ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਅਤੇ ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਵੱਲੋਂ ਸਥਾਨਕ ਲੇਖਕਾਂ ਅਤੇ ਪਾਠਕਾਂ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰੀ ਦੀ ਚਰਚਿਤ ਸਖ਼ਸ਼ੀਅਤ ਪ੍ਰੋ. ਤਰਸੇਮ ਨਰੂਲਾ (ਜੈਤੋ) ਨਾਲ ਰੂ-ਬ-ਰੂ ਸਮਗਾਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਪ੍ਰੋ. ਤਰਸੇਮ ਨਰੂਲਾ ਜੀ ਸਮੇਤ ਪ੍ਰਧਾਨਗੀ ਮੰਡਲ ਨੂੰ ਮੰਚ ਤੇ ਸ਼ਸ਼ੋਭਿਤ ਕਰਨ ਉਪਰੰਤ ਹਾਜ਼ਰ ਸਰੋਤਿਆਂ ਨਾਲ ਉਨ੍ਹਾਂ ਦਾ ਤੁਆਰਫ਼ ਕਰਵਾਇਆ, ਮੌਜੂਦ ਲੇਖਕਾਂ/ਪਾਠਕਾਂ ਨੂੰ ਜੀ ਆਇਆ ਆਖਿਆ ਅਤੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਇਸ ਉਪਰੰਤ ਸੁਰਜੀਤ ਸਿੰਘ ਨੇ ਪ੍ਰੋ. ਨਰੂਲਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੇ ਨਿੱਘੇ ਸੰਬੰਧਾਂ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਹਾਰਦਿਕ ਜੀ ਆਇਆ ਆਖਿਆ ਅਤੇ ਪ੍ਰੋ. ਨਰੂਲਾ ਦੀ ਪੁਸਤਕ ‘ਸਿਆਣਪੀ ਹਾਸੇ’ ਤੇ ਆਧਾਰਿਤ ਮਹੱਤਵਪੂਨ ਨੁਕਤੇ ਸਾਂਝੇ ਕੀਤੇ। ਪ੍ਰੋ. ਬਲਦੀਪ ਸਿੰਘ ਨੇ ਪ੍ਰੋ. ਨੂਰਲਾ ਦੇ ਜੀਵਨ, ਪਰਿਵਾਰਕ ਤਸਵੀਰ ਅਤੇ ਰਚਨਾ ਸੰਸਾਰ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਪ੍ਰੋ. ਨਰੂਲਾ ਦੀਆਂ ਗ਼ਜ਼ਲਾਂ ਅਤੇ ਕਾਫ਼ੀਆਂ ਦੇ ਵਿਚਾਰਧਾਰਕ ਅਤੇ ਰੂਪਕ ਪੱਖ ਦੀ ਭਰਪੂਰ ਪ੍ਰਸੰਸਾ ਕੀਤੀ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਆਖਿਆ ਕਿ ਪ੍ਰੋ. ਨਰੂਲਾ ਨੇ ਮੱਧਕਾਲ ਦੇ ਪੰਜਾਬੀ ਕਾਵਿ ਦੀ ਮਕਬੂਲ ਤੇ ਅਮੀਰ ਵੰਨਗੀ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਨਿਰੋਲ ਕਾਫ਼ੀਆਂ ਦੀ ਪੁਸਤਕ ਸਿਰਜ ਕੇ ਇਕ ਇਤਿਹਾਸਕ ਕਾਰਜ ਨੇਪਰੇ ਚਾੜ੍ਹਿਆ ਹੈ ਅਤੇ ਵੰਨ ਸੁਵੰਨੇ ਅਨੁਭਵਾਂ ਨਾਲ ਭਰਪੂਰ ਕਾਫ਼ੀਆਂ ਦਾ ਅਸੀਂ ਪੁਰਜ਼ੋਰ ਸਵਾਗਤ ਕਰਦੇ ਹਾਂ। ਭਾਸ਼ਾ ਵਿਭਾਗ ਪੰਜਾਬ ਦੀ ਸਾਬਕਾ ਡਾਇਰੈਕਟਰ ਸ੍ਰੀਮਤੀ ਬਲਵੀਰ ਕੌਰ ਨੇ ਪ੍ਰੋ. ਨਰੂਲਾ ਦੇ ਰਚਨਾ ਸੰਸਾਰ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੂੰ ਇਕ ਸੰਭਾਵਨਾਵਾਂ ਭਰਪੂਰ ਸ਼ਾਇਰ ਆਖਿਆ। ਇਸ ਉਪਰੰਤ ਪ੍ਰੋ. ਤਰਸੇਮ ਨਰੂਲਾ ਨੇ ਆਪਣੇ ਜੀਵਨ ਤੇ ਪਰਿਵਾਰ ਬਾਰੇ ਗੱਲ ਕਰਕੇ ਗ਼ਜ਼ਲਾਂ, ਕਾਫ਼ੀਆਂ ਤੇ ਕਵਿਤਾਵਾਂ ਰਾਹੀਂ ਪਾਏ ਸਾਹਿਤਕ ਯੋਗਦਾਨ, ਕਦੋਂ ਤੇ ਕਿਉਂ ਲਿਖਣਾ ਸ਼ੁਰੂ ਕੀਤਾ, ਕਵਿਤਾ ਦੇ ਪ੍ਰੇਰਨਾਸ੍ਰੋਤ, ਉਦੇਸ਼ ਆਦਿ ਬਾਰੇ ਨਿੱਠ ਕੇ ਚਰਚਾ ਕੀਤੀ ਅਤੇ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਫਿਰ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ. ਤਰਸੇਮ ਨਰੂਲਾ ਅਤੇ ਉਨ੍ਹਾਂ ਦੀ ਸੁਪਤਨੀ ਦਰਸ਼ਣਾ ਨਰੂਲਾ ਜੀ ਦਾ ਸਨਮਾਨ ਕੀਤਾ ਗਿਆ। ਸਰੋਤਿਆਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਜਵਾਬ ਪ੍ਰੋ. ਨਰੂਲਾ ਨੇ ਬੜੇ ਸਹਿਜ ਨਾਲ ਦਿੱਤੇ। ਇਸ ਉਪਰੰਤ ਪ੍ਰੋ. ਅਰਸ਼ਦੀਪ ਸ਼ਰਮਾ, ਮੋਹਨ ਸਫਰੀ ਤੇ ਨਿਰਮਲ ਦੀਦਾਰ ਨੇ ਪ੍ਰੋ. ਨਰੂਲਾ ਦੀਆਂ ਗ਼ਜ਼ਲਾਂ ਤੇ ਕਾਫ਼ੀਆਂ ਨੂੰ ਆਪਣੀਆਂ ਸੁਰੀਲੀਆਂ ਦੇ ਦਮਦਾਰ ਆਵਾਜ਼ਾਂ ਰਾਹੀਂ ਗਾ ਕੇ ਸਾਰਾ ਮੇਲਾ ਲੁੱਟ ਲਿਆ। ਪੰਜਾਬੀ ਬਾਲ ਸਾਹਿਤ ਸ਼੍ਰੋਮਣੀ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਧੀਆਂ ਤੇ ਸੌਂ ਜਾ ਬੱਬੂਆਂ ਗੀਤ ਸੁਣਾ ਕੇੇ ਸਮਾਗਮ ਨੂੰ ਸਿਖਰ ਤੇ ਪਹੁੰਚਾ ਦਿੱਤਾ। ਕਮਾਡੈਂਟ ਰਸ਼ਪਾਲ ਸਿੰਘ ਨੇ ਮਹਿਮਾਨਾਂ ਸਮੇਤ ਸਾਰੇ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕਰਦਿਆ ਲੇਖਕਾਂ ਨੂੰ ਸਮਾਜ ਲਈ ਪ੍ਰਤੀਬੱਧ ਹੋਣ ਦੀ ਪੁਰਜ਼ੋਰ ਅਪੀਲ ਕੀਤੀ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਡਾ. ਸੰਦੀਪ ਮਾਨਵ, ਡਾ. ਮਨਮੀਤ, ਬੀਬੀ ਕੁਲਵੰਤ ਕੌਰ, ਬੀਬੀ ਨਸੀਬ ਕੌਰ, ਸ਼ਰਨਜੀਤ ਸਿੰਘ, ਸ੍ਰੀਮਤੀ ਵਿਪਨ ਕੌਰ, ਭੁਪਿੰਦਰ ਸਿੰਘ ਮੁੰਡੀ, ਮਾਸਟਰ ਜੋਗਿੰਦਰ ਸਿੰਘ ਜੋਸ਼, ਰਘਬੀਰ ਸਿੰਘ ਭਰਤ, ਮੁੱਖ ਆਧਿਆਪਕ ਪ੍ਰੇਮ ਨਾਥ, ਰਾਜਿੰਦਰ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਕੁਲਵੰਤ ਤਰਕ, ਐਡਵੋਕੇਟ ਦਲਜੀਤ ਸ਼ਾਹੀ, ਕਰਮਜੀਤ ਬਾਸੀ, ਰਾਜਦੀਪ ਦਿਗਪਾਲ, ਕਰਨਵੀਰ ਬੈਣੀਵਾਲ, ਗੁਰਮੀਤ ਬੈਣੀਵਾਲ, ਜਵਾਲਾ ਥਿੰਦ, ਕੈਪਟਨ ਮੱਖਣ ਸਿੰਘ, ਕਰਮ ਚੰਦ, ਬਲਦੇਵ ਸਿੰਘ ਪ੍ਰਧਾਨ ਖਮਾਣੋਂ ਬ੍ਰਾਂਚ, ਸਵਰਨ ਸਿੰਘ, ਨਛੱਤਰ ਸਿੰਘ, ਜੰਗ ਸਿੰਘ, ਪ੍ਰੇਮ ਸਾਗਰ ਆਦਿ ਮੌਜੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media