
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਹਾਕੀ ਖੇਡ ਖੇਤਰ ਦੇ ਵਿਸ਼ਵ ਪੱਧਰੀ ਖਾਕੇ ਤੇ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਕਾਰਜਸ਼ੈਲੀ ਤੇ ਪ੍ਰਾਪਤੀਆਂ ਨੂੰ ਜਾਨਣ ਲਈ ਮੈਂਬਰ ਰਾਜ ਸਭਾ ਇੰਜੀਨੀਅਰ ਸ਼ਵੇਤ ਮਲਿਕ ਅੱਜ ਉਚੇਚੇ ਤੌਰ ਂਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਿਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਪਹੁੰਚੇ। ਇਸ ਦੌਰਾਨ ਅਕੈਡਮੀ ਦੇ ਮੁੱਖ ਸੰਚਾਲਕ ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਜੀ.ਐਨ.ਡੀ.ਯੂ. ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ. (ਡਾ.) ਸੁਖਦੇਵ ਸਿੰਘ, ਉਘੇ ਖੇਡ ਪ੍ਰਮੋਟਰ ਅਤੇ ਅਕੈਡਮੀ ਦੇ ਸਰਕਦਾ ਅਹੁਦੇਦਾਰ ਕਾਬਲ ਸਿੰਘ ਲਾਲੀ ਔਲਖ ਸਮੇਤ ਅਕੈਡਮੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਅਕੈਡਮੀ ਦੀਆਂ ਪ੍ਰਾਪਤੀਆਂ ਉਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਜਿਸ ਕਲਪਨਾ ਨੂੰ ਲੈ ਕੇ ਅੱਜ ਤੋਂ 15 ਸਾਲ ਪਹਿਲਾਂ ਅਕੈਡਮੀ ਨੂੰ ਹੋਂਦ ਵਿਚ ਲਿਆਂਦਾ ਗਿਆ ਸੀ ਉਸਨੂੰ ਹਕੀਕੀ ਰੂਪ ਮਿਲ ਗਿਆ ਹੈ ਤੇ ਜਿਥੇ ਅਕੈਡਮੀ ਦੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਰੀਓ-ਉਲੰਪਿਕ ਵਿੱਚ ਅਕੈਡਮੀ ਦੇ ਅੰਤਰਰਾਸ਼ਟਰੀ ਖਿਡਾਰੀ ਰਮਨਦੀਪ ਸਿੰਘ ਨੇ ਸ਼ਮੂਲੀਅਤ ਕਰਕੇ ਹੋਰ ਵੀ ਮਾਣ ਵਧਾਇਆ ਹੈ। ਜਦੋਂ ਕਿ ਇਕ ਹੋਰ ਖਿਡਾਰੀ ਹਰਸਾਹਿਬ ਸਿੰਘ ਨੇ ਜਿਥੇ ਇੰਡੀਆ ਕੈਂਪ ਦੇ ਵਿੱਚ ਸ਼ਾਮਿਲ ਹੋਣ ਦਾ ਮਾਣ ਹਾਸਿਲ ਕੀਤਾ ਉਥੇ ਆਲ ਇੰਡੀਆ ਯੂਨੀਵਰਸਿਟੀ ਟੀਮ ਦੀ ਕਪਤਾਨੀ ਕਰਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਜਦੋਂ ਕਿ ਅਕੈਡਮੀ ਦੇ ਕਈ ਖਿਡਾਰੀ ਰਾਜ ਤੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਚੰਗੇ ਅਹੁਦਿਆਂ ਤੇ ਬਿਰਾਜਮਾਨ ਹਨ। ਇਸ ਮੌਕੇ ਮੁੱਖ ਮਹਿਮਾਨ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ ਅਕੈਡਮੀ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਦਾ ਇਜ਼ਹਾਰ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਸੰਸਥਾ ਦਾ ਐਨੇ ਘੱਟ ਸਮੇਂ ਵਿੱਚ ਐਨੀਆਂ ਵੱਡੀਆਂ ਪ੍ਰਾਪਤੀਆਂ ਕਰਨਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਾਸਤੇ ਫਖਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਗਰ ਅਕੈਡਮੀ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਐਵੇਂ ਹੀ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਹਾਕੀ ਦੀ ਤੂਤੀ ਵਿਸ਼ਵ ਪੱਧਰ ਤੇ ਬੋੋਲੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਹਾਕੀ ਖਿਡਾਰੀਆਂ ਨੂੰ ਤਕਨੀਕੀ ਹਾਕੀ ਸਿੱਖਿਆ ਦੇਣ ਦੇ ਮੰਤਵ ਨਾਲ ਅਕੈਡਮੀ ਪ੍ਰਬੰਧਕਾਂ ਨੂੰ 2 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਅੰਡਰ-14,17,19 ਸਾਲ ਉਮਰ ਵਰਗ ਦੇ ਖਿਡਾਰੀਆਂ ਨੂੰ ਮੁਕੰਮਲ ਖੇਡ ਕਿੱਟਾਂ ਵੀ ਪ੍ਰਦਾਨ ਕੀਤੀਆਂ। ਇਸ ਮੌਕੇ ਡਾ. ਹਰਵਿੰਦਰ ਸਿੰਘ ਸੰਧੂ, ਵਰੁਣ ਪੁਰੀ, ਸੁਖਜੀਤ ਕੌਰ ਸ਼ੰਮੀ, ਰਣਜੀਤ ਸਿੰਘ, ਮਨਜੀਤ ਸਿੰਘ, ਪਰਸ਼ਨ ਸਿੰਘ, ਪ੍ਰਵੀਨ ਕੁਮਾਰ, ਕੁਲਜੀਤ ਸਿੰਘ ਹੁੰਦਲ, ਐਸ.ਐਸ. ਮਾਨ, ਮਨਿੰਦਰ ਸਿੰਘ, ਨਰਿੰਦਰ ਠਾਕੁਰ, ਕੁਲਜੀਤ ਸਿੰਘ ਬਾਬਾ, ਅਵਤਾਰ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਹੋਏ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media