25 ਸਤੰਬਰ ਨੂੰ ਦੋ ਸ਼ਿਫਟਾਂ ਵਿਚ ਹੋਵੇਗੀ ਪ੍ਰੀਖਿਆ
ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ)- ਪਹਿਲੀ ਤੋਂ ਅੱਠਵੀਂ ਤੱਕ ਅਧਿਆਪਕ ਬਣਨ ਦੇ ਯੋਗ ਹੋਣ ਲਈ ਡਾਇਰੈਕਟਰ ਐਸ. ਸੀ. ਈ. ਆਰ. ਟੀ ਪੰਜਾਬ ਵੱਲੋਂ 25 ਸਤੰਬਰ 2016 ਨੂੰ ਕਰਵਾਈ ਜਾ ਰਹੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਅੰਮ੍ਰਿਤਸਰ ਸ਼ਹਿਰ ਵਿਚ 16 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2.30 ਵਜੇ ਤੋਂ 5 ਵਜੇ ਤੱਕ ਦੋ ਸ਼ਿਫਟਾਂ ਵਿਚ ਹੋਵੇਗਾ। ਇਸ ਸਬੰਧੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ, ਅੰਮ੍ਰਿਤਸਰ ਵਿਖੇ ਵੀਡੀਓ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਸਿੱਖਿਆ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿਚ ਅਪੀਅਰ ਹੋ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ ਕਰਨ ਤੋਂ ਇਲਾਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਵਿਖੇ ਪ੍ਰੀਖਿਆ ਕੰਟਰੋਲ ਰੂਮ (ਨੋਡਲ ਸੈਂਟਰ) ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨੰਬਰ 0183-2220682 ਹੈ। ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰ ਬੀਰ ਸਿੰਘ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ 24 ਸਤੰਬਰ 2016 ਤੋਂ 25 ਸਤੰਬਰ 2016 ਤੱਕ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਕਰਮਚਾਰੀ ਉਪਲਬੱਧ ਰਹੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ੳਮੀਦਵਾਰ ਆਪਣੇ ਐਡਮਿਟ ਕਾਰਡ ਧਿਆਨ ਨਾਲ ਚੈੱਕ ਕਰੇ ਅਤੇ ਕਿਸੇ ਗ਼ਲਤੀ ਹੋਣ ਦੀ ਸੂਰਤ ਵਿਚ ਐਸ. ਸੀ. ਈ. ਆਰ ਟੀ ਹੈਲਪ ਲਾਈਨ ਨੰਬਰ 91-7065585224, 7065585225, 7065585226, 9988822575, 7340825677, 7696110968, 7340823677, 9023902903 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਹੈਲਪ ਡੈਸਕ ਸੈਂਟਰ ਬਲਾਕ-ਈ, ਦੂਜੀ ਮੰਜ਼ਿਲ, ਪੀ. ਐਸ. ਈ. ਬੀ ਕੰਪਲੈਕਸ, ਮੁਹਾਲੀ ਵਿਖੇ 22.9.2016 ਤੱਕ ਸ਼ਾਮ 5 ਵਜੇ ਤੋਂ ਪਹਿਲਾਂ ਖ਼ੁਦ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਦੇ ਐਡਮਿਟ ਕਾਰਡ ਦੇ ਉੱਪਰ ਸਕੈਨਡ ਫੋਟੋ ਨਹੀਂ ਹੋਵੇਗੀ ਜਾਂ ਫੋਟੋ ਪਹਿਚਾਣ ਯੋਗ ਨਹੀਂ ਹੋਵੇਗੀ ਤਾਂ ਉਸ ਹਾਲਤ ਵਿਚ ਉਮੀਦਵਾਰ ਨੂੰ ਪੇਪਰ ਵਿਚ ਬੈਠਣ ਨਹੀਂ ਦਿੱਤਾ ਜਾਵੇਗਾ। ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਲਈ ਆਪਣਾ ਸਕੈਨਡ ਫੋਟੋ ਅਤੇ ਦਸਤਖ਼ਤ ਸਹਿਤ ਐਡਮਿਟ ਕਾਰਡ ਅਤੇ ਫੋਟੋ ਆਈ ਕਾਰਡ (ਆਧਾਰ ਕਾਰਡ/ਡਰਾਈਵਿੰਗ ਲਾਇਸੰਸ/ਵੋਟਰ ਆਈ ਕਾਰਡ/ਪਾਸਪੋਰਟ) ਦਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਪੈਨ, ਪੈਨਸਿਲ, ਰਬੜ ਜਾਂ ਕੁਰੈਕਸ਼ਨ ਫਲਿਊਡ ਨਹੀਂ ਲਿਜਾ ਸਕਦਾ ਅਤੇ ਪ੍ਰੀਖਿਆ ਕੇਂਦਰ ਵਿਚ ਓ. ਐਮ. ਆਰ ਸ਼ੀਟ ਉੱਪਰ ਲਿਖਣ ਜਾਂ ਸਰਕਲ ਨੂੰ ਡਾਰਕ ਕਰਨ ਲਈ ਉਮੀਦਵਾਰ ਨੂੰ ਪੈਨ ਪ੍ਰੀਖਿਆ ਕੇਂਦਰ ‘ਤੇ ਹੀ ਉਪਲਬੱਧ ਕਰਵਾਏ ਜਾਣਗੇ। ਇਸੇ ਤਰ੍ਹਾਂ ਪ੍ਰੀਖਿਆ ਦੌਰਾਨ ਉਮੀਦਵਾਰ ਨੂੰ ਅਟੈਂਡੈਂਸ ਸ਼ੀਟ ਉੱਪਰ ਨਿਰਧਾਰਤ ਸਥਾਨ ‘ਤੇ ਆਪਣੇ ਹਸਤਾਖ਼ਰ ਕਰਨੇ ਅਤੇ ਅੰਗੂਠੇ ਦਾ ਨਿਸ਼ਾਨ ਲਗਾਉਣਾ ਜ਼ਰੂਰੀ ਹੈ ਜਿਸ ਦਾ ਮਿਲਾਨ ਬਾਅਦ ਵਿਚ ਸਰਟੀਫਿਕੇਟ ਜਾਰੀ ਹੋਣ ਸਮੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਪੇਪਰ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਨ ਪੱਤਰ ਪੁਸਤਿਕਾ ਅਤੇ ਓ. ਐਮ. ਆਰ ਸ਼ੀਟ ਦੀ ਆਖਰੀ ਕਾਰਬਨ ਕਾਪੀ ਆਪਣੇ ਨਾਲ ਲੈ ਕੇ ਜਾਵੇ। ਪ੍ਰੀਖਿਆ ਤੋਂ ਬਾਅਦ ਇਸ ਸਬੰਧੀ ਕੋਈ ਕਲੇਮ ਸਵੀਕਾਰ ਨਹੀਂ ਕੀਤਾ ਜਾਵੇਗਾ। ਡਿਫਰੈਂਟਲੀ ਏਬਲਡ (ਅੱਖਾਂ ਤੋਂ ਜਾਂ ਦੋਵੇਂ ਹੱਥਾਂ ਤੋਂ) ਉਮੀਦਵਾਰਾਂ ਨੂੰ ਆਪਣੇ ਨੂੰ ਆਪਣੇ ਨਾਲ ਇਕ ਰਾਈਟਰ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹੀ ਹਾਲਤ ਵਿਚ ਉਸ ਉਮੀਦਵਾਰ ਨੂੰ ਆਪਣੀ ਡਿਫਰੈਂਟਲੀ ਏਬਲਡ ਹੋਣ ਦਾ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ। ਉਸ ਨੂੰ ਰਾਇਟਰ ਦਾ ਐਡਮਿਟ ਕਾਰਡ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਲੈ ਕੇ ਆਉਣਾ ਜ਼ਰੂਰੀ ਹੋਵੇਗਾ ਅਤੇ ਉਹ ਆਪਣੇ ਰਾਈਟਰ ਦੇ ਸਰਟੀਫਿਕੇਟ ਵੀ ਨਿਗਰਾਨ ਨੂੰ ਚੈੱਕ ਕਰਵਾਏਗਾ। ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰ ਦੇ ਪ੍ਰਸ਼ਨ ਪੱਤਰ ਪੁਸਤਿਕਾ ਵਿਚ ਕੋਈ ਮਿਸਪ੍ਰਿੰਟ ਹੈ ਜਾਂ ਪ੍ਰਸ਼ਨ 1 ਤੋਂ 150 ਤੱਕ ਸੀਰੀਅਲ ਨੰਬਰ ਵਿਚ ਨਹੀਂ ਹਨ ਤਾਂ ਤੁਰੰਤ ਨਿਗਰਾਨ ਨੂੰ ਕਹਿ ਕੇ ਉਸੇ ਸੈੱਟ ਦੀ ਹੋਰ ਪ੍ਰਸ਼ਨ ਪੁਸਤਿਕਾ ਲਈ ਜਾ ਸਕਦੀ ਹੈ। ਬਾਅਦ ਵਿਚ ਇਸ ਪ੍ਰਤੀ ਕੋਈ ਕਲੇਮ ਮੰਨਣਯੋਗ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਗ਼ਲਤ ਉੱਤਰ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਹਰੇਕ ਠੀਕ ਉੱਤਰ ਲਈ ਇਕ ਨੰਬਰ ਦਿੱਤਾ ਜਾਵੇਗਾ। ਜੇਕਰ ਉਮੀਦਵਾਰ ਨੇ ਕੋਈ ਉੱਤਰ ਹੱਲ ਨਹੀਂ ਕੀਤਾ ਤਾਂ ਉਸ ਦਾ ਵੀ ਕੋਈ ਨੰਬਰ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਅਤੇ ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਕਿਸੇ ਵਿਅਕਤੀ ਜਾਂ ਏਜੰਟ ਦੇ ਝਾਂਸੇ ਵਿਚ ਨਾ ਆਇਆ ਜਾਵੇ ਅਤੇ ਜੇਕਰ ਕੋਈ ਵਿਅਕਤੀ ਪ੍ਰੀਖਿਆ ਸਬੰਧੀ ਕੋਈ ਲੈਣ-ਦੇਣ ਕਰਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਖਿਆ ਕੇਂਦਰਾਂ ‘ਤੇ ਕਾਰਾਂ ਦੀ ਬਜਾਏ ਪੈਦਲ ਜਾਂ ਦੁਪਹੀਆ ਵਾਹਨਾਂ ਦੀ ਵਰਤੋਂ ਕਰਕੇ ਪਹੁੰਚਣ ਤਾਂ ਜੋ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ।
Punjab Post Daily Online Newspaper & Print Media