
ਫਾਜ਼ਿਲਕਾ, 6 ਅਕਤੂਬਰ (ਵਿਨੀਤ ਅਰੋੜਾ)- ਸਮੂਹ ਪੰਜਾਬ ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰਾਜ ਦੇ ਸਾਰਿਆਂ ਜ਼ਿਲ੍ਹਿਆਂ ਅਤ ਬਲਾਕਾਂ ਵਿਚ ਕਲਮਛੱਡ ਹੜ੍ਹਤਾਲ ਕਰਨ ਸਬੰਧੀ ਲਏ ਗਏ ਫੈਸਲੇ ਤਹਿਤ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ ਮੈਂਬਰਾਂ ਵੱਲੋਂ ਸ਼ੁਰੂ ਕੀਤੀ ਗਈ ਕਲਮਛੱਡ ਹੜ੍ਹਤਾਲ ਅੱਜ ਵੀ ਜਾਰੀ ਰਹੀ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਬਲਾਕ ਫਾਜ਼ਿਲਕਾ ਦੇ ਪ੍ਰਧਾਨ ਰਾਜਪਾਲ ਨੇ ਕਿਹਾ ਕਿ ਮਗਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਗਾਂ ਤਾਂ ਕੀ ਮੰਨਣੀਆਂ ਸਨ ਉਲਟਾਂ ਸਰਕਾਰ ਵੱਲੋਂ ਲੈਟਰ ਕੱਢਿਆ ਗਿਆ ਹੈ ਕਿ ਜੇਕਰ ਹੜ੍ਹਤਾਲ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜਦੋਂ ਤੱਕ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਦਾ ਯੂਨੀਅਨ ਦੀ ਕਲਮਛੱਡ ਹੜ੍ਹਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਕਰਮਚਾਰੀ ਆਪਣਾ ਬਣਦਾ ਹੱਕ ਲੈਕੇ ਰਹਿਣਗੇ।
ਇਸ ਮੌਕੇ ਕਰਮਚਾਰੀਆਂ ਨੇ ਮਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਸੁਨੀਲ ਕੁਮਾਰ, ਮਨੀਸ਼ ਕੁਮਾਰ, ਪਰਮਜੀਤ ਸਿੰਘ, ਰਜੇਸ਼ ਕੁਮਾਰ ਬੇਦੀ, ਦਲੀਪ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media