ ਸੂਚੀ ਨੂੰ ਖਤਮ ਕਰਾਉਣ ਤੇ 1984 ਦੇ ਕਾਤਿਲ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਖਿਲਾਫ਼ ਕੀਤੀ ਗਈ ਕਾਨੂੰਨੀ ਵਿਊਂਤਬੰਦੀ ਸਰਨਾ ਤੇ ਉਨ੍ਹਾਂ ਦੇ ਕਾਂਗਰਸੀ ਭਾਈਵਾਲਾਂ ਨੂੰ ਰਾਸ ਨਹੀਂ ਆ ਰਹੀ ਹੈ। ਜਿਸ ਕਾਰਨ ਕਾਂਗਰਸ ਨੂੰ ਵੋਟਾਂ ਪਾਉਣ ਦੇ ਬਦਲੇ ਸਿੱਖ ਮਸਲਿਆਂ ਦੇ ਹੱਲ ਹੋਣ ਦੀ ਦੁਹਾਈ ਵੱਜੋਂ ਦਿੱਲੀ ਕਮੇਟੀ ਦੇ ਖਜਾਨੇ ਤੋਂ ਲੱਖਾ ਰੁਪਏ ਦੇ ਇਸ਼ਤਿਹਾਰ ਦੇਣ ਵਾਲੇ ਸਰਨਾ ਭਰਾ, ਅੱਜ ਆਪਣੇ ਸਿਆਸੀ ਰਹਿਬਰਾਂ ਦੀ ਨਜ਼ਰੇ ਇਨਾਇਤ ਲਈ ਧੂੜ ਵਿਚ ਸੋਟਾ ਚਲਾ ਰਹੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media