ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦ ਦੇ ਨਾਲ ਰਹਿ ਰਹੇ ਅਤੇ ਉੱਥੋਂ ਉੱਠ ਕੇ ਰਾਹਤ ਕੈਂਪਾਂ ਵਿਚ ਆਏ ਲੋਕਾਂ ਦੀ ਹਰ ਪ੍ਰਕਾਰ ਨਾਲ ਦੇਖ਼ਭਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਤੇ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਦਾ ਸਰਹੱਦ ਦੀਆਂ ਹਾਲਤਾਂ ਕਾਰਨ ਮਾਨਸਿਕ ਤਣਾਅ ਨਾ ਵਧੇ, ਇਸ ਲਈ ਬੀਤੀ ਰਾਤ ਜਿੱਥੇ ਉਹ ਖੁੱਦ ਵੱਖ ਵੱਖ ਰਾਹਤ ਕੈਂਪਾਂ ਵਿਚ ਜਾ ਕੇ ਉੱਥੇ ਰਹਿ ਰਹੇ ਲੋਕਾਂ ਲਈ ਕੀਤੇ ਇੰਤਜਾਮਾਂ ਦਾ ਮੁਆਇਨਾ ਕਰਦੇ ਰਹੇ। ਉੱਥੇ ਹੀ ਉਨ੍ਹਾਂ ਲੋਕਾਂ ਨੂੰ ਹੌਂਸਲਾ ਬੰਨਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਨਾਲ ਹੈ। ਇਸ ਦੌਰਾਨ ਬੀਤੀ ਰਾਤ ਜ਼ਿਲ੍ਹੇ ਦੇ ਦੋ ਰਾਹਤ ਕੇਂਦਰਾਂ ਸਰਕਾਰੀ ਹਾਈ ਸਕੂਲ ਖੂਈ ਖੇੜਾ ਅਤੇ ਸੰਤ ਕਬੀਰ ਕਾਲਜ ਫਾਜ਼ਿਲਕਾ ਵਿਖੇ ਪ੍ਰਾਜੈਕਟਰ ਤੇ ਫ਼ਿਲਮ ਵੀ ਵਿਖਾਈ ਗਈ ਤਾਂ ਜੋ ਘਰ ਛੱਡ ਕੇ ਆਏ ਲੋਕਾਂ ਨੂੰ ਇੱਥੇ ਆਮ ਵਰਗਾ ਪਾਰਿਵਾਰਕ ਮਾਹੌਲ ਦਿੱਤਾ ਜਾ ਸਕੇ। ਖੂਈ ਖੇੜਾ ਵਿਖੇ 175 ਅਤੇ ਸੰਤ ਕਬੀਰ ਕਾਲਜ ਵਿਖੇ ਲਗਭਗ 700 ਲੋਕਾਂ ਨੇ ਸ਼ਰਨ ਲਈ ਹੈ। ਜਿੱਥੇ ਇੰਨ੍ਹਾਂ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੋਜਨ/ ਰਸਦ ਉਪਲਬੱਧ ਕਰਵਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਏ.ਵੇਣੂ ਪ੍ਰਸ਼ਾਦ ਨੇ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਪੱਕਾ ਚਿਸਤੀ, ਚੂਹੜੀ ਵਾਲਾ ਚਿਸਤੀ ਅਤੇ ਮੁਠਿਆਂਵਾਲੀ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਾਏ ਰਾਹਤ ਕੈਂਪਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਸੂਚਨਾਂ ਚਾਹੀਦੀ ਹੋਵੇ ਤਾਂ ਉਹ 24 ਘੰਟੇ ਚੱਲਣ ਵਾਲੇ ਸਿਵਲ ਕੰਟਰੋਲ ਰੂਮ ਵਿਖੇ ਫੋਨ ਨੰਬਰ 01638-262153 ਤੇ ਰਾਬਤਾ ਕਰ ਸਕਦਾ ਹੈ। ਉਨ੍ਹਾਂ ਸਰਹੱਦੀ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਸ਼ੋਸਲ ਮੀਡੀਆ ਤੇ ਫੈਲਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media