ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਵਿਰੁੱਧ ਜਥੇਬੰਦਕ ਸਰੂਪ ਨੂੰ ਮਜ਼ਬੂਤ ਕਰਨ ਲਈ ਅਤੇ ਸਾਜ਼ਗਾਰ ਭਵਿਖ ਸਿਰਜਣ ਲਈ 1 ਅਕਤੂਬਰ 1873 ਨੂੰ ਸਿੰਘ ਸਭਾ ਦੀ ਹੋਈ ਸਥਾਪਨਾ ਦੇ ਸਬੰਧ ਵਿਚ ਇਸ ਵਾਰ ਦਾ ਸੰਮੇਲਨ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ 1 ਅਕਤੂਬਰ ਨੂੰ ਹੋਵੇਗਾ।ਜਿਸ ਵਿਚ ਸਿੰਘ ਸਭਾ ਲਹਿਰ ਦੇ ਮੋਢੀਆਂ ਦੀ ਮਹਾਨ ਘਾਲਣਾ ਨੂੰ ਵਿਚਾਰਿਆ ਜਾਵੇਗਾ ਅਤੇ ਵਰਤਮਾਨ ਅੰਦਰ ਪੰਥ ਦੇ ਸਨਮੁੱਖ ਸਮੱਸਿਆਵਾਂ ਦੇ ਹੱਲ ਨੂੰ ਤਲਾਸ਼ਿਆ ਜਾਵੇਗਾ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਹ ਸੰਮੇਲਨ ਅਕਤੂਬਰ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਗਟਾਵਾ ਕਰਦਿਆਂ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਦੋ ਸਿੱਖਾਂ ਨੂੰ ਸਮਰਪਿਤ ਹੋਵੇਗਾ।ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਆਨ-ਸ਼ਾਨ ਲਈ ਸੰਗਤਾਂ ਵਲੋਂ ਨਿਭਾਈ ਭੂਮਿਕਾ ਨੂੰ ਸਤਿਕਾਰ ਭੇਟ ਕਰੇਗਾ।ਇਸ ਮੌਕੇ ਪ੍ਰਸਿੱਧ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਅਤੇ ਸਾਬਕਾ ਪੱਤਰਕਾਰ ਯੂ.ਐਨ.ਆਈ ਸਰਦਾਰ ਜਸਪਾਲ ਸਿੰਘ ਤੋਂ ਇਲਾਵਾ ਪ੍ਰਮੁੱਖ ਬੁਲਾਰੇ, ਲੇਖਕ ਤੇ ਕੌਮੀ ਜਥੇਬੰਦੀਆਂ ਦੇ ਪ੍ਰਤੀਨਿਧ ਵੀਚਾਰਾਂ ਦੀ ਸਾਂਝ ਪਾਉਣਗੇ। ਸੰਗਠਨ ਨੇ ਅਪੀਲ ਕੀਤੀ ਕਿ ਸਿੰਘ ਸਭਾ ਲਹਿਰ ਇਕਸੁਰਤਾ ਤੇ ਇਕਸਾਰਤਾ ਦਾ ਸੂਤਰਧਾਰ ਹੈ, ਜਿਸ ਲਈ ਦੇਸ਼ਵਿਦੇਸ਼ ਭਰ ਦੀਆਂ ਸਿੰਘ ਸਭਾਵਾਂ ਤੇ ਜਥੇਬੰਦੀਆਂ ਸਵੈ-ਮੰਥਨ ਲਈ ਹਾਜ਼ਰੀਆਂ ਭਰ ਕੇ ਤਤਪਰ ਹੋਣ ਦਾ ਫਰਜ਼ ਨਿਭਾਉਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media