ਬਠਿੰਡਾ, 6 ਅਕਤੂਬਰ (ਅਵਤਾਰ ਸਿੰਘ ਕੈਂਥ)- ਏ.ਆਈ.ਸੀ.ਸੀ ਦੇ ਕੌਮੀ ਬੁਲਾਰੇ ਤੇ ਸੰਗਰੂਰ ਤੋਂ ਸਾਬਕਾ ਮੈਂਬਰ ਲੋਕ ਸਭਾ ਵਿਜੈਇੰਦਰ ਸਿੰਗਲਾ ਨੇ ਅਕਾਲੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਪੰਜਾਬ ਦਾ ਹਰੇਕ ਬਿਜਨੇਸ ਇਕ ਅਕਾਲੀ ਦਲ ਦੇ ਆਗੂ ਕੋਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੈਂਕੜਾਂ ਬਿਜਨੇਸ ਖੋਲ੍ਹੇ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਹੈ।
ਪੰਜਾਬ ਕਾਂਗਰਸ ਐਕਸਪ੍ਰੈਸ ਪ੍ਰੋਗਰਾਮ ਦੌਰਾਨ ਪਿੰਡਾਂ ਮਹਿਰਾਜ, ਰਾਮਪੁਰਾ, ਭਾਈ ਰੂਪਾ ਤੇ ਭਗਤਾ ਦੇ ਲੋਕਾਂ ਨਾਲ ਚਰਚਾ ਕਰਦਿਆਂ ਸਿੰਗਲਾ ਨੇ ਕਿਹਾ ਹੈ ਕਿ ਟ੍ਰਾਂਸਪੋਰਟ ਕੰਪਨੀ ਤੋਂ ਲੈ ਕੇ ਹੋਟਲ ਤੱਕ ਸੱਭ ਕੁਝ ਬਾਦਲਾਂ ਦੇ ਅਧੀਨ ਹੈ ਅਤੇ ਬਾਦਲਾਂ ਦੇ ਏਕਾਧਿਕਾਰ ਵਾਲੇ ਵਤੀਰੇ ਕਾਰਨ ਉਦਯੋਗ ਪੰਜਾਬ ਵਿੱਚੋਂ ਪਲਾਇਣ ਕਰ ਰਹੇ ਹਨ। ਜਿਹੜੇ ਅਕਾਲੀ ਸੂਬੇ ਨੂੰ ਪ੍ਰਾਈਵੇਟ ਲਿਮਿਟੇਡ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ। ਇਸ ਤੋਂ ਇਲਾਵਾ, ਬਿਜਨੇਸਮੈਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸੱਤਾਧਾਰੀ ਅਕਾਲੀ ਦਲ ਦੇ ਸਿਆਸਤਦਾਨਾਂ ਨੂੰ ਰਿਸ਼ਵਤ ਦੇਣ ਵਾਸਤੇ ਮਜ਼ਬੂਰ ਕੀਤਾ ਜਾਂਦਾ ਹੈ। ਸਿੰਗਲਾ ਨੇ ਕਿਹਾ ਕਿ ਬੀਤੇ ਦਹਾਕੇ ਦੌਰਾਨ ਪੰਜਾਬ ਵਿੱਚ ਸਿਰਫ ਕੁਝ ਉਦਯੋਗਾਂ ਨੂੰ ਤਰੱਕੀ ਕਰਦਿਆਂ ਦੇਖਿਆ ਗਿਆ ਹੈ। ਬਾਦਲ ਆਪਣੇ ਬਿਜਨੇਸ ਹਿੱਤਾਂ ਨੂੰ ਸੂਬੇ ਤੋਂ ਵੱਧ ਤਰਜੀਹ ਦੇ ਰਹੇ ਹਨ। ਇਹ ਟ੍ਰਾਂਸਪੋਰਟ ਦਾ ਬਿਜਨੇਸ ਚਲਾਉਂਦੇ ਹਨ ਅਤੇ ਸੁਖਬੀਰ ਬਾਦਲ ਦੀ ਟ੍ਰਾਂਸਪੋਰਟ ਕੰਪਨੀਆਂ ਮੋਟਾ ਮੁਨਾਫਾ ਕਮਾਉਂਦੀਆਂ ਹਨ, ਜਿਸਦੇ ਉਲਟ ਸਰਕਾਰੀ ਟ੍ਰਾਂਸਪੋਰਟ ਕੰਪਨੀ ਪੰਜਾਬ ਰੋਡਵੇਜ਼ ਭਾਰੀ ਘਾਟੇ ਦਾ ਸਾਹਮਣਾ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦਾ ਕਾਰੋਬਾਰ ਟ੍ਰਾਂਸਪੋਰਟ, ਹੋਟਲਾਂ, ਮੀਡੀਆ, ਬਿਜਲੀ, ਸਿਵਲ ਏਵੀਏਸ਼ਨ, ਖੇਤੀਬਾੜੀ ਤੇ ਗੈਰ ਪੁਰਾਤਨ ਬਿਜਲੀ ਤੋਂ ਇਲਾਵਾ ਨਸ਼ਿਆਂ ਤੇ ਭੌਂ ਮਾਫੀਆ ਤੱਕ ਫੈਲ੍ਹਿਆ ਹੋਇਆ ਹੈ। ਬਾਦਲ ਪਰਿਵਾਰ ਨੇ ਛੋਟੇ ਉਦਯੋਗਾਂ, ਵਪਾਰੀਆਂ ਤੇ ਬਿਜਨੇਸਮੈਨਾਂ ਵਾਸਤੇ ਕੋਈ ਜਗ੍ਹਾ ਨਹੀਂ ਛੱਡੀ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅਕਾਲੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰੀ ਖਰਚਿਆਂ ਨੂੰ ਵਧਾ ਦਿੱਤਾ ਸੀ। ਜਿਸ ਕਾਰਨ ਪੰਜਾਬ ਭਾਰੀ ਕਰਜੇ ਹੇਠਾਂ ਦੱਬ ਗਿਆ ਤੇ ਹੁਣ ਪੰਜਾਬ ਸਿਰ ਚੜ੍ਹਿਆ ਕਰਜਾ 1.30 ਲੱਖ ਕਰੋੜ ਨੂੰ ਪਾਰ ਕਰ ਚੁੱਕਾ ਹੈ ਤੇ ਕਰੀਬ 9 ਸਾਲਾਂ ਦੌਰਾਨ ਇਹ ਡਬਲ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਤੇ ਬਰਨਾਲਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੈਂਸਰ ਨਾਲ ਪੀੜਤ ਹਨ, ਲੇਕਿਨ ਹਾਲੇ ਤੱਕ ਸੂਬੇ ਵਿੱਚ ਕੈਂਸਰ ਦੇ ਇਲਾਜ਼ ਲਈ ਕੋਈ ਹਸਪਤਾਲ ਨਹੀਂ ਹੈ। ਲੋਕਾਂ ਨੂੰ ਇਲਾਜ਼ ਵਾਸਤੇ ਬੀਕਾਨੇਰ ਜਾਣਾ ਪੈਂਦਾ ਹੈ। ਜਿਸ ਕਾਰਨ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟ੍ਰੇਨ ਨੂੰ ਆਮ ਤੌਰ ‘ਤੇ ਕੈਂਸਰ ਐਕਸਪ੍ਰੈਸ ਕਿਹਾ ਜਾਂਦਾ ਹੈ। ਜਦਕਿ ਪ੍ਰਾਈਵੇਟ ਹਸਪਤਾਲਾਂ ਦੇ ਮੋਟੇ ਰੇਟ ਮਿਡਲ ਕਲਾਸ ਲੋਕਾਂ ਦੀ ਜੇਬ੍ਹ ਤੋਂ ਬਾਹਰ ਹਨ।
ਇਸੇ ਤਰ੍ਹਾਂ, ਡਿਪਟੀ ਮੁੱਖ ਮੰਤਰੀ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਪੂੰਜੀ ਨਿਵੇਸ਼ ਹਾਸਿਲ ਕਰਨ ਵਿੱਚ ਨਾਕਾਮ ਰਿਹਾ ਹੈ। ਉਹ ਪੰਜਾਬ ਨੂੰ ਆਈ.ਟੀ ਹੱਬ ਬਣਾਉਣ ਦਾ ਵਾਅਦਾ ਵੀ ਪੂਰਾ ਨਹੀਂ ਕਰ ਸਕੇ। ਸੂਬੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਇਹੋ ਕਾਰਨ ਹੈ ਕਿ ਅਸੀਂ ਕਿਉਂ ਕਨੇਡਾ ਤੇ ਆਸਟ੍ਰੇਲਿਆ ਜਾਣਾ ਚਾਹੁੰਦੇ ਹਾਂ। ਜਦਕਿ ਸਰਕਾਰੀ ਵਿਭਾਗਾਂ ਵਿੱਚ ਕਈ ਪੋਸਟਾਂ ਖਾਲ੍ਹੀ ਹੋਣ ਦੇ ਬਾਵਜੂਦ ਸਰਕਾਰ ਭਰਤੀ ਨਹੀਂ ਕਰ ਰਹੀ ਹੈ।ਜਦਕਿ ਪੰਜਾਬ ਦੇ ਭਵਿੱਖ ਬਾਰੇ ਗੱਲਬਾਤ ਕਰਦਿਆਂ ਸਿੰਗਲਾ ਨੇ ਸੂਬੇ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜ਼ਵਾਨਾਂ ‘ਤੇ ਨਿਰਭਰ ਕਰਦਾ ਹੈ, ਲੇਕਿਨ ਅਫਸੋਸਜਨਕ ਹੈ ਕਿ ਕਦੇ ਆਪਣੀ ਹਿੰਮਤ ਲਈ ਜਾਣੇ ਜਾਂਦੇ ਪੰਜਾਬ ਦੇ ਨੌਜ਼ਵਾਨ ਅੱਜ ਨਸ਼ਿਆਂ ਕਾਰਨ ਬਦਨਾਮ ਹੋ ਚੁੱਕੇ ਹਨ। ਨਸ਼ਾਖੋਰੀ ਨੇ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰ ਦਿੱਤਾ ਹੈ। ਨਸ਼ੇ ਨਾ ਸਿਰਫ ਸੂਬੇ ਦੇ ਵਿਕਾਸ ਨੂੰ ਰੋਕਿਆ ਹੈ, ਬਲਕਿ ਇਸਦੀ ਖੁਸ਼ਹਾਲੀ ਤੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬਤੌਰ ਇਕ ਭਾਰਤੀ ਜਦੋਂ ਉਹ ਵਿਦੇਸ਼ ਜਾਦੇ ਹਨ, ਉਹ ਦੱਖਣੀ ਭਾਰਤ ਤੇ ਉੱਤਰੀ ਭਾਰਤ ਦੇ ਹੋਰਨਾਂ ਹਿੱਸਿਆਂ ਦੇ ਨੌਜ਼ਵਾਨਾਂ ਨੂੰ ਦੇਖ ਕੇ ਮਾਣ ਮਹਿਸੂਸ ਕਰਦੇ ਹਨ, ਜਿਹੜੇ ਤਕਨੀਕੀ, ਖੋਜ, ਮੈਡੀਸਨ ਖੇਤਰ ਆਦਿ ਵਿੱਚ ਬਹੁਤ ਤਰੱਕੀ ਕਰ ਰਹੇ ਹਨ। ਜਦਕਿ ਪੰਜਾਬੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਦੁੱਖ ਪਹੁੰਚਦਾ ਹੈ, ਕਿਵੇਂ ਦੂਜਿਆਂ ਸੂਬਿਆਂ ਦੇ ਨੌਜ਼ਵਾਨ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ, ਜਦਕਿ ਪੰਜਾਬ ਨੌਜ਼ਵਾਨਾਂ ਨੂੰ ਟੈਕਸੀ ਡਰਾਈਵਰਾਂ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਅਖੀਰ ਵਿੱਚ ਕਿਹਾ ਕਿ ਬੀਤੇ ਦਹਾਕੇ ਦੌਰਾਨ ਪੰਜਾਬ ਨੇ ਬਹੁਤ ਉਤਾਰ ਦੇਖਿਆ ਹੈ। ਅੱਜ ਖੇਤੀਬਾੜੀ ਤੇ ਉਦਯੋਗਿਕ ਖੇਤਰ ਵਿੱਚ ਪੰਜਾਬ ਦੂਜਿਆਂ ਰਾਜਾਂ ਤੋਂ ਪਿਛੜ ਚੁੱਕਾ ਹੈ। ਇਥੇ ਨੌਕਰੀਆਂ ਨਹੀਂ ਹੈ, ਕਿਸਾਨੀ ਦਾ ਭਵਿੱਖ ਨਹੀਂ ਹੈ, ਉਦਯੋਗ ਸੂਬੇ ਤੋਂ ਬਾਹਰ ਜਾ ਰਹੇ ਹਨ ਤੇ ਭ੍ਰਿਸ਼ਟਾਚਾਰ ਨੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਵਿੱਚ ਜ਼ਿੰਦਗੀ ਵਿੱਚ ਅੱਗੇ ਵੱਧਣ ਦੀ ਹਿੰਮਤ, ਮਿਹਨਤ, ਇਮਾਨਦਾਰੀ ਤੇ ਜਜਬਾ ਹੈ, ਜਿਹੜੇ ਹੁਣ ਨਸ਼ਿਆਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਪੰਜਾਬ ਕਾਂਗਰਸ ਮੀਤ ਪ੍ਰਧਾਨ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਸੰਬੋਧਨ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media