ਅਗਲੇ ਹਫ਼ਤੇ ਹੋਵੇਗਾ ਰਾਜ ਪੱਧਰੀ ਬਾਡੀ ‘ਸਪੈਸ਼ਲ ਪਰਪਜ਼ ਵਹੀਕਲ ਦਾ ਗਠਨ

ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ)- ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਹੋਣ ਨਾਲ ਦੁਨੀਆ ਭਰ ਵਿਚ ਪਹਿਲਾਂ ਤੋਂ ਹੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦੀ ਗੁਰੂ ਨਗਰੀ ਨੂੰ ਇਕ ਸਟਾਰ ਹੋਰ ਲੱਗ ਗਿਆ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਨੇ ਅੱਜ ਸਥਾਨਕ ਐਮ. ਕੇ ਹੋਟਲ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਅੰਮ੍ਰਿਤਸਰ ਨੇ ਇਹ ਮੁਕਾਮ ਹਾਸਲ ਕੀਤਾ ਹੈ ਜਿਸ ਨਾਲ ਇਸ ਦੇ ਸਰਵਪੱਖੀ ਵਿਕਾਸ ਦੇ ਰਸਤੇ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਦੇ ਦੂਸਰੇ ਗੇੜ ਦੀ ਦੌੜ ਵਿੱਚ ਬਾਜ਼ੀ ਮਾਰਦਿਆਂ ਮੁਲਕ ਦੇ 27 ਸ਼ਹਿਰਾਂ ਵਿਚੋਂ ਪਹਿਲੇ ਨੰਬਰ ‘ਤੇ ਆਇਆ ਹੈ ਜਿਸ ਨਾਲ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੁਣ ਅਗਲੇ ਪੰਜ ਸਾਲਾਂ ਵਿਚ ਲਗਭਗ 3500 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਸਮਾਰਟ ਬਣਾਉਣ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪੰਜ ਸਾਲਾਂ ਵਿਚ 1000 ਕਰੋੜ ਰੁਪਏ ਮਿਲਣਗੇ।
ਉਨ੍ਹਾਂ ਦੱਸਿਆ ਕਿ ਹੁਣ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਕ ਰਾਜ ਪੱਧਰੀ ਬਾਡੀ ‘ਸਪੈਸ਼ਲ ਪਰਪਜ਼ ਵਹੀਕਲ’ ਬਣੇਗੀ, ਜਿਸ ਦੇ ਸੀ. ਈ. ਓ ਕਮਿਸ਼ਨਰ ਨਗਰ ਨਿਗਮ ਹੋਣਗੇ ਅਤੇ ਇਨ੍ਹਾਂ ਦੇ ਅਧੀਨ ਮਿੰਨੀ ਬਾਡੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਬਾਡੀ ਦੇ ਗਠਨ ਦੀ ਪ੍ਰਕਿਰਿਆ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਾਫ-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲੇਗਾ। ਉਨ੍ਹਾਂ ਦੱਸਿਆ ਕਿ ਆਧੁਨਿਕ ਸੁਰੱਖਿਆ, ਪਬਲਿਕ ਟ੍ਰਾਂਸਪੋਰਟ, 24 ਘੰਟੇ ਬਿਜਲੀ ਤੇ ਵਾਟਰ ਸਪਲਾਈ, ਸੀ. ਐਨ. ਜੀ. ਗੈਸ ਸਪਲਾਈ, ਸਰਬੋਤਮ ਸਿਹਤ ਪ੍ਰਣਾਲੀ, ਪਬਲਿਕ ਟਾਇਲਟ, ਹਾਈਟੈੱਕ ਟ੍ਰੈਫਿਕ ਸਿਸਟਮ, ਚੌੜੀਆਂ ਸੜਕਾਂ, ਸਟਰਾਮ ਵਾਟਰ ਸੀਵਰੇਜ, ਅੰਡਰਗ੍ਰਾਊਂਡ ਵਾਇਰਿੰਗ, ਕੂੜੇ ਦੀ ਪੂਰਨ ਲਿਫਟਿੰਗ, ਐਲ. ਈ. ਡੀ ਸਟਰੀਟ ਲਾਈਟਾਂ ਜਿਹੇ ਪ੍ਰਾਜੈਕਟਾਂ ਨਾਲ ਸ਼ਹਿਰ ਸਮਾਰਟ ਬਣੇਗਾ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਉਹ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਸ ਸ਼ਹਿਰ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਲਈ ਵਿੱਢੇ ਗਏ ਪ੍ਰਾਜੈਕਟ ਮੁਕੰਮਲ ਹੋਣ ਕੰਢੇ ਹਨ ਅਤੇ ਹੁਣ ਸਮਾਰਟ ਸ਼ਹਿਰਾਂ ਦੀ ਕਤਾਰ ਵਿਚ ਆਉਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਈ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਇਸ ਸੂਚੀ ਵਿਚ ਲਿਆਉਣ ਲਈ ਜਿਥੇ ਨਗਰ ਨਿਗਮ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ, ਉਥੇ ਸ਼ਹਿਰ ਵਾਸੀਆਂ ਵੱਲੋਂ ਇਸ ਲਈ ਦਿੱਤੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਕਿਸੇ ਕਾਰਨ ਇਕ ਅੰਕ ਤੋਂ ਵੀ ਘੱਟ ਦੇ ਫਰਕ ਨਾਲ ਪਹਿਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਤੋਂ ਖੁੰਝ ਗਿਆ ਸੀ ਅਤੇ ਇਸ ਨੂੰ ਸੂਚੀ ਵਿਚ 25ਵਾਂ ਸਥਾਨ ਹਾਸਲ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਨਿਗਮ ਨੇ ਅਗਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਦਾ ਤਹੱਈਆ ਕੀਤਾ ਹੋਇਆ ਸੀ ਅਤੇ ਉਸ ਨੇ ਇਹ ਮੁਕਾਮ ਹਾਸਲ ਕਰ ਲਿਆ ਜਿਸ ਲਈ ਨਗਰ ਨਿਗਮ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਜ਼ਿਕਰਯੋਗ ਹੈ ਕਿ ਦੂਜੇ ਪੜਾਅ ਵਿਚ ਜਲੰਧਰ ਨੂੰ 19ਵਾਂ ਸਥਾਨ ਮਿਲਿਆ ਹੈ ਜਦਕਿ ਲੁਧਿਆਣਾ ਪਹਿਲੇ ਪੜਾਅ ਵਿਚ ਹੀ ਚੁਣਿਆ ਜਾ ਚੁੱਕਾ ਹੈ। ਇਸ ਤਰ੍ਹਾਂ ਹੁਣ ਪੰਜਾਬ ਦੇ ਤਿੰਨ ਸ਼ਹਿਰ ਇਸ ਯੋਜਨਾ ਲਈ ਚੁਣੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਪੀ ਐਮ ਆਈ ਡੀ ਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਜੇ. ਐਮ ਬਾਲਾਮੁਰੂਗਨ, ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media