ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਲੇ 10 ਕਿਲੋਮੀਟਰ ਖੇਤਰ ਦੇ ਬੰਦ ਕੀਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਬਦਲਵੇਂ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਦੇ ਨਿਰਦੇਸ਼ਾਂ ਤੇ ਸਿੱਖਿਆ ਵਿਭਾਗ ਫਾਜ਼ਿਲਕਾ ਨੇ ਪ੍ਰਾਇਮਰੀ ਅਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਹਨ।
ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ: ਸੁਖਬੀਰ ਸਿੰਘ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਹਰੀ ਚੰਦ ਕੰਬੋਜ ਵੀ ਹਾਜਰ ਸਨ।ਇਸ ਸਬੰਧੀ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ 95010-25465, 97815-84273 ਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ 01638-260363 ਹੈਲਪ ਲਾਈਨ ਨੰਬਰ ਸਥਾਪਿਤ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਵੀ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਉਸ ਦੇ ਨਾਲ ਲੱਗਦੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਲਈ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਦਾਖਲਾ ਨਹੀਂ ਲੈਣਾ ਪਵੇਗਾ ਅਤੇ ਨਾ ਹੀ ਕੋਈ ਹੋਰ ਰਸਮੀ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਿੱਧਾ ਉਥੇ ਆਪਣੀ ਸਿੱਖਿਆ ਹਾਸਲ ਕਰਨਗੇ ਅਤੇ ਜੇਕਰ ਵਿਦਿਆਰਥੀਆਂ ਦੀ ਵੱਧ ਗਿਣਤੀ ਕਾਰਨ ਕੋਈ ਲੋੜ ਪਈ ਤਾਂ ਇਨ੍ਹਾਂ ਲਈ ਵੱਖਰਾ ਸੈਕਸ਼ਨ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ਦੇ 10 ਕਿਲੋ ਮੀਟਰ ਖੇਤਰ ਦਾ ਕੋਈ ਵੀ ਵਿਦਿਆਰਥੀ ਜੇਕਰ ਰਾਹਤ ਕੈਂਪਾਂ ਦੀ ਬਜਾਏ ਜ਼ਿਲ੍ਹੇ ਵਿਚ ਕਿਸੇ ਵੀ ਥਾਂ ਆਪਣੀ ਰਿਸ਼ਤੇਦਾਰੀ ਜਾਂ ਹੋਰ ਥਾਂ ਉਪਰ ਚਲਾ ਗਿਆ ਹੋਵੇ ਤਾਂ ਵੀ ਉਹ ਉਥੇ ਆਪਣੇ ਨੇੜਲੇ ਸਕੂਲ ਵਿੱਚ ਬਿਨਾਂ ਕਿਸੇ ਰਸਮੀ ਕਾਰਵਾਈ ਜਾਂ ਦਾਖਲੇ ਤੋਂ ਸਿੱਖਿਆ ਹਾਸਲ ਕਰ ਸਕੇਗਾ।
ਉਨ੍ਹਾਂ ਕਿਹਾ ਕਿ 3 ਅਕਤੂਬਰ ਸੋਮਵਾਰ ਤੋਂ ਸਾਰੇ ਵਿਦਿਆਰਥੀਆਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਜਾਣਗੇ ਅਤੇ ਇਸ ਦਿਨ ਤੋਂ ਵਿਦਿਆਰਥੀ ਆਪਣੇ ਵਰਤਮਾਨ ਠਹਿਰਾਓ ਦੇ ਨੇੜਲੇ ਸਕੂਲ ਜਾ ਸਕਣਗੇ। ਇਸ ਤੋਂ ਬਿਨ੍ਹਾਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਸਰੇ ਵਿਦਿਆਰਥੀਆਂ ਵਾਂਗ ਸਕੂਲਾਂ ਵਿਚ ਦੁਪਹਿਰ ਦਾ ਖਾਣਾ ਵੀ ਮਿਲੇਗਾ ਅਤੇ ਜੇਕਰ ਕਿਸੇ ਵਿਦਿਆਰਥੀ ਕੋਲ ਵਰਦੀ ਨਹੀਂ ਹੋਵੇਗੀ ਤਾਂ ਵੀ ਉਹ ਸਿੱਖਿਆ ਹਾਸਲ ਕਰ ਸਕੇਗਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media