
ਪਠਾਨਕੋਟ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਝੋਨੇ ਅਤੇ ਬਾਸਮਤੀ ਤੋਂ ਵਧੇਰੇ ਪੈਦਾਵਾਰ ਅਤੇ ਰੋਗ ਰਹਿਤ ਪੈਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਅਤੇ ਚੰਗੀ ਤਰਾਂ ਸੰਭਾਲ ਕਰਕੇ ਅਗਲੇ ਸਾਉਣੀ ਸੀਜ਼ਨ ਦੌਰਾਨ ਸਮੇਂ ਸਿਰ ਪਨੀਰੀ ਬੀਜਣ।ਇਹ ਵਿਚਾਰ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਨੌਸ਼ਹਿਰਾ ਨਲਬੰਦਾ ਵਿੱਚ ਅਗਾਂਹਵਧੂ ਕਿਸਾਨ ਅਤੇ ਸਮਾਜ ਸੇਵਕ ਸਤਵਿੰਦਰ ਸਿੰਘ ਦੇ ਖੇਤਾਂ ਵਿੱਚ ਬੀਜ ਵਾਲੀ ਫਸਲ ਦਾ ਜਾਇਜ਼ਾਂ ਲੈਂਦਿਆਂ ਕਹੇ। ਇਸ ਮੌਕੇ ਡਾ. ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ,ਜੀਵਨ ਜੋਤੀ ਵੀ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ਤੇ ਸਾਰੀ ਫਸਲ ਦਾ ਭਵਿੱਖ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਜੇਕਰ ਬੀਜ ਹੀ ਚੰਗਾ ਨਹੀਂ ਹੋਵੇਗਾ ਤਾਂ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਮਿਹਨਤ ਕਰਨ ਦੇ ਬਾਵਜੂਦ ਵਧੇਰੇ ਪੈਦਾਵਾਰ ਨਹੀਂ ਲਈ ਜਾ ਸਕਦੀ। ਉਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੀ ਜ਼ਰੂਰਤ ਅਨੁਸਾਰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਤਾਂ ਜੋ ਬੀਜ ਦੀ ਖ੍ਰੀਦ ਤੇ ਹੋਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇ । ਉਨਾਂ ਕਿਹਾ ਕਿ ਖੁਦ ਬੀਜ ਤਿਆਰ ਕਰਨ ਨਾਲ ਬਾਸਮਤੀ ਦੇ ਪੈਰਾਂ ਦੇ ਗਲਣ ਦੇ ਰੋਗ ਨੂੰ ਵੀ ਘਟਾਇਆ ਜਾ ਸਜਦਾ ਹੈ ਕਿਉਂਕਿ ਬੀਜ ਸਿਰਫ ਉਸੇ ਖੇਤ ਵਿੱਚੋਂ ਤਿਆਰ ਕਰੋ ਜਿਸ ਖੇਤ ਵਿੱਚ ਕੋਈ ਬਿਮਾਰੀ ਨਾਂ ਹੋਵੇ ਅਤੇ ਫਸਲ ਤੰਦਰੁਸਤ ਹੋਵੇ। ਉਨਾਂ ਕਿਹਾ ਕਿ ਹੁਣ ਝੋਨੇ ਦਾ ਬੀਜ ਤਿਆਰ ਕਰਨ ਲਈ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਫਸਲ ਨਿਸਰਣ ਤੇ ਆਉਣ ਕਾਰਨ ਉੱਚੇ,ਸਾਉਣ,ਚਾੜਾ ਅਤੇ ਮਧਰੇ ਬੂਟਿਆਂ ਦੀ ਪਹਿਚਾਣ ਸੌਖਿਆਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬੀਜ ਵਾਲੀ ਫਸਲ ਉੱਪਰ ਗੱਭ ਭਰਨ ਸਮੇਂ 200 ਮਿਲੀ ਲਿਟਰ ਪ੍ਰੋਪੀਕੋਨਾਜ਼ੋਲ ਜਾਂ 80 ਮਿਲੀ ਲਿਟਰ ਨੈਟਿਵੋ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਬੀਜ ਰੱਖਣ ਲਈ ਚੁਣੇ ਖੇਤ ਦੀ ਕਟਾਈ ਅਤੇ ਗਹਾਈ ਹੱਥ ਨਾਲ ਵੱਖਰੀ ਕਰਨੀ ਚਾਹੀਦੀ ਹੈ । ਉਨਾ ਕਿਹਾ ਕਿ ਕੰਬਾਇਨ ਨਾਲ ਕਟਾਈ ਕੀਤੀ ਫਸਲ ਤੋਂ ਪੈਦਾ ਹੋਏ ਦਾਣਿਆਂ ਵਿੱਚੋਂ ਬੀਜ ਨਹੀਂ ਰੱਖਣਾ ਚਾਹੀਦਾ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਹਾੜੀ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਘਰ ਰੱਖੇ ਬੀਜ ਦੀ ਉੱਗਣ ਸ਼ਕਤੀ ਹੁਣ ਹੀ ਪਰਖ ਕਰਵਾ ਲੈਣੀ ਚਾਹੀਦੀ ਹੈ ਅਤੇ ਇਸ ਮਕਸਦ ਵਾਸਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਦਦ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਬੀਜ ਪਰਖ ਕਰਨ ਉਰੰਤ ਪਤਾ ਲੱਗ ਜਾਵੇਗਾ ਕਿ ਘਰ ਰੱਖਿਆ ਬੀਜ, ਬੀਜਣ ਯੋਗ ਹੈ ਵੀ ਕਿ ਨਹੀਂ ਤਾਂ ਜੋ ਬਾਅਦ ੱਿਵਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਫਸਲਾਂ ਦੀਆਂ ਦੋਗਲੀਆਂ ਕਿਸਮਾਂ ਨੂੰ ਛੱਡ ਕੇ ਹਰੇਕ ਫਸਲ ਦਾ ਬੀਜ, ਕਿਸਾਨ ਖੁਦ ਤਿਆਰ ਕਰ ਸਕਦਾ ਹੈ।
Punjab Post Daily Online Newspaper & Print Media