Tuesday, August 11, 2026

ਦੁੱਧ ਦੀ ਪੈਦਾਵਾਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ ਪੰਜਾਬ – ਰਣੀਕੇ

ppn1510201608
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਪੰਜਾਬ ਦੁੱਧ ਦੇ ਉਤਪਾਦਨ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ ਅਤੇ ਡੇਅਰੀ ਵਿਭਾਗ ਵੱਲੋਂ ਉਤਪਾਦਨ ਦੇ ਨਾਲ-ਨਾਲ ਕੁਆਲਟੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਇੰਡੀਅਨ ਡੇਅਰੀ ਐਸੋਸੀਏਸ਼ਨ (ਨੋਰਥ ਜੋਨ) ਅਤੇ ਡੇਅਰੀ ਵਿਕਾਸ ਬੋਰਡ ਵੱਲੋਂ ”ਦੁੱਧ ਇੱਕ ਸੰਪੂਰਨ ਖੁਰਾਕ” ਵਿਸ਼ੇ ‘ਤੇ ਸਾਂਝੇ ਤੌਰ ‘ਤੇ ਕਰਾਏ ਰਾਜ ਪੱਧਰੀ ਸੈਮੀਨਾਰ ਮੌਕੇ ਬਲੋਦਿਆਂ ਕੀਤਾ। ਸ. ਰਣੀਕੇ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਸਦਕਾ ਪੰਜਾਬ ਦਾ ਡੇਅਰੀ ਵਿਭਾਗ ਤਰੱਕੀ ਦੀ ਰਾਹ ‘ਤੇ ਹੈ ਅਤੇ ਰਾਜ ਵਿੱਚ ਦੇਸ਼ ਦੇ ਦੁਧਾਰੂ ਪਸੂਆਂ ਦੇ ਕੇਵਲ 2.53% ਹਿੱਸੇ ਨਾਲ ਦੇਸ ਦੇ ਕੁਲ ਦੁੱਧ ਉਤਪਾਦਨ ਦਾ 7% ਦੁੱਧ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਰਾਜ ਸਰਕਾਰ ਵੱਲੋਂ ਡੇਅਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ ਜਿਸ ਵਿੱਚ ਢਾਂਚਾਗਤ ਸਹੂਲਤਾਂ ਦਾ ਵਿਸਥਾਰ, ਸਿੱਖਿਆ ਅਤੇ ਸਿਖਲਾਈ ਸਹੂਲਤਾਂ ਦਾ ਮਜਬੂਤੀਕਰਨ ਅਤੇ ਡੇਅਰੀ ਧੰਦੇ ਨੂੰ ਅਪਨਾਉਣ ਵਾਲਿਆਂ ਨੂੰ ਸਬਸਿੱਡੀ ‘ਤੇ ਵਿੱਤੀ ਸਹਾਇਤਾ ਉਪਲੱਬਧ ਕਰਾਉਣੀ ਸ਼ਾਮਲ ਹੈ।
ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਦੁੱਧ ਉਤਪਾਦਕਾਂ ਦਾ ਦੁਨੀਆਂ ਨਾਲ ਮੁਕਾਬਲਾ ਹੈ ਅਤੇ ਪੰਜਾਬ ਦੇ ਡੇਅਰੀ ਉਤਪਾਦਕਾਂ ਨੂੰ ਪੈਦਾਵਾਰ ਵਧਾਉਣ ਦੇ ਨਾਲ ਦੁੱਧ ਦੀ ਕੁਆਲਟੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਰਾਜ ਵਿੱਚ ਡੇਅਰੀ ਖੇਤਰ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਨਾਲ ਰਾਜ ਵਿੱਚ ਹਰ ਸਾਲ ਪਸ਼ੂ ਧੰਨ ਚੈਪੀਅਨਸ਼ਿਪ ਕਰਾ ਕੇ ਪਸ਼ੂ ਪਾਲਕਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਜੀ.ਐਸ. ਰਜੋਰੀਆ ਵਾਇਸ ਪ੍ਰੇਜੀਡੈਂਟ ਇੰਡੀਅਨ ਡੇਅਰੀ ਅਸੋਸੀਏਸਨ ਨਵੀਂ ਦਿੱਲੀ ਨੇ ਕਿਹਾ ਕਿ ਦੁੱਧ ਮਨੁੱਖੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤੀ ਜਰੂਰੀ ਹੈ ਅਤੇ ਇਸ ਦਾ ਉਪਯੋਗ ਕਈ ਬਿਮਾਰੀਆਂ ਨੂੰ ਦੂਰ ਰੱਖਣ ਲਈ ਵੀ ਲਾਹੇਵੰਦ ਹੈ। ਉਨਾਂ ਦੱਸਿਆ ਕਿ ਦੁਨੀਆਂ ਵਿਚ 900 ਮਿਲੀਅਨ ਲੋਕ ਪੋਸ਼ਟਿਕਤਾ ਦੀ ਕਮੀ ਕਾਰਨ ਰੋਗਾਂ ਵਿੱਚ ਗਰਸਤ ਹਨ। ਸ੍ਰੀ ਰਜੋਰੀਆ ਨੇ ਕਿਹਾ ਕਿ ਦੁੱਧ ਇੱਕ ਅਜਿਹੀ ਸੰਪੂਰਨ ਖੁਰਾਕ ਹੈ ਜੋ ਦੁਨੀਆ ਵਿਚ ਪੋਸ਼ਟਿਕਤਾ ਕਮੀ ਦੇ ਰੋਗਾਂ ਨੂੰ ਦੂਰ ਕਰਨ ਵਿਚ ਵੱਡਾ ਰੋਲ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਫੂਡ ਸਕਿਉਰਟੀ ਨੂੰ ਯਕੀਨੀ ਬਨਾਉਣ ਵਿਚ ਵੀ ਪਸੂ ਧੰਨ ਦਾ ਮਹੱਤਵਪੂਰਨ ਰੋਲ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜਾਨਾ ਪ੍ਰਤੀ ਵਿਅਕਤੀ 1032 ਗ੍ਰਾਮ ਦੁੱਧ ਉਪਲਬਧ ਹੈ ਫਿਰ ਵੀ ਰਾਜ ਦੀ ਨਵੀਂ ਪੀੜ੍ਹੀ ਦੁੱਧ ਅਤੇ ਦੁੱਧ ਪਦਾਰਥਾਂ ਦੀ ਬਜਾਏ ਫਾਸਟ ਫੂਡ ਅਤੇ ਕੋਲਡ ਡਰਿੰਕਸ ਨੂੰ ਤਰਜੀਹ ਦਿੰਦੀ ਹੈ।
ਸ. ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਦੁੱਧ ਪੀਣ ਦਾ ਰੁਝਾਨ ਵਧਾਉਣਾ ਹੈ ਤਾਂ ਕਿ ਉਹ ਦੁੱਧ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਅਤੇ ਤੰਦਰੁਸਤੀ ਦੇ ਰਸਤੇ ਚੱਲਣ। ਉਨ੍ਹਾਂ ਕਿਹਾ ਕਿ ਇਸ ਤਹਿਤ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 11ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਕੈਂਪ ਲਗਾਏ ਗਏੇ ਹਨ। ਇਨ੍ਹਾਂ ਕੈਂਪਾਂ ਵਿੱਚ ਮਾਹਰਾਂ ਵੱਲੋਂ ਮਨੁੱਖੀ ਸਿਹਤ ਖਾਸ ਤੌਰ ਤੇ ਵਧਦੇ ਬੱਚਿਆਂ ਲਈ ਦੁੱਧ ਦੇ ਮਹੱਤਵ, ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੇ ਢੰਗ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਦੁੱਧ ਦੇ ਵਿਸ਼ੇ ਤੇ ਲੇਖ ਮੁਕਾਬਲੇ ਕਰਾਏ ਗਏ ਹਨ।
ਸੈਮੀਨਾਰ ਦੇ ਟੈਕਨੀਕਲ ਸ਼ੈਸ਼ਨ ਦੌਰਾਨ ਡਾ. ਅਮਨਦੀਪ ਸਰਮਾ ਨੇ ਡੇਅਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਭਾਵ ਦੁੱਧ ਪੈਦਾ ਕਰਨ, ਦੁੱਧ ਖਰੀਦ/ਵੇਚਣ, ਦੁੱਧ ਤੋਂ ਦੁੱਧ ਪਦਾਰਥ ਬਣਾਉਣ ਅਤੇ ਦੁੱਧ ਤੇ ਦੁੱਧ ਪਦਾਰਥਾਂ ਦਾ ਵਪਾਰੀ ਬਣ ਕੇ ਰੁਜ਼ਗਾਰ ਪ੍ਰਾਪਤ ਕਰਨ ਤੋਂ ਇਲਾਵਾ ਮਿਲਕ ਪਲਾਂਟਾਂ, ਦੁੱਧ ਦੇ ਵਪਾਰ ਵਿੱਚ ਲੱਗੇ ਵੱਡੇ ਵਪਾਰੀਆਂ ਅਤੇ ਕੰਪਨੀਆਂ ਵਿੱਚ ਨੌਕਰੀ ਦੇ ਰੂਪ ਵਿੱਚ ਰੁਜਗਾਰ ਦੀਆਂ ਸੰਭਾਵਨਾਵਾਂ ਹਨ। ਇਸ ਸਬੰਧੀ ਉਨ੍ਹਾਂ ਤਕਨੀਕੀ ਸਿੱਖਿਆ ਦੇ ਕੋਰਸਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਸੈਮੀਨਾਰ ਦੇ ਅਖੀਰ ਵਿੱਚ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਜੋਗਿੰਦਰ ਸਿੰਘ, ਯਾਦਵਿੰਦਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਵੇਰਕਾ, ਤਰਸੇਮ ਸਿੰਘ ਸਿਆਲਕਾ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply