Saturday, March 21, 2026

ਸੈਨੇਟ ਦੀਆਂ ਵੋਟਾਂ ਦੀ ਮਹੱਤਤਾ ਅਤੇ ਜਰੂਰਤ ‘ਵਿਸ਼ੇ ‘ਤੇ ਸੈਮੀਨਾਰ

ppn1609201606
ਬਠਿੰਡਾ, 16 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਟੀਚਰਜ਼ ਹੋਮ ਵਿਖੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਸਬੰਧੀ ‘ਸੈਨੇਟ ਦੀਆਂ ਵੋਟਾਂ ਦੀ ਮਹੱਤਤਾ ਤੇ ਜਰੂਰਤ’ ਵਿਸ਼ੇ ‘ਤੇ ਕਰਵਾਏ ਸਮਾਗਮ ਦੌਰਾਨ ਪੁੱਜੇ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰਾਂ ਵੱਲੋਂ ਲਿਆਂਦੀਆਂ ਗਈਆਂ ਨਿੱਜੀਕਰਨ ਤੇ ਆਊਟਸੋਰਸਿਂਗ ਵਰਗੀਆਂ ਨੀਤੀਆਂ ਤੇ ਜੋਰਦਾਰ ਹੱਲੇ ਬੋਲੇ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਊਥ ਏਸ਼ੀਆ ਫਾਇਨਾਂਸ ਸੈਕਟਰ ਯੂਨੀਅਨ ਕੌਂਸਲ ਦੇ ਪ੍ਰਧਾਨ, ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਦੇ ਜਰਨਲ ਸਕੱਤਰ ਤੇ ਵਰਸਟੀ ਸੈਨੇਟ ਦੇ ਉਮੀਦਵਾਰ ਸੰਜੀਵ ਕੁਮਾਰ ਬੰਦਲਿਸ਼ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਰੋਜਾਨਾ ਕੰਮ ਕਾਜ ‘ਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਮੰਤਵ ਨਾਲ ਉਨ੍ਹਾਂ ਨੇ ਸੈਨੇਟ ਚੋਣਾਂ ‘ਚ ਭਾਗ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜਿਸ ਤਰਾਂ ਦੇ ਹਾਲਾਤ ਪੰਜਾਬ ਯੂਨੀਵਰਸਿਟੀ ਵਰਗੇ ਅਦਾਰੇ ‘ਚ ਪੈਦਾ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਸੁਹਿਰਦ ਵਿਅਕਤੀਆਂ ਨੂੰ ਅੱਗੇ ਲਿਆਉਣਾ ਵਕਤ ਦੀ ਜਰੂਰਤ ਹੈ। ਸੈਨਟ ਦੇ ਵੋਟਰਾਂ ਨੂੰ ਆਪਣੇ ਹੱਕ ਵਿਚ ਫਤਵਾ ਦੇਣ ਦੀ ਅਪੀਲ ਕਰਦਿਆਂ ਬੰਦਲਿਸ਼ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਦੇ ਕੰਮਕਾਜ ‘ਚ ਬੇਹਤਰੀ ਲਿਆਉਣ ਲਈ ਸਿਰਤੋੜ ਯਤਨ ਕਰਨਗੇ।
ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ‘ਚ ਸਹਿਯੋਗੀ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਕੁਝ ਮਸਲਿਆਂ ਨੂੰ ਲੈਕੇ ਪ੍ਰਗਟ ਕੀਤੇ ਜਾ ਰਹੇ ਖਦਸ਼ਿਆਂ ਸਬੰਧੀ ਬੰਦਲਿਸ਼ ਨੇ ਇੰਨ੍ਹਾਂ ਬੈਂਕਾਂ ਦੇ ਮੁਲਾਜਮਾਂ ਨੂੰ ਐਸ.ਬੀ.ਆਈ ਵਰਗੀਆਂ ਸੁਵਿਧਾਵਾਂ ਦਿਵਾਉਣ ਦਾ ਭਰੋਸਾ ਦਿਵਾਇਆ।ਉਨ੍ਹਾਂ ਸਰਕਾਰ ਵੱਲੋਂ ਬੈਕਿੰਗ ਸੈਕਟਰ ‘ਚ ਕੀਤੇ ਜਾ ਰਹੇ ਅਖੌਤੀ ਸੁਧਾਰਾਂ ਦੇ ਬਹਾਨੇ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਘਰਾਣਿਆ ਹਵਾਲੇ ਕਰਨ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਬੰਦਲਿਸ਼ ਨੇ ਐਸ. ਬੀ. ਆਈ. ਤੇ ਸਹਿਯੋਗੀ ਬੈਂਕਾਂ ਦੇ ਰਲੇਵੇਂ ਬਾਰੇ ਫੈਲਾਏ ਜਾ ਰਹੇ ਭਰਮ ਭਲੇਖਿਆਂ ਨੂੰ ਦੂਰ ਕੀਤਾ ਅਤੇ ਸਹਿਯੋਗੀ ਬੈਂਕਾਂ ਦੇ ਸਾਥੀਆਂ ਨੂੰ ਐਸ. ਬੀ. ਆਈ. ਦੀ ਯੂਨੀਅਨ ਨਾਲ ਜੁੜਨ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਟੇਟ ਬੈਂਕ ਆਫ ਇੰਡੀਆ ਦੇ ਏ. ਜੀ. ਐਮ ਰਜੇਸ਼ ਗੁਪਤਾ ਅਤੇ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਦੇ ਜਿਲ੍ਹਾ ਕਨਵੀਨਰ ਐਮ. ਐਮ. ਬਹਿਲ ਨੇ ਸ੍ਰੀ ਬੰਦਲਿਸ਼ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।ਸਤੀਸ਼ ਭਾਸਕਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਟੇਟ ਬੈਂਕ ਨੇਤਾ ਗੁਲਸ਼ਨ ਓਬਰਾਏ ਅਤੇ ਦਲੀਪ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਭਨਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਪ੍ਰਤੀ ਧੰਨਵਾਦ ਕੀਤਾ ਅਤੇ ਸੈਨੇਟ ਚੋਣਾਂ ‘ਚ ਵਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।ਇਸ ਮੌਕੇ ਐਸ.ਸੀ.ਐਸ.ਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਵਰਨਜੀਤ ਸਿੰਘ, ਐਸ. ਬੀ ਆਈ ਸਟਾਫ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਮੂਹ ਨੁਮਾਇੰਦੇ, ਐਸ. ਬੀ. ਆਈ ਸਟਾਫ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਦੇ ਡੈਲੀਗੇਟ ਮੋਹਿਤ ਵਰਮਾਂ, ਨਿਤਿਨ ਗਰਗ ਤੇ ਸੰਜੀਵ ਗਰੋਵਰ ਅਤੇ ਰਮਨਦੀਪ ਸਿੰਘ ਚੰਨੂ ਸਮੇਤ ਵੱਖ ਵੱਖ ਯੂਨੀਅਨਾਂ, ਐਸੋਸੀਏਸ਼ਨਾਂ ਅਤੇ ਜਨਤਕ ਧਿਰਾਂ ਦੇ ਪ੍ਰਤੀਨਿਧ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply