Monday, February 23, 2026

ਨੈਤਿਕ ਤੇ ਆਰਥਿਕ ਭ੍ਰਿਸ਼ਟਾਚਾਰ ਦੇ ਬੁਰੀ ਤਰ੍ਹਾਂ ਸ਼ਿਕਾਰ ਨੇ ‘ਆਪ’ ਆਗੂ- ਹਰਸਿਮਰਤ ਬਾਦਲ

ppn1909201605

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਗਲਤਾਣ ਹਨ ਅਤੇ ਉਹ ਲੋਕਾਂ ਨੂੰ ਸਿਆਸੀ ਸਬਜ਼ਬਾਗ ਦਿਖਾ ਕੇ ਉਨ੍ਹਾਂ ਦਾ ਸ਼ੋਸਣ ਕਰ ਰਹੇ ਹਨ। ਸਥਾਨਕ ਬਚਨੀ ਦੇਵੀ ਧਰਮਸ਼ਾਲਾ ਵਿਚ ਨੰਨੀ ਛਾਂ ਮੁਹਿੰਮ ਤਹਿਤ 12 ਪਿੰਡਾਂ ਦੀਆਂ 440 ਔਰਤਾਂ/ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਤੋਂ ਪਹਿਲਾਂ ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਆਮ ਲੋਕਾਂ ਦੀ ਲੁੱਟ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਲੱਗ ਰਹੇ ਸਰੀਰਕ ਸ਼ੋਸਣ ਅਤੇ ਲੋਕਾਂ ਤੋਂ ਪੈਸੇ ਲੈਣ ਦੇ ਦੋਸ਼ਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਵਿਚ ਗਲਤਾਣ ਹਨ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕ ਇਨ੍ਹਾਂ ਨੂੰ 2017 ਵਿਚ ਸਬਕ ਸਿਖਾਉਣਗੇ।
ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੱਤਾ ਹਥਿਆਉਣ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਵਿਕਾਸ ਦੀ ਰਾਜਨੀਤੀ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਸੌੜੇ ਸੁਆਰਥਾਂ ਕਾਰਨ ਅੱਜ ਦਿੱਲੀ ਦੇ ਲੋਕ ਸੰਕਟ ਦਾ ਸਾਹਮਣਾ ਕਰਨ ਨੂੰ ਮਜ਼ਬੁਰ ਹਨ। ਪੱਤਰਕਾਰਾਂ ਵਲੋਂ ਬਠਿੰਡਾ ਏਅਰਪੋਰਟ ਦੇ ਉਦਘਾਟਨ ਸਬੰਧੀ ਪੁੱਛੇ ਜਾਣ ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਤੋਂ ਬਾਅਦ ਹੁਣ ਬਠਿੰਡਾ ਏਅਰਪੋਰਟ ਨੂੰ ਵੀ ਜਲਦ ਸ਼ੁਰੂ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਇੱਕਠ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੋਵੇਂ ਮੁੱਦਾਹੀਣ ਅਤੇ ਦਿਸ਼ਾਹੀਣ ਪਾਰਟੀਆਂ ਹਨ ਜਿਨ੍ਹਾਂ ਨੂੰ ਲੋਕ 2017 ਵਿਚ ਉਨ੍ਹਾਂ ਦਾ ਸਿਆਸੀ ਅੰਤ ਦਿਖਾ ਦੇਣਗੇ। ਸ. ਸੇਖੋਂ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਪੰਜਾਬ ਨੇ ਵਿਕਾਸ ਦੇ ਖੇਤਰ ਵਿਚ ਨਵੇਂ ਦਿਸਹਦੇ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਮੈਨੀਫੈਸਟੋ ਰਾਹੀਂ ਕੀਤੇ ਜਾ ਰਹੇ ਵਾਅਦੇ ਝੂਠ ਦੇ ਪੁਲੰਦੇ ਤੋਂ ਬਿਨ੍ਹਾਂ ਕੁਝ ਨਹੀਂ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
12 ਪਿੰਡਾਂ ਦੀਆਂ 440 ਲੜਕੀਆਂ/ਔਰਤਾਂ ਨੂੰ ਨੰਨੀ ਛਾਂ ਮੁਹਿੰਮ ਤਹਿਤ ਸਿਲਾਈ ਮਸ਼ੀਨਾਂ, ਸਰਟੀਫਿਕੇਟ ਅਤੇ ਬੂਟੇ ਵੰਡਦਿਆਂ ਕੇਂਦਰੀ ਮੰਤਰੀ ਸ਼ੀ੍ਰਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨੰਨੀ ਛਾਂ ਮੁਹਿੰਮ ਤਹਿਤ 100 ਸੈਂਟਰਾਂ ਤੋਂ 7000 ਤੋ ਵੱਧ ਲੜਕੀਆਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨੰਨੀ ਛਾਂ ਮੁਹਿੰਮ ਦਾ ਮੁੱਖ ਮੰਤਵ ਲੜਕੀਆਂ/ਔਰਤਾਂ ਨੂੰ ਆਪਣੇ ਪੈਰੀਂ ਕਰਨ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੰਦ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮੁਹਿੰਮ ਤਹਿਤ ਕਰੀਬ 22 ਲੱਖ ਬੂਟੇ ਵੰਡੇ ਜਾ ਚੁੱਕੇ ਹਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply