
ਨਵੀਂ ਦਿੱਲੀ, 21 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮੰਨਾਉਣ ਲਈ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਐਤਵਾਰ 25 ਸਤੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਸਮਾਗਮ ਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਤਵਿੰਦਰ ਸਿੰਘ ਸਰਤਾਜ ਦਾ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਗੁਰ ਸ਼ਬਦ ਦੀ ਕੱਥਾ ਅਤੇ ਵਿਆਖਿਆ ਰਾਹੀਂ ਗੁਰੂ ਸਾਹਿਬ ਦੇ ਜੀਵਨ, ਦਿੱਲੀ ਫੇਰੀ ਅਤੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਲਖਬੀਰ ਸਿੰਘ ਤੇ ਭਾਈ ਦਰਸ਼ਨ ਸਿੰਘ ਨਿਰਮਲ, ਭਾਈ ਸੁਰਿੰਦਰ ਸਿੰਘ (ਪਟੇਲ ਨਗਰ), ਭਾਈ ਦਵਿੰਦਰ ਸਿੰਘ (ਏਐਸਆਈ), ਭਾਈ ਮਨਪ੍ਰੀਤ ਸਿੰਘ (ਕਾਨਪੁਰੀ), ਇਸਤ੍ਰੀ ਸਤਿਸੰਗ ਸਭਾ, ਭਾਈ ਅਜੀਤ ਸਿੰਘ ਕੁਲਬੀਰ ਸਿੰਘ, ਭਾਈ ਭੂਪਿੰਦਰ ਸਿੰਘ ਅਨੰਦ ਤੇ ਭਾਈ ਕੁਲਵੰਤ ਸਿੰਘ ਪ੍ਰਭਾਤ (ਗੁ. ਸਸਿਗੰਜ ਸਾਹਿਬ), ਭਾਈ ਤੇਜਿੰਦਰ ਸਿੰਘ (ਖੰਨਾ) ਅਤੇ ਭਾਈ ਉਂਕਾਰ ਸਿੰਘ (ਊਨਾ) ਦੇ ਕੀਰਤਨੀ ਜੱਥੇ ਗਰਬਾਣੀ ਦੇ ਰਸ-ਭਿੰਨੇ ਕੀਰਤਨ ਰਾਹੀਂ ਅਤੇ ਗੁ. ਸੀਸਗੰਜ ਸਾਹਿਬ ਦੇ ਢਾਡੀ ਭਾਈ ਅਮਰਿੰਦਰ ਸਿੰਘ ਤਾਲਬ ਢਾਡੀ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸ. ਰਾਣਾ ਨੇ ਦਸਿਆ ਕਿ ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਵਾ ਗੁਰੂ ਚਰਨਾਂ ਨਾਲ ਜੋੜਨਗੇ ਤੇ ਇਸ ਮੌਕੇ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਆਪਣੀਆਂ ਸਜਰੀਆਂ ਰਚਨਾਵਾਂ ਪੇਸ਼ ਕਰ ਗੁਰੂ ਸਹਿਬ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨਗੇ। ਦੁਪਹਿਰ ਬਾਅਦ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰ, ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
Punjab Post Daily Online Newspaper & Print Media