ਅੰਮ੍ਰਿਤਸਰ, 8 ਅਕਤੂਬਰ (ਦੀਪ ਦਵਿੰਦਰ ਸਿੰਘ) – ‘ਭਾਰਤ ਅਤੇ ਪਾਕਿਸਤਾਨ ਵਿੱਚ ਜੰਗ ਨਾ ਹੋਵੇ, ਦੱਖਣੀ ਏਸ਼ੀਆਂ ਦਾ ਕੋਈ ਵੀ ਦੇਸ਼ ਅੱਤਵਾਦ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਨਾ ਵਰਤੇ ਅਤੇ ਕਸ਼ਮੀਰ ਸਮੇਤ ਸਾਰੇ ਅੰਦਰੂਨੀ ਬਹਿਰੂਨੀ ਮਸਲਿਆਂ ਦਾ ਹੱਲ ਮਿਤੱਰਤਾ ਪੂਰਵਕ ਟੇਬਲ ਤੇ ਬੈਠ ਕੇ ਕੀਤਾ ਜਾਵੇ।’ ਇਹ ਵਿਚਾਰ ਅੱਜ ਇਥੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਵੱਖ-ਵੱਖ ਸਾਹਿਤਕ, ਸਭਿਆਚਾਰਕ ਤੇ ਸਮਾਜਿਕ ਸੰਸਥਾਵਾਂ ਵੱਲੋਂ ‘ਅਮਨ ਦਾ ਹੌਕਾ’ ਨਾਮ ਤੇ ਕਰਵਾਏ ਗਏ ਸੈਮੀਨਾਰ ਵਿੱਚ ਸਾਂਝੇ ਤੌਰ ਤੇ ਪ੍ਰਗਟ ਕੀਤੇ ਗਏੇ। ਜਿਸ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਸ੍ਰੀ ਹਰਦੇਵ ਅਰਸ਼ੀ ਨੇ ਕੀਤੀ ਅਤੇ ਮੁੱਖ ਬੁਲਾਰੇ ਵੱਜੋਂ ਸੀਨੀਅਰ ਪੱਤਰਕਾਰ ਸz. ਸਤਨਾਮ ਸਿੰਘ ਮਾਣਕ, ਸ੍ਰੀ ਮੰਗਤ ਰਾਮ ਪਾਸਲਾ, ਕਿਸਾਨ ਆਗੂ ਮਾਸਟਰ ਦਾਤਾਰ ਸਿੰੰਘ ਅਤੇ ਰਮੇਸ਼ ਯਾਦਵ ਸ਼ਾਮਲ ਹੋਏ। ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਫੋਕਲੋਰ ਰਿਸਰਚ ਅਕਾਦਮੀ, ਹਿੰਦ-ਪਾਕਿ ਦੋਸਤੀ ਮੰਚ, ਵਿਰਸਾ ਵਿਹਾਰ ਸੁਸਾਇਟੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ, ਪੰਜਾਬੀ ਸਾਹਿਤ ਸਭਾ ਚੌਗਾਵਾਂ, ਹਾਸ਼ਮ ਸ਼ਾਹ ਯਾਦਗਾਰੀ ਫਾਊਂਡੇਸ਼ਨ, ਤਰਕਸ਼ੀਲ ਸੁਸਾਇਟੀ ਆਦਿ ਸੰਸਥਾਵਾਂ ਵੱਲੋਂ ਕਰਵਾਏ ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਹਰਦੇਵ ਅਰਸ਼ੀ ਨੇ ਕਿਹਾ ਕਿ ਅਮਨ ਦੀਆਂ ਤਾਕਤਾਂ ਹਮੇਸ਼ਾ ਜਿੱਤਦੀਆਂ ਰਹੀਆਂ ਹਨ ਅਤੇ ਉਨ੍ਹਾਂ ਦੀ ਬਦੌਲਤ ਦੁਨੀਆਂ ਭਰ ਵਿੱਚ ਬਹੁਤ ਸਾਰੀਆਂ ਜੰਗਾਂ ਟਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਕਸ਼ਮੀਰ ਮਸਲੇ ਦਾ ਹੱਲ ਹੋਵੇ ਇਸ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਲੋਕਾਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀ ਗੱਲ ਸੁਣ ਕੇ ਸਾਰਥਕ ਰਾਜਸੀ ਹੱਲ ਕੱਢਿਆ ਜਾਵੇ ਤਾਂ ਕਿ ਲੋਕਾਂ ਵਿੱਚੋਂ ਬੇਗਾਨਗੀ ਦੀ ਭਾਵਨਾ ਖ਼ਤਮ ਹੋਵੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਮੀਡੀਆ ਇਕ ਪਾਸੜ ਰਿਪੋਰਟਿੰਗ ਨਾ ਕਰੇ ਤਾਂ ਕਿ ਲੋਕਾਂ ਦੀ ਆਵਾਜ ਸੁਣਨ ਤੋਂ ਰਹਿ ਨਾ ਜਾਵੇ।
ਸੀਨੀਅਰ ਪੱਤਰਕਾਰ ਸz. ਮਾਣਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਦੋਨਾਂ ਸਰਕਾਰਾਂ ਨੂੰ ਆਪਸੀ ਮਸਲੇ ਸਾਰਕ ਮੰਡਲ ਵਿੱਚ ਬੈਠ ਕੇ ਹੱਲ ਕਰਨੇ ਚਾਹੀਦੇ ਹਨ ਕਿਉਂਕਿ ਦੋਹੀ ਪਾਸੇ ਵਸਦੇ ਲੋਕ ਸਦੀਆਂ ਤੋਂ ਇਕਠੇ ਰਹੇ ਹਨ ਅਤੇ ਇਨ੍ਹਾਂ ਦੀ ਜਿੰਦਗੀ ਦੀਆਂ ਬਹੁਤ ਸਾਰੀਆਂ ਪਰਪੰਰਾਵਾਂ ਅਤੇ ਸਰੋਕਾਰ ਸਾਂਝੇ ਹਨ। ਉਨ੍ਹਾਂ ਦੁੱਖ ਪ੍ਰਗਟ ਕੀਤਾ ਦੋਨੋਂ ਪਾਸੇ ਜੰਗ ਦੇ ਨਾ ਤੇ ਸਿਆਸਤ ਹੋ ਰਹੀਂ ਹੈ, ਜੋ ਕਿ ਮਨੁੱਖਤਾ ਦੇ ਖਿਲਾਫ਼ ਹੈ। ਉਨ੍ਹਾਂ ਬੀਤੇ ਦਿਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਅਮਨ ਪ੍ਰਸਤੀ ਲਈ ਕੀਤੇ ਗਏ ਮੁਜਾਹਰਿਆਂ ਦੀ ਸ਼ਲਾਘਾ ਕੀਤੀ।
ਸ੍ਰੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਸਾਮਰਾਜੀ ਤਾਕਤਾਂ ਦੀ ਆਪਸੀ ਖੈਹ ਬਾਜੀ ਕਾਰਨ ਜੰਗਾਂ ਤੇ ਜੰਗੀ ਮਾਹੌਲ ਉਸਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਬਹਾਦਰ ਲੋਕਾਂ ਦੀ ਪ੍ਰਸ਼ੰਸ਼ਾ ਕੀਤੀ ਕਿ ਉਨ੍ਹਾਂ ਬਿਨ੍ਹਾਂ ਮਤਲਬ ਪੈਦਾ ਕੀਤੇ ਖੋਫ਼ ਦੇ ਵਾਤਾਵਰਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਕ੍ਰਿਤ ਦੀ ਸਾਂਭ ਸੰਭਾਲ ਵੱਲ ਵਧੇਰੇ ਧਿਆਨ ਦਿੱਤਾ ਹੈ।
ਇਸ ਮੌਕੇ ਕਿਸਾਨ ਆਗੂ ਦਾਤਾਰ ਸਿੰਘ ਨੇ ਕਿਹਾ ਕਿ ਕਸ਼ਮੀਰ ਦੇ ਮਸਲੇ ਦਾ ਹੁਣ ਤੱਕ ਕੋਈ ਨਾ ਕੋਈ ਸਾਰਥਕ ਹੱਲ ਹੋ ਜਾਣਾ ਚਾਹੀਦਾ ਸੀ, ਜੇਕਰ ਰਾਜਸੀ ਲੋਕਾਂ ਨੇ ਇਸ ਖਿਤੇ ਵਿੱਚ ਰਹਿੰਦੇ ਵਸਨੀਕਾ ਦੇ ਦੁੱਖਾਂ ਤਕਲੀਫਾ ਦੀ ਗੱਲ ਗਹੁ ਨਾਲ ਸੁਣੀ ਹੁੰਦੀ। ਉਨ੍ਹਾਂ ਇਤਿਹਾਸਕ ਹਵਾਲੇ ਨਾਲ ਕਿਹਾ ਕਿ ਕਿਸ ਤਰ੍ਹਾਂ ਇਹ ਮਸਲਾ ਰਾਜਨੀਤਕ ਲੋਕਾਂ ਵੱਲੋਂ ਇਹ ਗੰਭੀਰ ਮਸਲਾਂ ਸੁਲਝਾਉਣ ਦੀ ਥਾਂ ਉਲਝਾਇਆ ਗਿਆ ਹੈ।ਮੌਜੂਦਾ ਜੰਗੀ ਮਾਹੌਲ ਤੇ ਕਟਾਕਸ਼ ਕਰਦਿਆਂ ਉਨ੍ਹਾਂ ਕਿਹਾ ਕਿ ਹਥਿਆਰ ਬਣਾਉਣ ਵਾਲੇ ਮੁਲਕਾਂ ਦੀ ਮੰਸ਼ਾ ਨੇ ਇਹ ਮਾਮਲਾ ਉਲਝਾਇਆ ਹੈ।ਇਸ ਲਈ ਸਾਡੇ ਲੋਕਾਂ ਨੂੰ ਇਹ ਸਾਰੀ ਸਥਿਤੀ ਸਮਝਦਿਆਂ ਜੰਗ ਤੇ ਜੰਗੀ ਮਾਹੌਲ ਦਾ ਵਿਰੋਧ ਕਰਨਾ ਚਾਹੀਦਾ ਹੈ।
ਸਮਾਗਮ ਨੂੰ ਵਿਧੀਵਤ ਰੂਪ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਨਿਭਾਇਆ। ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਨੂੰ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ. ਭੁਪਿੰਦਰ ਸਿੰਘ ਸੰਧੂ ਨੇ ਕਿਹਾ ਅਤੇ ਧੰਨਵਾਦ ਸ਼ਾਇਰ ਮਲਵਿੰਦਰ ਸਿੰਘ ਨੇ ਕੀਤਾ।ਇਸ ਮੌਕੇ ਗੁਰਦੇਵ ਸਿੰਘ ਮਹਿਲਾਂਵਾਲਾ, ਲਖਬੀਰ ਸਿੰਘ ਨਿਜਾਮਪੁਰਾ, ਦਰਸ਼ਨ ਦਰਦ, ਡਾ. ਇਕਬਾਲ ਕੌਰ ਸੌਂਦ, ਅਰਤਿੰਦਰ ਸੰਧੂ, ਧਰਵਿੰਦਰ ਔਲਖ, ਸੁਮੀਤ ਸਿੰਘ, ਅਮਰਜੀਤ ਸਿੰਘ ਬਾਈ, ਜਸਪਾਲ ਕੌਰ, ਸ਼ਾਇਰਾ ਕਵਲ, ਗੁਰਬਾਜ ਸਿੰਘ ਛੀਨਾ, ਡਾ. ਸੁਖਦੇਵ ਸਿੰਘ ਸੇਖੋਂ, ਡਾ. ਭੁਪਿੰਦਰ ਸਿੰਘ ਭਕਨਾ, ਧੰਨਵਤ ਸਿੰਘ, ਜਗਤਾਰ ਮਹਿਲਾਂਵਾਲਾ, ਦਿਲਬਾਗ ਸਿੰਘ, ਗੁਰਜਿੰਦਰ ਸਿੰਘ ਬਘਿਆੜੀ, ਹਰਜੀਤ ਸਿੰਘ ਰਾਜਾਸਾਂਸੀ, ਹਰੀਸ਼ ਸਾਬਰੀ, ਰੰਜੀਵ ਸ਼ਰਮਾ, ਕਿਰਨ ਵਿਜ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾਂ ਸੈਂਕੜੇ ਸਰੋਤੀਆਂ ਨੇ ਹਾਜ਼ਰੀ ਭਰੀ ਅਤੇ ਇਸ ਖਿਤੇ ਵਿੱਚ ਸਥਾਈ ਅਮਨ ਦੀ ਕਾਮਨਾ ਕੀਤੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media