Thursday, March 19, 2026

ਦਿੱਲੀ ਕਮੇਟੀ ਦੇ ਬੁਲਾਰੇ ਨੇ ਬੁਖਲਾਹਟ ਵਿੱਚ ਆ ਕੇ ਜੀ.ਕੇ ਨੂੰ ਹੀ ਝੂਠਾ ਸਾਬਤ ਕੀਤਾ – ਦਮਨਦੀਪ ਸਿੰਘ

ppn1509201625

ਨਵੀਂ ਦਿੱਲੀ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਬਾਰੇ ਦਿੱਲੀ ਕਮੇਟੀ ਬੁਲਾਰੇ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਦਿੱਲੀ ਕਮੇਟੀ ਦੀ ਬੁਖਲਾਹਟ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇੱਕ ਇੱਕ ਕਰਕੇ ਬਾਦਲ ਦਲ ਦੇ ਸਾਰੇ ਝੂਠ ਸੰਗਤਾਂ ਸਾਹਮਣੇ ਉਜਾਗਰ ਹੋਣ ਉਪਰੰਤ ਦਿੱਲੀ ਕਮੇਟੀ ਦੇ ਬੁਲਾਰੇ ਦੀ ਬੁਖਲਾਹਟ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਵਿਰੋਧੀਆਂ ਖਿਲਾਫ ਬਿਆਨ ਦੇਣ ਦੇ ਜ਼ੋਸ਼ ਵਿੱਚ ਪਰਮਿੰਦਰ ਪਾਲ ਸਿੰਘ ਨੇ ਆਪਣੇ ਹੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਝੂਠਾ ਸਾਬਤ ਕਰ ਦਿੱਤਾ ਹੈ।ਦਮਨਦੀਪ ਸਿੰਘ ਨੇ ਦੱਸਿਆ ਕਿ ਮੌਜੂਦਾ ਪ੍ਰਬੰਧਕਾਂ ਦੇ ਖਿਲਾਫ ਗੋਲਕ ਦੀ ਦੁਰਵਰਤੋਂ ਸਬੰਧੀ ਸਰਨਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕਰਦੇ ਹੋਏ ਦਿੱਲੀ ਕਮੇਟੀ ਬੁਲਾਰੇ ਨੇ ਇਹ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੀ ਐਫ.ਡੀ.ਆਰ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਸਕੂਲੀ ਸਟਾਫ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਦੇਣ ਦੇ ਬਾਵਜ਼ੂਦ ਕਮੇਟੀ ਦੇ ਖਜ਼ਾਨੇ ਵਿੱਚ ਵਾਧਾ ਹੋਇਆ ਹੈ।ਜਦ ਕਿ 5 ਸਤੰਬਰ ਨੂੰ ਦਿੱਲੀ ਕਮੇਟੀ ਪ੍ਰਧਾਨ ਨੇ ਅਦਾਲਤ ਵਿਚ ਆਖਿਆ ਸੀ ਕਿ ਸਕੂਲੀ ਸਟਾਫ ਨੂੰ ਬਣਦਾ ਬਕਾਇਆ ਦੇਣ ਲਈ ਦਿੱਲੀ ਕਮੇਟੀ ਕੋਲ ਪੈਸਾ ਹੀ ਨਹੀਂ ਹੈ, ਜਦ ਕਿ ਕਮੇਟੀ ਦੇ ਬੁਲਾਰੇ ਨੇ ਕਮੇਟੀ ਦੇ ਖਜ਼ਾਨੇ ਨੂੰ ਭਰਿਆ ਦੱਸ ਕੇ ਜੀ.ਕੇ ਨੂੰ ਹੀ ਝੂਠਾ ਸਾਬਤ ਕਰ ਦਿੱਤਾ ਹੈ।ਦਮਨਦੀਪ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਦੀ ਚਾਪਲੂਸੀ ਕਰਕੇ ਕਮੇਟੀ ਦੇ ਬੁਲਾਰੇ ਬਣੇ ਪਰਮਿੰਦਰ ਪਾਲ ਸਿੰਘ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲੈਣਾ ਚਾਹੀਦਾ ਹੈ ਕਿਉਂਕਿ ਦਿੱਲੀ ਵਿਚ ਬਾਦਲ ਦਲ ਦੀ ਸੱਤਾ ਹੋਣ ਦੇ ਬਾਵਜੂਦ ਬੀਤੇ ਦਿਨੀਂ ਹੀ ਉਨ੍ਹਾਂ ਦੀ ਆਪਣੀ ਰਿਹਾਇਸ਼ ਵਾਲੇ ਲੋਕਲ ਗੁਰਦੁਆਰਾ ਦੀਆਂ ਚੋਣਾਂ ਵਿੱਚ ਸੰਗਤਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply