ਜਲੰਧਰ, 17 ਸਤੰਬਰ (ਪੰਜਾਬ ਪੋਸਟ ਬਿਊਰੋ)- ਬੀਤੀ 7 ਸਤੰਬਰ ਨੂੰ ਆਪਣੀਆ ਮੰਗਾਂ ਦਾ ਇੱਕ ਪੱਤਰ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇਣ ਜਾਂਦੇ ਪੱਤਰਕਾਰਾਂ ‘ਤੇ ਏ.ਸੀ.ਪੀ ਨਾਰਥ ਅੰਮ੍ਰਿਤਸਰ ਬਾਲ ਕ੍ਰਿਸ਼ਨ ਸਿੰਗਲਾ ਵੱਲੋ ਕੀਤੇ ਗਏ ਲਾਠੀਚਾਰਜ ਦੇ ਦੋਸ਼ੀਆਂ ਵਿਰੁੱਧ ਸਰਕਾਰ ਤੇ ਪ੍ਰਸ਼ਾਸ਼ਨ ਵੱਲੋ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਲਾਠੀਚਾਰਜ ਦਾ ਕੋਸ ਵੀ ਸੀ.ਬੀ.ਆਈ ਨੂੰ ਸੋਂਪ ਦਿੱਤਾ ਜਾਵੇ ਤਾਂ ਕਿ ਪੱਤਰਕਾਰਾਂ ਦਾ ਇਨਸਾਫ ਵੀ ਊਠ ਦਾ ਬੁੱਲ ਬਣ ਜਾਵੇ ਤੇ ਪੱਤਰਕਾਰ ਖਾਮੋਸ਼ ਹੋ ਜਾਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ 7 ਸਤੰਬਰ ਨੂੰ ਜਥੇਬੰਦੀ ਵੱਲੋ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਜਥੇਬੰਦੀ ਸ਼ਾਤਮਈ ਰੋਸ ਮਾਰਚ ਕਰਦੀ ਹੋਈ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਦੇ ਪਾਸ਼ ਏਰੀਏ ਵਿੱਚ ਬਣੀ ਕੋਠੀ ਵਿਖੇ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਰਸਤੇ ਵਿੱਚ ਹੀ ਪੁਲੀਸ ਨੇ ਬਿਨਾਂ ਕਿਸੇ ਕਾਰਨ ਪੱਤਰਕਾਰਾਂ ‘ਤੇ ਲਾਠੀਚਾਰਜ ਕਰ ਦਿੱਤਾ ਤੇ ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਫੱਟੜ ਹੋਏ ਤੇ ਇੱਕ ਪੱਤਰਕਾਰ ਦੇ ਸਿਰ ਵਿੱਚ ਲਾਠੀ ਵੱਜਣ ਨਾਲ ਉਹ ਬੋਹੇਸ਼ ਹੋ ਗਿਆ ਤੇ ਉਸ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਲਈ ਸਾਥੀ ਪੱਤਰਕਾਰਾਂ ਨੇ ਚੁੱਕਿਆ ਤੇ ਹਸਪਤਾਲ ਪਹੁੰਚਾਇਆ, ਪਰ ਪੁਲੀਸ ਨੇ ਇਸ ਸਮੇਂ ਵੀ ਗੈਰ ਜਿੰਮੇਵਾਰਨਾ ਰਵੱਈਆ ਅਖਤਿਆਰ ਕਰਦਿਆਂ ਫੱਟੜ ਦੀ ਸਹਾਇਤਾ ਕਰਨ ਦਾ ਬਜ਼ਾਏ ਲਾਠੀਚਾਰਜ ਦਾ ਸਿਲਸਿਲਾ ਜਾਰੀ ਰੱਖਿਆ।ਇਸ ਤੋ ਉਪਰੰਤ ਐਸ.ਪੀ ਗੌਰਵ ਗਰਗ ਆਏ ਤੇ ਉਹਨਾਂ ਨੇ ਮੌਕਾ ਸੰਭਾਲਦਿਆਂ ਪੱਤਰਕਾਰਾਂ ਨੂੰ ਮੰਗ ਪੱਤਰ ਦੇਣ ਲਈ ਮਜੀਠੀਆ ਦੀ ਕੋਠੀ ਤੱਕ ਲੈ ਕੇ ਗਏ ਜਿਥੇ ਮਜੀਠੀਆ ਦੇ ਓ.ਐਸ.ਡੀ ਕਰਨਲ ਸੰਤੋਖ ਸਿੰਘ ਤੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੇ ਮੰਗ ਪੱਤਰ ਲਿਆ।ਇਸ ਸਮੇਂ ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪੱਤਰਕਾਰਾਂ ਲਈ ਬਹੁਤ ਕੁੱਝ ਕੀਤਾ ਹੈ, ਪਰ ਜਦੋ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਕਿਸੇ ਇੱਕ ਮੰਗ ਬਾਰੇ ਹੀ ਦੱਸ ਦੇਣ ਤਾਂ ਉਹਨਾਂ ਕੋਲ ਕੋਈ ਜਵਾਬ ਨਹੀ ਸੀ। ਪੱਤਰਕਾਰਾਂ ਤੋਂ ਮੰਗ ਪੱਤਰ ਲੈਣ ਵਾਲੇ ਦੋਹਾਂ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਲਾਠੀਚਾਰਜ ਕਰਨ ਵਾਲੇ ਪੁਲੀਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਪਰ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ। ਇਸੇ ਤਰਾਂ ਮੰਤਰੀ ਮਜੀਠੀਆ ਨੇ ਵੀ 8 ਸਤੰਬਰ ਨੂੰ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਫੋਨ ਕਰਕੇ ਖੁਦ ਕਿਹਾ ਸੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇਗੀ। 8 ਸਤੰਬਰ ਦੀਆਂ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਤੇ ਪੱਤਰਕਾਰਾਂ ਦੇ ਰੋਸ ਨੂੰ ਵੇਖਦੇ ਹੋਏ ਜਿਲ੍ਹਾ ਪੁਲੀਸ ਕਮਿਸ਼ਨਰ ਨੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਨਾਲ ਮੀਟਿੰਗ ਕੀਤੀ ਪੱਤਰਕਾਰਾਂ ਨੇ ਸਾਰੀ ਫੁਟੇਜ਼ ਵੀ ਕਮਿਸ਼ਨਰ ਦਿਖਾਈ, ਪਰ ਸਿੱਟਾ ਕੋਈ ਨਾ ਨਿਕਲਿਆ।9 ਸਤੰਬਰ ਨੂੰ ਕਮਿਸ਼ਨਰ ਨੇ ਫੋਨ ਕਰਕੇ ਦੱਸਿਆ ਕਿ ਘਟਨਾ ਦੀ ਮੈਜਿਸਟਰੇਟੀ ਜਾਂਚ ਕਰਾਉਣ ਲਈ ਡੀ.ਸੀ ਨੂੰ ਲਿਖ ਦਿੱਤਾ ਗਿਆ ਹੈ, ਜਦ ਕਿ ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਜਰੂਰਤ ਨਹੀ ਹੁੰਦੀ, ਕਿਉਕਿ ਵੀਡੀਓ ਸਾਰੀ ਵਿਖਾ ਦਿੱਤੀ ਗਈ ਸੀ।14 ਸਤੰਬਰ ਨੂੰ ਜਦੋ ਡੀ. ਸੀ ਨਾਲ ਗੱਲ ਕੀਤੀ ਤਾਂ ਉਹਨਾਂ ਚਿੱਟੇ ਲਫਜਾਂ ਵਿੱਚ ਕਹਿ ਦਿੱਤਾ ਕਿ ਉਹਨਾਂ ਕੋਲ ਤਾਂ ਕੋਈ ਜਾਂਚ ਨਹੀ ਪੁੱਜੀ।
ਉਸੇ ਵੇਲੇ ਉਹਨਾਂ ਨੂੰ ਇੱਕ ਪੱਤਰ ਡੀ.ਸੀ ਦੇ ਨਾਮ ਦਿੱਤਾ ਤੇ ਇੱਕ ਮੁੱਖ ਮੰਤਰੀ ਦੇ ਨਾਮ ਦਿੱਤਾ ਗਿਆ, ਪਰ ਹਾਲੇ ਤੱਕ ਵੀ ਕੋਈ ਕਾਰਵਾਈ ਨਹੀ ਕੀਤੀ ਗਈ ਸ਼ਾਇਦ ਕੋਈ ਸਿਆਸੀ ਦਬਾਅ ਕਾਰਨ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜੇਕਰ ਸੂਬੇ ਵਿੱਚ ਪੱਤਰਕਾਰ ਸੁਰੱਖਿਅਤ ਨਹੀ ਹੈ ਤਾਂ ਫਿਰ ਆਮ ਆਦਮੀ ਕੀ ਹਾਲਤ ਹੋਵੇਗੀ, ਇਸ ਘਟਨਾ ਤੋਂ ਅੰਦਾਜਾ ਲਗਾਇਆ ਜਾ ਸਕਦਾ।ਉਹਨਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਇੰਨੀ ਹੀ ਨਿਕੰਮੀ ਹੋ ਗਈ ਹੈ ਕਿ ਖੁਦ ਪੜਤਾਲ ਨਹੀ ਕਰ ਸਕਦੀ ਤੇ ਸਰਕਾਰ ਨੇ ਕਰੀਬ ਅੱਧੀ ਦਰਜਨ ਕੇਸ ਸੀ.ਬੀ.ਆਈ ਨੂੰ ਭੇਜ ਦਿੱਤੇ ਹਨ ਤੇ ਸਾਡੀ ਸਰਕਾਰ ਅੱਗੇ ਗੁਜਾਰਿਸ਼ ਹੈ ਕਿ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਦਾ ਕੇਸ ਵੀ ਸੀ.ਬੀ.ਆਈ ਨੂੰ ਭੇਜਿਆ ਜਾਵੇ ਤਾਂ ਕਿ ਪੱਤਰਕਾਰ ਅਰਾਮ ਬੈਠ ਸਕਣ ਤੇ ਬਾਲ ਕਿਸ਼ਨ ਵਰਗੇ ਗੁੰਡੇ ਅਫਸਰ ਅਕਾਲੀ ਭਾਜਪਾ ਨੂੰ ਚੋਣ ਜਿੱਤਾ ਸਕਣ।ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਚੁੱਪ ਕਰਕੇ ਨਹੀ ਬੈਠੇਗਾ ਤੇ ਸਾਰੇ ਪੰਜਾਬ ਵਿੱਚ ਸ਼ੰਘਰਸ਼ ਵਿੱਢਣ ਦੀ ਮੁਹਿੰਮ ਅੰਮ੍ਰਿਤਸਰ ਤੋਂ 19 ਸਤੰਬਰ ਨੂੰ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਸ਼ੁਰੂ ਕੀਤੀ ਜਾਵੇਗੀ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਪੱਤਰਕਾਰ ਸ਼ਾਮਲ ਹੋਣਗੇ।ਉਹਨਾਂ ਕਿਹਾ ਕਿ ਜਿੰਨਾਂ ਚਿਰ ਮੰਗਾਂ ਮੰਨੀਆਂ ਨਹੀ ਜਾਂਦੀਆਂ ਉਨਾਂ ਚਿਰ ਸੰਘਰਸ਼ ਜਾਰੀ ਰੱਖੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media