Thursday, March 19, 2026

ਡਾ. ਬੀ.ਆਰ ਅੰਬੇਦਕਰ ਦੇ 125ਵੇਂ ਜਨਮ ਦਿਵਸ ਨੂੰ ਸਮਰਪਿਤ 5ਵਾਂ ਰਾਸ਼ਟਰੀ ਸੈਮੀਨਾਰ ਅੱਜ

ppn0610201605ਬਠਿੰਡਾ, 6 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸ਼ੁਰੂ ਕਰਵਾਈ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਤਹਿਤ 5ਵਾਂ ਸੈਮੀਨਾਰ 7 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਆਦੇਸ਼ ਯੂਨੀਵਰਸਿਟੀ ਭੁੱਚੋ ਦੇ ਆਡੋਟੋਰੀਅਮ ਵਿਚ ਕਰਵਾਇਆ ਜਾਵੇਗਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ।
ਰਾਸ਼ਟਰੀ ਸੈਮੀਨਾਰਾਂ ਦੇ ਕੋ-ਕੋਆਰਡੀਨੇਟਰ ਅਤੇ ਸਾਬਕਾ ਵਿਧਾਇਕ ਸ਼੍ਰੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਉਪ ਕੁਲਪਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸੈਮੀਨਾਰਾਂ ਦੀ ਇਸ ਲੜੀ ਤਹਿਤ ਕਰਵਾਏ ਜਾ ਰਹੇ ਇਸ ਸੈਮੀਨਾਰ ਦਾ ਵਿਸ਼ਾ ਬਾਬਾ ਸਾਹਿਬ ਦਾ ਸਿੱਖਿਆ ਪ੍ਰਤੀ ਦ੍ਰਿਸ਼ਟੀਕੋਣ ਹੋਵੇਗਾ ਜਿਸ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਮਾਹਰਾਂ ਵਲੋਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਸ਼੍ਰੀ ਅਟਵਾਲ ਨੇ ਦੱਸਿਆ ਕਿ ਸੈਮੀਨਾਰ 7 ਅਕਤੂਬਰ ਨੂੰ ਸਵੇਰੇ 10:00 ਵਜੇ ਆਰੰਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੰਜੀਵਤ ਭਾਸ਼ਣ ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ ਵਲੋਂ ਦਿੱਤਾ ਜਾਵੇਗਾ, ਜਦਕਿ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਮੈਂਬਰ ਰਾਜ ਸਭਾ ਸ. ਬਲਵਿੰਦਰ ਸਿੰਘ ਭੂੰਦੜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਹੋਰਨਾਂ ਸਤਿਕਾਰਤ ਮਹਿਮਾਨਾਂ ਵਿਚ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਸੈਰ-ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਵਿਸ਼ੇਸ਼ ਤੌਰ ‘ਤੇ ਪੁੱਜਣਗੇ।
ਸੈਮੀਨਾਰ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਅਟਵਾਲ ਨੇ ਦੱਸਿਆ ਕਿ ਸਵਾਗਤੀ ਭਾਸ਼ਣ ਪ੍ਰੋਫੈਸਰ (ਡਾ.) ਮੋਹਨ ਪਾਲ ਸਿੰਘ ਈਸ਼ਰ, ਉਪ ਕੁਲਪਤੀ ਮਹਾਰਾਜ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਧੰਨਵਾਦੀ ਭਾਸ਼ਣ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼੍ਰੀ ਰਾਜ਼ੇਸ ਬਾਘਾ ਵਲੋਂ ਦਿੱਤਾ ਜਾਵੇਗਾ। ਅਟਵਾਲ ਨੇ ਦੱਸਿਆ ਕਿ ਅਕਾਦਮਿਕ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਫੈਸਰ ਕੁਲਦੀਪ ਚੰਦ ਅਗਨੀਹੋਤਰੀ, ਉਪ ਕੁਲਪਤੀ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਕਰਨਗੇ ਜਦਕਿ ਹੋਰਨਾਂ ਬੁਲਾਰਿਆਂ ਵਿਚ ਮੁੰਬਈ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਸੁਰਿੰਦਰਾ ਝੋਂਡਾਲੇ, ਐਮ.ਐਸ. ਯੂਨੀਵਰਸਿਟੀ ਆਫ਼ ਵਡੋਦਰਾ, ਗੁਜਰਾਤ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰਾਜ ਕੁਮਾਰ ਹੰਸ, ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਆਲਟਰਨੇਟਿਵ ਪਾਲਿਸੀ ਰਿਸਰਚ, ਉਤਰ ਪ੍ਰਦੇਸ਼ ਦੇ ਫਾਊਂਡਰ ਡਾਇਰੈਕਟਰ ਡਾ. ਕੇ.ਪੀ. ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਬੇਦਕਰ ਸੈਂਟਰ ਦੇ ਡਾਇਰੈਕਟਰ ਪ੍ਰੋ. ਇਮਾਨੂੰਏਲ ਨਾਹਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ, ਹੈਦਰਾਬਾਦ ਤੋਂ ਸਹਾਇਕ ਪ੍ਰੋ. ਡਾ. ਜੀ. ਵੈਲੇਨਟਿਨਾ ਵਿਚਾਰ ਰੱਖਣਗੇ। ਅਟਵਾਲ ਨੇ ਦੱਸਿਆ ਕਿ ਵਿਦਾਇਗੀ ਭਾਸ਼ਣ ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਅਤੇ ਧੰਨਵਾਦੀ ਭਾਸ਼ਣ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਜੀ.ਪੀ.ਆਈ.ਸਿੰਘ ਵਲੋਂ ਦਿੱਤਾ ਜਾਵੇਗਾ ਜਦਕਿ ਲੇਖਕ ਅਤੇ ਚਿੰਤਕ ਦੇਸ਼ ਰਾਜ ਕਾਲੀ ਮੰਚ ਸੰਚਾਲਨ ਕਰਨਗੇ। ਇਸ ਮੌਕੇ ਐਸ.ਪੀ. ਹੈਡਕੁਆਰਟਰ ਡਾ. ਨਾਨਕ ਸਿੰਘ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply