ਕੁਝ ਹੀ ਸਾਲਾਂ ਵਿੱਚ ਗੁਰੂ ਨਗਰੀ ਦੀ ਬਦਲ ਜਾਵੇਗੀ ਨੁਹਾਰ-ਜੋਸ਼ੀ
ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਗਰੀ ਅੰਮ੍ਰਿਤਸਰ ਨੇ ਸਮਾਰਟ ਸਿਟੀ ਦੇ ਦੂਸਰੇ ਪੜਾਅ ਦੀ ਦੌੜ ਵਿੱਚ ਬਾਜ਼ੀ ਮਾਰਦਿਆਂ ਮੁਲਕ ਦੇ 27 ਸ਼ਹਿਰਾਂ ਵਿਚੋਂ ਪਹਿਲੇ ਨੰਬਰ ‘ਤੇ ਆਇਆ ਹੈ ਜਿਸ ਨਾਲ ਇਸ ਦੇ ਸਰਵਪੱਖੀ ਵਿਕਾਸ ਦੇ ਰਸਤੇ ਖੁੱਲ੍ਹ ਗਏ ਹਨ। ਹੁਣ ਅਗਲੇ ਪੰਜ ਸਾਲਾਂ ਵਿਚ ਲਗਭਗ 4000 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਸਮਾਰਟ ਬਣਾਉਣ ਦਾ ਕੰਮ ਨਵੰਬਰ ਮਹੀਨੇ ਸ਼ੁਰੂ ਹੋ ਜਾਵੇਗਾ। ਇਸ ਯੋਜਨਾ ਤਹਿਤ ਸ਼ਹਿਰ ਨੂੰ ਕੇਂਦਰ ਸਰਕਾਰ ਵੱਲੋਂ ਪੰਜ ਸਾਲਾਂ ਵਿਚ 500 ਕਰੋੜ ਰੁਪਏ ਮਿਲਣਗੇ ਅਤੇ ਇੰਨਾ ਹੀ ਯੋਗਦਾਨ ਸੂਬਾ ਸਰਕਾਰ ਵੱਲੋਂ ਵੀ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅਮਰੁਤ, ਹਿਰਦੈ, ਸਵੱਛ ਭਾਰਤ ਮਿਸ਼ਨ, ਈ-ਗਵਰਨੈਸ, ਆਈ. ਪੀ. ਡੀ. ਐਸ ਸਮੇਤ ਹੋਰਨਾਂ ਸਕੀਮਾਂ ਤਹਿਤ ਵੀ ਫੰਡ ਜਾਰੀ ਹੋਣਗੇ। ਇਹ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਇਹ ਪਵਿੱਤਰ ਨਗਰੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸਦੇ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਵੈਂਕੱਈਆ ਨਾਇਡੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਾਫ-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲੇਗਾ। ਉਨ੍ਹਾਂ ਦੱਸਿਆ ਕਿ ਆਧੁਨਿਕ ਸੁਰੱਖਿਆ, ਪਬਲਿਕ ਟ੍ਰਾਂਸਪੋਰਟ, 24 ਘੰਟੇ ਬਿਜਲੀ ਤੇ ਵਾਟਰ ਸਪਲਾਈ, ਸੀ. ਐਨ. ਜੀ. ਗੈਸ ਸਪਲਾਈ, ਸਰਬੋਤਮ ਸਿਹਤ ਪ੍ਰਣਾਲੀ, ਪਬਲਿਕ ਟਾਇਲਟ, ਹਾਈਟੈੱਕ ਟ੍ਰੈਫਿਕ ਸਿਸਟਮ, ਚੌੜੀਆਂ ਸੜਕਾਂ, ਸਟਰਾਮ ਵਾਟਰ ਸੀਵਰੇਜ, ਅੰਡਰਗ੍ਰਾਊਂਡ ਵਾਇਰਿੰਗ, ਕੂੜੇ ਦੀ ਪੂਰਨ ਲਿਫਟਿੰਗ, ਐਲ. ਈ. ਡੀ ਸਟਰੀਟ ਲਾਈਟਾਂ ਜਿਹੇ ਪ੍ਰਾਜੈਕਟਾਂ ਨਾਲ ਸ਼ਹਿਰ ਸਮਾਰਟ ਬਣੇਗਾ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਉਹ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਸ ਸ਼ਹਿਰ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਲਈ ਵਿੱਢੇ ਗਏ ਪ੍ਰਾਜੈਕਟ ਮੁਕੰਮਲ ਹੋਣ ਕੰਢੇ ਹਨ ਅਤੇ ਹੁਣ ਸਮਾਰਟ ਸ਼ਹਿਰਾਂ ਦੀ ਕਤਾਰ ਵਿਚ ਆਉਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ, ਜਿਥੇ ਕਿ ਰੋਜ਼ਾਨਾ ਲੱਖਾਂ ਸੈਲਾਨੀ ਤੇ ਸ਼ਰਧਾਲੂ ਆਉਂਦੇ ਹਨ, ਦੀ ਇਸ ਪ੍ਰਾਜੈਕਟ ਨਾਲ ਕੁਝ ਹੀ ਸਾਲਾਂ ਵਿਚ ਨੁਹਾਰ ਬਦਲ ਜਾਵੇਗੀ।
ਸ੍ਰੀ ਜੋਸ਼ੀ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਇਸ ਸ਼ਹਿਰ ਨੂੰ ਇਸ ਸੂਚੀ ਵਿਚ ਲਿਆਉਣ ਲਈ ਜਿਥੇ ਨਗਰ ਨਿਗਮ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ, ਉਥੇ ਸ਼ਹਿਰ ਵਾਸੀਆਂ ਵੱਲੋਂ ਇਸ ਲਈ ਦਿੱਤੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਕਿਸੇ ਕਾਰਨ ਇਕ ਅੰਕ ਤੋਂ ਵੀ ਘੱਟ ਦੇ ਫਰਕ ਨਾਲ ਪਹਿਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਤੋਂ ਖੁੰਝ ਗਿਆ ਸੀ ਅਤੇ ਇਸ ਨੂੰ ਸੂਚੀ ਵਿਚ 25ਵਾਂ ਸਥਾਨ ਹਾਸਲ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਨਿਗਮ ਨੇ ਅਗਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਦਾ ਤਹੱਈਆ ਕੀਤਾ ਹੋਇਆ ਸੀ ਅਤੇ ਉਸ ਨੇ ਇਹ ਮੁਕਾਮ ਹਾਸਲ ਕਰ ਲਿਆ ਜਿਸ ਲਈ ਨਗਰ ਨਿਗਮ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਜ਼ਿਕਰਯੋਗ ਹੈ ਕਿ ਦੂਜੇ ਪੜਾਅ ਵਿਚ ਜਲੰਧਰ ਨੂੰ 19ਵਾਂ ਸਥਾਨ ਮਿਲਿਆ ਹੈ ਜਦਕਿ ਲੁਧਿਆਣਾ ਪਹਿਲੇ ਪੜਾਅ ਵਿਚ ਹੀ ਚੁਣਿਆ ਜਾ ਚੁੱਕਾ ਹੈ। ਇਸ ਤਰ੍ਹਾਂ ਹੁਣ ਪੰਜਾਬ ਦੇ ਤਿੰਨ ਸ਼ਹਿਰ ਇਸ ਯੋਜਨਾ ਲਈ ਚੁਣੇ ਜਾ ਚੁੱਕੇ ਹਨ।
Punjab Post Daily Online Newspaper & Print Media
