ਪੰਜਾਬੀ ਸਾਹਿਤ ਸਭਾ ਵੱਲੋਂ ਨੈਸ਼ਨਲ ਐਵਾਰਡੀ ਹੈੱਡਮਾਸਟਰ ਮੇਘ ਦਾਸ ਜਵੰਦਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਸਮਰਾਲਾ, 22 ਸਤੰਬਰ (ਪ.ਪ.)- ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹੈੱਡ ਮਾਸਟਰ ਮੇਘ ਦਾਸ ਜਵੰਦਾ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ‘ਅਧਿਆਪਕ ਦਿਵਸ’ ਮੌਕੇ ਨੈਸ਼ਨਲ ਐਵਾਰਡ ਮਿਲਣ ‘ਤੇ ਵਧਾਈ ਦਿੱਤੀ ਗਈ ਤੇ ਸਮੁੱਚੀ ਸਭਾ ਵੱਲੋਂ ਇੱਕ ਲੋਈ ਅਤੇ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰੋ. ਬਲਦੀਪ ਸਿੰਘ, ਜੋਗਿੰਦਰ ਸਿੰਘ ਜੋਸ਼, ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਅਤੇ ਕਹਾਣੀਕਾਰ ਸੁਖਜੀਤ ਨੇ ਉਨ੍ਹਾਂ ਦੀ ਵਿੱਦਿਆ ਪ੍ਰਤੀ ਦੇਣ ਦਾ ਜ਼ਿਕਰ ਕੀਤਾ, ਉਨ੍ਹਾਂ ਨੂੰ ਪ੍ਰਤੀਬੱਧ ਅਧਿਆਪਕ ਤੇ ਲੇਖਕ ਆਖ ਕੇ ਵਡਿਆਈ ਦਿੱਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਸਮੁੱਚੇ ਇਲਾਕੇ ਭਰ ਦੇ ਵਧੇ ਮਾਣ ਦੀ ਚਰਚਾ ਕੀਤੀ। ਇਸ ਮੌਕੇ ਹੈੱਡਮਾਸਟਰ ਮੇਘ ਦਾਸ ਜਵੰਦਾ ਨੇ ਆਪਣੇ ਪਿੰਡ ਨਾਨੋਵਾਲ ਦੀਆਂ ਗਲੀਆਂ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਪੁੱਜਣ ਦਾ ਸੰਖੇਪ ਵਰਨਣ ਕੀਤਾ ਅਤੇ ਕਿਹਾ ਉਨ੍ਹਾਂ ਇਹ ਸਭ ਕੁਝ ਸਾਰਿਆਂ ਦੇ ਸਹਿਯੋਗ ਨਾਲ ਹਾਸਲ ਕੀਤਾ ਹੈ। ਉਨ੍ਹਾਂ ਸਭਾ ਦਾ ਧੰਨਵਾਦ ਕਰਦਿਆਂ ਸਭਾ ਨੂੰ 3100/- ਰੁਪਏ ਮਾਲੀ ਮੱਦਦ ਵੀ ਦਿੱਤੀ।
ਸਨਮਾਨ ਕਰਨ ਉਪਰੰਤ ਸਭਾ ਨੇ ਵਿਦਵਾਨ ਡਾ. ਜਗਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਰਚਨਾਵਾਂ ਦਾ ਦੌਰ ਹਰਬੰਸ ਸਿੰਘ ਸ਼ਾਨ ਦੀ ਕਵਿਤਾ ਜੋ ਅੱਜ ਦੇ ਵਰਤਾਰੇ ਤੇ ਜਬਰਦਸਤ ਚੋਟ ਕਰਦੀ ਸੀ ਨਾਲ ਕੀਤਾ ਗਿਆ। ਇਸ ਉਪਰੰਤ ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਕਵਿਤਾ, ਭੁਪਿੰਦਰ ਸਿੰਘ ਸ੍ਰੀ ਭੈਣੀ ਸਾਹਿਬ ਨੇ ਕਵਿਤਾ ਪੇਸ਼ ਕੀਤੀ, ਸੁਖਜੀਵਨ ਰਾਮਪੁਰੀ ਨੇ ਕਵਿਤਾ ‘ਕੌਣ ਕਿਸੇ ਦੀ ਸੁਣਦਾ’ ਪੜ੍ਹੀ, ਹਰਬੰਸ ਸਿੰਘ ਰਾਏ ਨੇ ਬੱਚਿਆਂ ਬਾਰੇ ਗੀਤ, ਲਾਭ ਸਿੰਘ ਬੇਗੋਵਾਲ ਨੇ ਗੀਤ, ਕੇਵਲ ਸਿੰਘ ਮੰਜਾਲੀ ਨੇ ਗੀਤ, ਬਲਬੀਰ ਸਿੰਘ ਬੱਬੀ ਨੇ ਗੀਤ, ਪਰਮਜੀਤ ਭੈਣੀ ਨੇ ਲੋਕ ਕਥਾ ਦਾ ਕਾਵਿ ਰੂਪ ਤੇ ਦੀਪ ਦਿਲਬਰ ਨੇ ਗੀਤ ਪੇਸ਼ ਕੀਤਾ, ਜਿਨ੍ਹਾਂ ਉੱਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਅਤੇ ਬੱਚਿਆਂ ਦੇ ਗਾਇਕ ਕਮਲਜੀਤ ਨੀਲੋਂ ਨੇ ਬਾਲ ਕਹਾਣੀ ਪੇਸ਼ ਕਰਕੇ ਬਾਲ ਕਥਾ ਸਾਹਿਤ ਵਿਚ ਪ੍ਰਵੇਸ਼ ਕੀਤਾ, ਬਾਲ ਕਹਾਣੀ ਨੂੰ ਭਰਪੂਰ ਸਰਾਹਨਾ ਮਿਲੀ। ਜਗਦੀਸ਼ ਨੀਲੋਂ ਨੇ ਕਹਾਣੀ ‘ਸਮਝੌਤਾ’ ਪੜ੍ਹੀ ਦੋਨਾਂ ਕਹਾਣੀਆਂ ਉੱਤੇ ਲੰਬੀ ਚਰਚਾ ਹੋਈ। ਚਰਚਾ ਵਿਚ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਗੁਰਪਾਲ ਲਿੱਟ, ਕਹਾਣੀਕਾਰ ਸੁਖਜੀਤ, ਸੰਦੀਪ ਤਿਵਾੜੀ ਨੇ ਹੋਰ ਲੇਖਕਾਂ ਨੇ ਭਾਗ ਲਿਆ। ਇਸ ਮਾਸਿਕ ਇਕੱਤਰਤਾ ਵਿਚ 35 ਦੇ ਕਰੀਬ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਿਮਰਜੀਤ ਸਿੰਘ ਕੰਗ, ਕਹਾਣੀਕਾਰ ਨੇਤਰ ਸਿੰਘ ਮੁੱਤੋਂ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਜਸਵੀਰ ਸਮਰਾਲਾ, ਮਿਲਨ ਸ਼ਰਮਾ, ਦਿਲਪ੍ਰੀਤ ਕੌਰ ਵੀ ਸ਼ਾਮਲ ਹੋਏ। ਸਭਾ ਦੀ ਕਾਰਵਾਈ ਸਕੱਤਰ ਦੀਪ ਦਿਲਬਰ ਤੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਚਲਾਈ ਗਈ।
Punjab Post Daily Online Newspaper & Print Media
