
ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਪੋਸਟ ਬਿਊੋਰੋ) – ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਵਿਚ ਪਹਿਲੀ ਵਾਰ ਸਿੱਖ ਬੀਬੀਆਂ ਵੱਲੋਂ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ, ਭੈਣਜੀ ਬੇਬੇ ਨਾਨਕੀ ਜੀ ਅਤੇ ਪਤਨੀ ਮਾਤਾ ਸੁਲਖਣੀ ਜੀ ਦੀ ਯਾਦ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਵਿਚ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੰਬੰਧੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਮੁਖੀ ਬੀਬੀਆਂ ਦੀ ਸੱਦੀ ਗਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਗੱਲ ਦਾ ਐਲਾਨ ਕੀਤਾ।
ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਬੀਬੀਆਂ ਨੂੰ ਰਾਜਾਵਾਂ ਦੀ ਜਨਨੀ ਦੱਸਦੇ ਹੋਏ ਬੁਰਾ ਨਾ ਕਹਿਣ ਦੀ ਜੋ ਤਾਕੀਦ ਕੀਤੀ ਸੀ ਉਸ ਫਲਸਫ਼ੇ ਨੂੰ ਵੱਡੇ ਪੱਧਰ ‘ਤੇ ਸੰਗਤਾਂ ਵਿਚ ਪਹੁੰਚਾਉਣ ਲਈ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਤਕ 12 ਨਵੰਬਰ ਨੂੰ ਸੱਜਣ ਵਾਲੇ ਨਗਰ ਕੀਰਤਨ ਵਿਚ ਇਸ ਵਾਰ ਵਿਸ਼ੇਸ਼ ਤੌਰ ਤੇ ਇਸਤਰੀ ਸਤਿਸੰਗ ਜਥਿਆਂ ਵੱਲੋਂ ਵੱਡੇ ਪੱਧਰ ‘ਤੇ ਹਾਜ਼ਰੀ ਭਰਨ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਜੀ.ਕੇ. ਨੇ ਦੱਸਿਆ ਕਿ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ 11 ਨਵੰਬਰ ਤੋਂ 13 ਨਵੰਬਰ ਤਕ ਰੱਖੇ ਜਾਣ ਵਾਲੇ ਸੀz ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੋਂ ਸਮਾਪਤੀ ਤਕ ਦੀ ਪੂਰੀ ਸੇਵਾ ਬੀਬੀਆਂ ਵੱਲੋਂ ਨਿਭਾਈ ਜਾਵੇਗੀ।ਇਸ ਸੇਵਾ ਨੂੰ ਨਿਭਾਉਣ ਲਈ ਕਮੇਟੀ ਵੱਲੋਂ ਬਾਹਰੋਂ ਆਇਆ ਬੀਬੀਆਂ ਦੀ ਰਿਹਾਇਸ਼ ਦਾ ਵੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। 13 ਨਵੰਬਰ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਸਿਰਫ਼ ਇਸਤਰੀ ਸਤਿਸੰਗ ਦੇ ਜਥੇ ਹੀ ਗੁਰੂ ਜਸ ਸੰਗਤਾਂ ਨੂੰ ਸਰਵਨ ਕਰਾਉਣਗੇ। ਇਸ ਸਾਰੀ ਮੁਹਿੰਮ ਵਿੱਚ ਥਾਂ-ਥਾਂ ‘ਤੇ ਨਗਰ ਕੀਰਤਨ ਤੇ ਕੀਰਤਨ ਸਮਾਗਮ ਦੌਰਾਨ ਪ੍ਰਚਾਰ ਸਾਮਗ੍ਰੀ ਦੇ ਰਾਹੀਂ ਸਿੱਖ ਧਰਮ ਦੀ ਸਥਾਪਨਾ ਵਿਚ ਤਿੰਨੋਂ ਮਾਣਮੱਤੀ ਸਖਸ਼ੀਅਤਾਂ ਵੱਲੋਂ ਪਾਏ ਗਏ ਯੋਗਦਾਨ ਦਾ ਵੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਵੇਗਾ।
ਜੀ.ਕੇ. ਨੇ ਬੀਬੀਆਂ ਨੂੰ ਪ੍ਰਚਾਰਕ ਬਣਕੇ ਪਤਿਤਪੁਣੇ ਅਤੇ ਨਸ਼ੇ ਵਰਗੀ ਲਾਹਨਤਾ ਤੇ ਰੋਕ ਲਗਾਉਣ ਲਈ ਘਰ-ਘਰ ਤਕ ਪਹੁੰਚ ਕਰਕੇ ਧਰਮ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਜੀ.ਕੇ. ਨੇ ਕਿਹਾ ਕਿ ਕੇਵਲ ਬਾਣੀ ਪੜ੍ਹਨ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਸਗੋਂ ਬਾਣੀ ਨੂੰ ਮਨ ਵਿੱਚ ਧਾਰਣ ਕਰਕੇ ਗੁਰਮਤਿ ਦੀ ਰੋਸ਼ਨੀ ਅਤੇ ਬਾਣੇ ਵਿਚ ਰਹਿਣਾ ਅਸਲ ਕਸੌਟੀ ਹੈ। ਗੁਰ ਨਾਨਕ ਸਾਹਿਬ ਨੇ ਜਿਨ੍ਹਾਂ ਸ਼ੁਭ ਅਮਲਾਂ ਨੂੰ ਸੰਭਾਲਦੇ ਹੋਏ ਘਰ-ਘਰ ਅੰਦਰ ਧਰਮਸ਼ਾਲ ਬਣਾਉਣ ਦਾ ਜੋ ਆਦੇਸ਼ ਦਿੱਤਾ ਸੀ ਇਹ ਉਸੇ ਕੜੀ ਨੂੰ ਸੰਭਾਲਣ ਦੀ ਕੋਸ਼ਿਸ਼ ਹੈ।
ਪ੍ਰਕਾਸ਼ ਪੁਰਬ ਮੌਕੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਣ ਵਾਲਾ ਰਵਾਇਤੀ ਸਮਾਗਮ 14 ਨਵੰਬਰ ਨੂੰ ਹੋਣ ਦੀ ਜੀ.ਕੇ. ਨੇ ਜਾਣਕਾਰੀ ਦਿੱਤੀ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਇਸਤਰੀ ਅਕਾਲੀ ਦਲ ਦੀ ਸਰਪ੍ਰਸਤ ਬੀਬੀ ਪ੍ਰਕਾਸ਼ ਕੌਰ, ਆਗੂ ਬੀਬੀ ਰਣਜੀਤ ਕੌਰ ਤੇ ਬੀਬੀ ਨਰਿੰਦਰ ਕੌਰ ਨੂੰ ਪ੍ਰੋਗਰਾਮ ਸੁੱਚਜੇ ਢੰਗ ਨਾਲ ਕਰਾਉਣ ਲਈ ਆਪਸੀ ਤਾਲਮੇਲ ਬਣਾਉਣ ਦੀ ਵੀ ਜੀ.ਕੇ. ਨੇ ਹਿਦਾਇਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਆਈਆਂ ਬੀਬੀਆਂ ਨੇ ਕਮੇਟੀ ਵੱਲੋਂ ਮਹਿਲਾ ਸ਼ਕਤੀ ਨੂੰ ਸਾਮਾਜਿਕ ਤੌਰ ‘ਤੇ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਲਾਘਾ ਕੀਤੀ।
Punjab Post Daily Online Newspaper & Print Media