81 ਰੁਪਏ ਪ੍ਰਤੀ ਗਜ਼ ਤੋਂ ਘੱਟ ਕਰਕੇ 6 ਰੁਪਏ ਪ੍ਰਤੀ ਗਜ਼ ਕੀਤਾ ਟੈਕਸ – ਮਰਵਾਹਾ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਹੋਟਲ ਇੰਡਸਟਰੀ ਨੇ ਪੰਜਾਬ ਭਰ ਵਿਚ ਹੋਟਲਾਂ ‘ਤੇ ਲੱਗੇ ਪ੍ਰਾਪਰਟੀ ਟੈਕਸ ਦੇ ਭਾਰੀ ਬੋਝ ਤੋਂ ਹੋਟਲ ਮਾਲਕਾਂ ਨੂੰ ਮੁਕਤੀ ਦਿਵਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਹੈ। ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ. ਏ. ਪੀ. ਸਿੰਘ ਚੱਠਾ ਨੇ ਇਹ ਖੁਲਾਸਾ ਕਰਦੇ ਦੱਸਿਆ ਕਿ ਸਰਕਾਰ ਨੇ ਹੋਟਲ ਸਨਅਤ ਨੂੰ ਕਮਰਸ਼ੀਅਲ ਨਾਲੋਂ ਵੀ ਉਪਰ ਸ਼੍ਰੇਣੀ ਵਿਚ ਰੱਖਕੇ 81 ਰੁਪਏ ਪ੍ਰਤੀ ਗਜ਼ ਪ੍ਰਾਪਰਟੀ ਟੈਕਸ ਲਗਾ ਦਿੱਤਾ ਸੀ, ਜੋ ਮਸਲਾ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਕੋਲ ਉਠਾਇਆ ਅਤੇ ਪੰਜਾਬ ਭਰ ਦੇ ਹੋਟਲ ਮਾਲਕਾਂ ਨੂੰ ਨਾਲ ਲੈ ਕੇ ਕਈ ਮੀਟਿੰਗਾਂ ਉਪ ਮੁੱਖ ਮੰਤਰੀ ਨਾਲ ਕੀਤੀਆਂ। ਉਨਾਂ ਦੱਸਿਆ ਕਿ ਇਸ ਮਾਮਲੇ ਨੂੰ ਦੁਬਾਰਾ ਉਠਾਉਣ ‘ਤੇ ਉਨਾਂ ਵਿਭਾਗ ਦੇ ਸਕੱਤਰ ਨਾਲ ਸਾਡੀ ਮੀਟਿੰਗ ਕਰਵਾਈ, ਜਿਸ ਮਗਰੋਂ ਅਫਸ਼ਰਸ਼ਾਹੀ ਨੇ ਇਸ ਨੂੰ ਕੇਵਲ 9 ਰੁਪਏ ਪ੍ਰਤੀ ਗਜ਼ ਘਟ ਕਰਕੇ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ। ਸ. ਚੱਠਾ ਨੇ ਦੱਸਿਆ ਕਿ ਉਕਤ ਰੋਸ ਜਦ ਫਿਰ ਉਪ ਮੁੱਖ ਮੰਤਰੀ ਕੋਲ ਉਠਾਇਆ ਗਿਆ, ਤਾਂ ਉਨਾਂ ਨੇ ਇਸ ਨੂੰ ਧਿਆਨ ਨਾਲ ਸੁਣ ਕੇ ਮੁੜ ਕਾਰਵਾਈ ਲਈ ਲਿਖਿਆ, ਜਿਸ ‘ਤੇ ਮਸਲਾ ਮੁੜ ਵਿਚਾਰਿਆ ਗਿਆ, ਤਾਂ ਹੋਟਲ ਸਨਅਤ ਨੂੰ ਵੱਡੀ ਰਾਹਤ ਦਿੰਦੇ ਉਪ ਮੁੱਖ ਮੰਤਰੀ ਨੇ ਸ਼ਹਿਰਾਂ ਦੀਆਂ ਸ੍ਰੇਣੀ ਅਨੁਸਾਰ ਏ, ਬੀ ਅਤੇ ਸੀ ਵਰਗ ਵਿਚ ਵੰਡ ਕੇ ਇਸ ਨੂੰ ਡੇਢ ਰੁਪਏ ਤੋਂ 6 ਰਪਏ ਪ੍ਰਤੀ ਗਜ਼ ਤੈਅ ਕਰ ਦਿੱਤਾ ਹੈ।
ਸ੍ਰੀ ਚੱਠਾ ਨੇ ਇਸ ਪ੍ਰਾਪਤ ਲਈ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਵੱਲੋਂ ਪਾਰਟੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਨਾਲ ਚਲਾਈ ਕਾਰਵਾਈ ਅਤੇ ਉਠਾਏ ਗਏ ਮਸਲੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਸ. ਮਰਵਾਹਾ ਨੇ ਦੱਸਿਆ ਕਿ ਸ. ਬਾਦਲ ਨੇ ਕਿਹਾ ਕਿ ਉਹ ਪੰਜਾਬ ਨੂੰ ਟੂਰਿਜ਼ਮ ਹੱਬ ਬਨਾਉਣਾ ਚਾਹੁੰਦੇ ਹਨ ਅਤੇ ਅਜਿਹੇ ਵਿਚ ਸੈਲਾਨੀਆਂ ‘ਤੇ ਵਾਧੂ ਬੋਝ ਨਹੀਂ ਪੈਣ ਦਿੱਤਾ ਜਾਣਾ ਚਾਹੀਦਾ। ਉਨਾਂ ਨੇ ਇਸ ਸੋਚ ਨੂੰ ਧਿਆਨ ਵਿਚ ਰੱਖਕੇ ਪੰਜਾਬ ਦੇ ਕਰੀਬ 2500 ਹੋਟਲਾਂ ਨੂੰ ਵੱਡੀ ਰਾਹਤ ਦਿੰਦੇ ਇਹ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਬਾਰੇ ਨੋਟੀਫਿਕੇਸ਼ਨ ਅਗਲੇ ਦੋ ਦਿਨਾਂ ਵਿਚ ਜਾਰੀ ਹੋ ਜਾਵੇਗਾ। ਸ. ਮਰਵਾਹਾ ਨੇ ਦੱਸਿਆ ਕਿ ਕੱਲ ਹੋਟਲ ਮਾਲਕਾਂ ਨਾਲ ਸਲਾਹ-ਮਸ਼ਵਰੇ ਮਗਰੋਂ ਜੋ ਟੈਕਸ ਤੈਅ ਕੀਤਾ ਗਿਆ ਹੈ, ਉਸ ਅਨੁਸਾਰ ਵੱਡੇ ਸ਼ਹਿਰਾਂ ਨੂੰ ਏ ਸ੍ਰੇਣੀ ਵਿਚ ਰੱਖਦੇ ਹੋਏ 6 ਰੁਪਏ ਪ੍ਰਤੀ ਗਜ਼ ਪ੍ਰਾਪਰਟੀ ਟੈਕਸ ਤਜਵੀਜ਼ ਕੀਤਾ ਗਿਆ ਹੈ ਅਤੇ ਛੋਟੇ ਸ਼ਹਿਰਾਂ ਨੂੰ ਸੀ ਸ੍ਰੇਣੀ ਵਿਚ ਰੱਖਕੇ ਡੇਢ ਰੁਪਏ ਪ੍ਰਤੀ ਗਜ਼ ਟੈਕਸ ਤੈਅ ਕੀਤਾ ਹੈ। ਉਨਾਂ ਦੱਸਿਆ ਕਿ ਤਿੰਨ ਦਿਨਾਂ ਤੱਕ ਇਹ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪਾਰਟੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਨੇ ਸਾਡੀ ਤਜਵੀਜ਼ ਨੂੰ ਮੰਨ ਕੇ ਹੋਟਲ ਮਾਲਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਹੋਟਲ ਐਸੋਸ਼ੀਏਸ਼ਨ ਅਤੇ ਹੋਰ ਵਪਾਰਕ ਸੰਸਥਾਵਾਂ ਵੱਲੋਂ ਸ. ਮਰਵਾਹਾ ਨੂੰ ਇਸ ਪ੍ਰਾਪਤੀ ਲਈ ਸਨਾਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਈਕਲ ਉਪਲ, ਸ. ਹਰਪਾਲ ਸਿੰਘ ਵਾਲੀਆ, ਵਿਪਨ ਮਹਿਰਾ, ਪਿਊਸ਼ ਕੁਮਾਰ ਸੈਕਟਰੀ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।
Punjab Post Daily Online Newspaper & Print Media
