
ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਨਗਰ ਨਿਗਮ ਵਲੋਂ ਨਾਗਰਿਕਾਂ ਦੀ ਸਹੂਲਤ ਲਈ ਉਲੀਕੇ ਸਮਾਰਟ ਕਾਰਡ ਪ੍ਰੋਜੈਕਟ ਨੂੰ ਅੱਜ ਇੱਥੇ ਰਸਮੀ ਤੌਰ ‘ਤੇ ਲਾਂਚ ਕਰਦਿਆਂ 30 ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਸਮਾਰਟ ਕਾਰਡ ਪ੍ਰਦਾਨ ਕੀਤੇ। ਸਮਾਰਟ ਕਾਰਡ ਪ੍ਰਦਾਨ ਕਰਨ ਤੋਂ ਪਹਿਲਾਂ ਸਥਾਨਕ ਮਾਡਲ ਟਾਊਨ, ਫੇਜ਼-1 ਦੇ ਕਮਿਊਨਿਟੀ ਹਾਲ ਵਿੱਚ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਬਠਿੰਡਾ ਨਗਰ ਨਿਗਮ ਦਾ ਇਹ ਉਪਰਾਲਾ ਨਾਗਰਿਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਾਂ ਨੂੰ ਆਪਣੇ ਰੋਜ਼ਮਰਾ ਦੇ ਕੰਮਾਂ ਲਈ ਨਿਗਮ ਦਫ਼ਤਰਾਂ ਵਿੱਚ ਨਹੀਂ ਜਾਣਾ ਪਿਆ ਕਰੇਗਾ ਅਤੇ ਉਹ ਆਪਣੀ ਪ੍ਰਾਪਰਟੀ ਦੀ ਵਿਸਥਾਰਿਤ ਜਾਣਕਾਰੀ ਆਨਲਾਈਨ ਚੈਕ ਕਰਨ ਦੇ ਨਾਲ-ਨਾਲ ਆਪਣੇ ਸੀਵਰੇਜ, ਪਾਣੀ, ਬਿਲਡਿੰਗ ਪਲਾਨ ਅਤੇ ਹੋਰ ਸੇਵਾਵਾਂ ਦੀ ਪ੍ਰਾਪਤੀ ਵੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸਮਾਰਟ ਕਾਰਡ ਲਈ ਦਿੱਤੀ ਯੂ.ਆਈ.ਡੀ. ਰਾਹੀਂ ਕਾਰਡ ਧਾਰਕ ਲੋੜੀਂਦੀ ਜਾਣਕਾਰੀ ਅਤੇ ਸੇਵਾਵਾਂ ਹਾਸਲ ਕਰ ਸਕੇਗਾ। 30 ਵਿਅਕਤੀਆਂ ਨੂੰ ਸਮਾਰਟ ਕਾਰਡ ਪ੍ਰਦਾਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿੱਚ ਵੱਖਰੀਆਂ ਪੈੜਾਂ ਪਾ ਚੁੱਕਾ ਹੈ, ਜਿਸ ਨੂੰ ਕੇਂਦਰ ਦੀ ਸਰਕਾਰ ਵਲੋਂ ਸਲਾਹੁਣ ਦੇ ਨਾਲ-ਨਾਲ ਕਈ ਖੇਤਰਾਂ ਵਿੱਚ ਲਾਗੂ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਇਸ ਉਪਰਾਲੇ ਨਾਲ ਬਠਿੰਡਾ ਵਿਕਾਸ ਦੇ ਖੇਤਰ ਵਿੱਚ ਇੱਕ ਕਦਮ ਹੋਰ ਅੱਗੇ ਵਧ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਵਿਚ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਦਫ਼ਤਰਾਂ ਨਾਲ ਰਾਬਤਾ ਘਟਾ ਕੇ ਉਨ੍ਹਾਂ ਨੂੰ ਆਨਲਾਈਨ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦਾ ਸਮਾਂ ਬਚਾ ਕੇ ਖੱਜਲ-ਖੁਆਰੀ ਤੋਂ ਵੀ ਬਚਾਇਆ ਜਾ ਸਕੇ।
ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮਾਲਵੇ ਦੇ ਲੋਕਾਂ ਨੂੰ ਸਰਕਾਰ ਵਲੋਂ ਇੱਕ ਹੋਰ ਤੋਹਫ਼ਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਨਵੀਂ ਦਿੱਲੀ-ਬਠਿੰਡਾ ਸ਼ਤਾਬਦੀ ਦਾ ਫ਼ਿਰੋਜਪੁਰ ਤੱਕ ਵਿਸਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਸਮੇਂ ਵਿਚ ਵੀ ਤਬਦੀਲੀ ਲਿਆਂਦੀ ਗਈ ਹੈ।ਉਨ੍ਹਾਂ ਕਿਹਾ ਕਿ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਦਿੱਤੇ ਏਮਜ਼ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਜਾ ਰਹੀ ਹੈ ਜੋ ਪੰਜਾਬ ਨੂੰ ਮੈਡੀਕਲ ਖੇਤਰ ਵਿਚ ਨਵੀਂ ਦਿਸ਼ਾ ਵੱਲ ਲਿਜਾਵੇਗਾ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਤੇ ਬਿਆਨ ਸਬੰਧੀ ਪੁੱਛੇ ਜਾਣ ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਾਂਗਰਸ ਮੀਤ ਪ੍ਰਧਾਨ ਵਲੋਂ ਸਿਆਸੀ ਹਿੱਤਾਂ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ ‘ਤੇ ਸਿਆਸਤ ਕਰਨ ਤੋਂ ਅਜਿਹੇ ਆਗੂਆਂ ਨੂੰ ਬਾਜ ਆਉਣਾ ਚਾਹੀਦਾ ਹੈ।ਪੱਤਰਕਾਰਾਂ ਵਲੋਂ ਨਵਜੋਤ ਸਿੱਧੂ ਅਤੇ ਕਾਂਗਰਸ ਪਾਰਟੀ ਵਿਚਾਲੇ ਚਲ ਰਹੀ ਗਠਜੋੜ ਦੀ ਗੱਲਬਾਤ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸਿਫਰ ਜਮਾਂ ਸਿਫਰ ਹੀ ਰਹਿੰਦਾ ਹੈ ਇਸ ਕਰਕੇ ਸਿੱਧੂ ਤੇ ਕਾਂਗਰਸ ਪਾਰਟੀ ਦਾ ਵੀ ਨਤੀਜਾ ਸਿਫਰ ਜਮਾਂ ਸਿਫਰ ਵਾਲਾ ਹੀ ਹੋਵੇਗਾ।
ਇਸ ਮੌਕੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਖੇਤਰ ਵਿੱਚ ਇਤਹਾਸਿਕ ਵਿਕਾਸ ਕਰਵਾਇਆ ਜਾ ਰਿਹਾ ਹੈ, ਭਾਵੇਂ ਪ੍ਰਸ਼ਾਸਨਿਕ ਸੁਧਾਰ ਹੋਣ, ਸੜ੍ਹਕੀ ਨੈਟਵਰਕ ਹੋਵੇ, ਬਿਜਲੀ ਉਤਪਾਦਨ ਹੋਵੇ, ਪੰਜਾਬ ਨੇ ਪਿਛਲੇ 9 ਸਾਲਾਂ ਦੌਰਾਨ ਲਾਮਿਸਾਲ ਵਿਕਾਸ ਦਰਜ ਕਰਵਾਇਆ ਹੈ. ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਛੋਹ ਰਿਹਾ ਹੈ ਅਤੇ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਕੌਂਸਲਰ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media