Friday, October 9, 2026

ਜਾਂਚ ਰਿਪੋਰਟ ਪੇਸ਼ ਨਾ ਕਰਨ ‘ਤੇ ਸੁਖਬੀਰ ਬਾਦਲ ਖਿਲਾਫ ਫੇਸਲਾ ਲੈਣ ਲਈ ਮੁਤਵਾਜ਼ੀ ਜਥੇਦਾਰਾਂ ਨੇ ਸੁਝਾਅ ਮੰਗੇ

ppn3009201603
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਕੁੱਝ ਗੁਰਦੁਆਰਾ ਪ੍ਰਬੰਧਕਾਂ ਵਲੋਂ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਬਦਲਣ ਵਾਲੇ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਨਿਰਧਾਰਤ ਸਮੇੇਂ ‘ਤੇ ਕੌਮੀ ਜਥੇਦਾਰਾਂ ਸਾਹਮਣੇ ਨਾ ਪੇਸ਼ ਕਰਨ ਵਾਲੇ ਉਪ ਮੁਖੀ ਮੰਤਰੀ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਵੀ ਫੈਸਲਾ ਲੈਣ ਲਈ ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰਾਂ ਨੇ 26 ਅਕਤੂਬਰ ਤੱਕ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਪਾਸੋਂ ਸੁਝਾਅ ਮੰਗੇ ਹਨ।ਇਸ ਤੋਂ ਇਲਾਵਾ ਭਾਰਤਪਾਕਿ ਦਰਮਿਆਨ ਕਿਸੇ ਵੀ ਜੰਗ ਨੂੰ ਰੋਕਣ ਦਾ ਸੁਝਾਅ ਦਿੰਦਿਆਂ ਜਥੇਦਾਰ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਰੋਕਣ ਲਈ ਗੁਰੂ ਘਰਾਂ ਦੀ ਪਹਿਰੇਦਾਰੀ ਦਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ।ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਪੰਜ ਸਿੰਘਾਂ ਵਿੱਚ ਸੇਵਾ ਕਰਨ ਵਾਲੇ ਭਾਈ ਮੇਜਰ ਸਿੰਘ ਤੇ ਭਾਈ ਸੂਬਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਤੇ ਦੀਰਘ ਵਿਚਾਰਾਂ ਕੀਤੀਆਂ ।
ਵਿਚਾਰ ਚਰਚਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰਾਂ ਨੇ ਕੌਮ ਦੇ ਨਾਮ ਜਾਰੀ ਅਦੇਸ਼ ਪੜ੍ਹਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਗੁਰੂ ਘਰਾਂ ਵਿੱਚ ਪਹਿਰੇਦਾਰੀ ਦਾ ਲੋੜੀਂਦਾ ਪ੍ਰਬੰਧ ਕਰਨ।ਉਨ੍ਹਾਂ ਦੱਸਿਆ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਮੁਕੰਮਲ ਜਾਂਚ ਰਿਪੋਰਟ ਜਥੇਦਾਰ ਸਾਹਿਬਾਨ ਪਾਸ ਪੇਸ਼ ਕਰਨ ਲਈ ਸੂਬੇ ਦੇ ਗ੍ਰਹਿ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਦੇਸ਼ ਦਿੱਤੇ ਗਏ ਸਨ, ਇਸ ਸਮੇਂ ਵਿੱਚ ਨਿਰੰਤਰ ਦੋ ਵਾਰ ਵਾਧਾ ਵੀ ਕੀਤਾ ਗਿਆ, ਲੇਕਿਨ ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲ ਨੇ ਸਿੱਖ ਪ੍ਰਭੂਸੱਤਾ ਦੇ ਕੇਂਦਰ ਅਤੇ ਗੁਰੂ ਕੇ ਤਖਤਾਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਤੀਕ ਰਿਪੋਰਟ ਪੇਸ਼ ਨਹੀ ਕੀਤੀ।ਅਜਿਹੇ ਹੰਕਾਰੀ ਪੁਰਸ਼ ਨਾਲ ਕੀ ਸਲੂਕ ਕੀਤਾ ਜਾਵੇ, ਇਸ ਸਬੰਧੀ 26 ਅਕਤੂਬਰ 2016 ਤੀਕ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਆਪਣੇ ਵਿਚਾਰ ਤੇ ਸੁਝਾਅ ਭੇਜਣ ਲਈ ਕਿਹਾ ਜਾਂਦਾ ਹੈ।ਜਥੇਦਾਰ ਸਾਹਿਬਾਨ ਦੁਆਰਾ ਲਏ ਗਏ ਇੱਕ ਹੋਰ ਫੈਸਲੇ ਰਾਹੀ ਵਰਜੀਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਬਦਲਣ ਵਾਲੇ ਲੋਕਾਂ ਖਿਲਾਫ ਕਾਰਵਾਈ ਸਬੰਧੀ ਸੁਝਾਅ ਮੰਗੇ ਗਏ ਹਨ।ਜਥੇਦਾਰਾਂ ਨੇ ਸਾਫ ਕਿਹਾ ਹੈ ਭਾਰਤਪਾਕਿ ਦਰਮਿਆਨ ਕਿਸੇ ਵੀ ਜੰਗ ਨੂੰ ਰੋਕਣ ਦਾ ਉਪਰਾਲਾ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸਖੀਰਾ ਤੇ ਭਾਈ ਸੁਖਰਾਜ ਸਿੰਘ ਹਾਜਰ ਸਨ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply