Monday, June 29, 2026

ਪਾਖੰਡੀ ਬਾਬੇ ਦਾ ਪਰਦਾਫਾਸ਼ ਕਰਕੇ ਠੱਗੀ ਦਾ ਸ਼ਿਕਾਰ ਹੋਈ ਔਰਤ ਨੂੰ 19000 ਵਾਪਸ ਦਿਵਾਏ

tantrik

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ)-  ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਤੇ ਵਹਿਮਾਂ ਭਰਮਾਂ ਵਿੱਚ ਫਸਾ ਕੇ ਲੁੱਟਣ ਵਾਲੇ ਇਕ ਪਾਖੰਡੀ ਬਾਬੇ ਮਾਯੂਰ ਸ਼ਾਹ ਦੀ ਕਥਿਤ ਗੈਬੀ ਸ਼ਕਤੀ ਦਾ ਪਰਦਾਫਾਸ਼ ਕਰਕੇ ਉਸ ਦੀ ਠੱਗੀ ਦਾ ਸ਼ਿਕਾਰ ਬਣੀ ਔਰਤ ਨੂੰ 19000 ਰੁਪਏ ਵਾਪਸ ਦਿਵਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਦਸਿਆ ਕਿ ਕ੍ਰਿਸਟਲ ਚੌਂਕ ਨੇੜੇ ਲੁੱਟ ਅਤੇ ਪਾਖੰਡ ਦੀ ਦੁਕਾਨ ਚਲਾ ਰਹੇ ਮਾਯੂਰ ਸ਼ਾਹ ਨਾਂ ਦੇ ਇਕ ਪਾਖੰਡੀ ਬਾਬੇ ਨੇ ਕੁੱਝ ਦਿਨ ਪਹਿਲਾਂ ਸੁਲਤਾਨਵਿੰਡ ਰੋਡ ਵਾਸੀ ਹਰਜਿੰਦਰ ਕੌਰ ਤੋਂ ਉਸ ਦੀ ਕਿਸੇ ਪਰਿਵਾਰਕ ਸਮੱਸਿਆ ਦਾ ਹੱਲ ਆਪਣੀ ਕਥਿਤ ਗੈਬੀ ਸ਼ਕਤੀ ਨਾਲ ਕਰਨ ਦਾ ਝਾਂਸਾ ਦੇ ਕੇ 19000 ਰੁਪਏ ਠੱਗ ਲਏ ਸਨ। ਪਰ ਕਈ ਦਿਨ ਬੀਤਣ ਦੇ ਬਾਅਦ ਵੀ ਜਦੋਂ ਉਸ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਸ ਨੇ ਉਸ ਪਾਖੰਡੀ ਬਾਬੇ ਨੂੰ ਜਦੋਂ ਪੈਸੇ ਵਾਪਸ ਕਰਨ ‘ਤੇ ਜ਼ੋਰ ਪਾਇਆ ਤਾਂ ਇਹ ਪਾਖੰਡੀ ਬਾਬਾ ਉਸ ਨੂੰ ਆਪਣੇ ਕਥਿਤ ਕਾਲੇ ਇਲਮ ਨਾਲ ਉਸ ਦੇ ਪਰਿਵਾਰ ਦਾ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਦੇਣ ਲੱਗਾ।
ਪੀੜਤ ਔਰਤ ਵਲੋਂ ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਨੂੰ ਦਿੱਤੇ ਹਲਫੀਆ ਬਿਆਨ ਰਾਹੀਂ ਕੀਤੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਜਦੋਂ ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਮੇਜਰ ਸਿੰਘ, ਮਾਸਟਰ ਕੁਲਜੀਤ ਵੇਰਕਾ ਅਤੇ ਕਰਨਰਾਜ ਸਿੰਘ ‘ਤੇ ਆਧਾਰਿਤ ਟੀਮ ਨੇ ਇਸ ਪਾਖੰਡੀ ਬਾਬੇ ਨੂੰ ਆਪਣਾ ਕਥਿਤ ਕਾਲਾ ਇਲਮ ਵਿਖਾਉਣ ਦੀ ਚੁਣੌਤੀ ਦਿੱਤੀ ਅਤੇ ਪੀੜਤ ਔਰਤ ਤੋਂ ਠੱਗੇ 19000 ਰੁਪਏ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਮੰਨਿਆ ਕਿ ਉਸ ਕੋਲ ਕੋਈ ਕਥਿਤ ਕਾਲਾ ਇਲਮ ਜਾਂ ਕਰਾਮਾਤੀ ਸ਼ਕਤੀ ਨਹੀਂ ਹੈ ਅਤੇ ਉਸ ਨੇ ਪੀੜਤ ਔਰਤ ਨੂੰ ਤੁਰੰਤ 18000 ਰੁਪਏ ਵਾਪਸ ਕਰ ਦਿੱਤੇ।ਇਸ ਮੌਕੇ ਪਾਖੰਡੀ ਬਾਬੇ ਤੋਂ ਪੁੱਛਣਾ ਪਵਾਉਣ ਆਏ ਕੁੱਝ ਲੋਕ ਬਾਬੇ ਦੇ ਪਾਖੰਡ ਦਾ ਪਰਦਾਫਾਸ਼ ਹੁੰਦਾ ਵੇਖ ਕੇ ਉਥੋਂ ਚੁੱਪ ਚਪੀਤੇ ਤੁਰੰਤ ਖਿਸਕ ਗਏ, ਜਿਸ ਕਰਕੇ ਉਹ ਬਾਬੇ ਦੀ ਲੁੱਟ ਦਾ ਸ਼ਿਕਾਰ ਹੋਣੋ ਬਚ ਗਏ।ਤਰਕਸ਼ੀਲ ਆਗੂਆਂ ਵਲੋਂ ਇਸ ਪਾਖੰਡੀ ਬਾਬੇ ਖਿਲਾਫ ਪੀੜਤ ਹਰਜਿੰਦਰ ਕੌਰ ਰਾਹੀਂ ਇਕ ਲਿਖਤੀ ਸ਼ਿਕਾਇਤ ਸਿਵਲ ਲਾਈਨਜ਼ ਠਾਣੇ ਵਿਚ ਦਿੱਤੀ, ਜਿਸ ਵਿਚ ਪਾਖੰਡੀ ਬਾਬੇ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਖਬਾਰਾਂ ਅਤੇ ਟੀ.ਵੀ ਚੈਨਲਾਂ ‘ਤੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ, ਸਿਆਣਿਆਂ ਅਤੇ ਮੀਆਂ ਦੀ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਦੇ ਝਾਂਸੇ ਵਿਚ ਫਸ ਕੇ ਉਨ੍ਹਾਂ ਤੋਂ ਆਪਣੀ ਲੁੱਟ ਖਸੁੱਟ ਨਾ ਕਰਵਾਉਣ ਅਤੇ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਨੂੰ ਛੱਡ ਕੇ ਆਪਣੀਆਂ ਸਮੱਸਿਆਵਾਂ ਅਤੇ ਖਾਹਿਸ਼ਾਂ ਦੇ ਹੱਲ ਪ੍ਰਤੀ ਜ਼ਿੰਦਗੀ ਵਿਚ ਸਿਰਫ ਤਰਕਸ਼ੀਲ ਸੋਚ ਅਪਨਾਉਣ। ਇਸ ਮੌਕੇ ਨਰਿੰਦਰ ਤੇੜਾ, ਤਰਕਸ਼ੀਲ ਸੁਖਮੀਤ ਸਿੰਘ, ਬਲਦੇਵ ਰਾਜ ਵੇਰਕਾ, ਕਾਮਰੇਡ ਅਜੀਤ ਸਿੰਘ, ਹਰਦੇਵ ਸਿੰਘ, ਰਾਜ ਕੁਮਾਰ ਵੇਰਕਾ, ਜਸਪਾਲ ਬਾਸਰਕਾ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply