
ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਨੇੜੇ ਰਹਿਣ ਜਗਜੀਤ ਸਿੰਘ, ਜੋ ਹੁਣ ਇੰਗਲੈਂਡ ਵਿਚ ਹਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸਤਿਗੁਰਾਂ ਨੇ ਇੱਕ ਐਸੀ ਬਖਸ਼ਿਸ਼ ਕੀਤੀ ਤੇ ਉਹ ਸਿੱਖੀ ਦਾ ਸਰੂਪ ਤੇ ਮਾਂ ਬੋਲੀ ਸਾਰੇ ਸੰਸਾਰ ਵਿਚ ਪਹੁੰਚਾਉਣ ਲਈ ਯਤਨਸ਼ੀਲ ਹਨ।ਵਿਦੇਸ਼ਾਂ ਵਿੱਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਅਟੈਕ ਕੀਤਾ ਜਾਂਦਾ ਰਿਹਾ ਹੈ ਅਤੇ ਐਸੇ ਬਹੁਤ ਸਾਰੇ ਹਾਦਸੇ ਹੋ ਚੁੱਕੇ ਨੇ, ਜਿਨ੍ਹਾਂ ਦੇ ਕਾਰਨ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਵੀ ਹੋ ਚੁੱਕੇ ਨੇ।ਉਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਜਗਜੀਤ ਸਿੰਘ ਨੇ ਸਾਬਤ-ਸੂਰਤ ਹੋ ਕੇ ਬਾਣੀ ਤੇ ਬਾਣੇ ਦੇ ਧਾਰਣੀ ਹੋ ਕੇ, ਦਾੜਾ ਖੁੱਲਾ ਛੱਡ ਕੇ, ਦਸਤਾਰ ਸਜਾ ਕੇ ਦੌੜਾਕ ਬਣੇ ਹਨ ਅਤੇ ਉਨਾਂ ਨੇ ਬਹੁਤ ਸਾਰੇ ਦੇਸ਼ਾਂ ਵਿਚ ਜਿਥੇ ਹਜਾਰਾਂ ਦੀ ਗਿਣਤੀ ਵਿਚ ਦੌੜਾਕ ਆਉਂਦੇ ਨੇ ਅਤੇ ਲੱਖਾਂ ਦਰਸ਼ਕ ਦੇਖਦੇ ਨੇ, ਉਨ੍ਹਾਂ ਦਰਸ਼ਕਾਂ ਵਿਚ ਜਾ ਕੇ ਮੈਰਾਥਨ ਦੌੜਾਂ ਵਿਚ ਕਾਬਯਾਬੀ ਪ੍ਰਾਪਤ ਕੀਤੀ।ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਉਹ ‘ਪ੍ਰਸ਼ਾਦਾ-ਪਾਣੀ, ਦਾਲ-ਰੋਟੀ ਛਕ ਕੇ ਹੀ ਇਹ ਦੌੜਾਂ ਵਿਚ ਹਿੱਸਾ ਲੈਂਦੇ ਨੇ।ਜਿਹੜੇ ਅੱਜ ਇਹ ਗੱਲ ਕਹਿੰਦੇ ਨੇ ਕਿ ਜੋ ਐਥਲੀਟ ਨੇ ਉਨ੍ਹਾਂ ਵਾਸਤੇ ਮਾਸਾਹਾਰੀ ਭੋਜਨ ਜਾਂ ਹੋਰ ਇਸ ਤਰ੍ਹਾਂ ਦੇ ਪ੍ਰੋਟੀਨ ਲੈਣੇ ਜਰੂਰੀ ਨੇ, ਪਰ ਇਨ੍ਹਾਂ ਦੀ ਦੌੜ ਨੇ ਇਹ ਸਿੱਧ ਕੀਤਾ ਹੈ ਕਿ ਇਹ ਜਰੂਰੀ ਨਹੀਂ, ਜਰੂਰੀ ਹੈ ਤਾਂ ਗੁਰੂ ਦੀ ਅਸੀਸ, ਗੁਰੂ ਦੀ ਬਖਸ਼ਿਸ਼।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅੱਜ ਸਿੱਖ ਦੇਸ਼-ਵਿਦੇਸ਼ ਵਿਚ ਬਹੁਤ ਚੜ੍ਹਦੀ ਕਲਾ ਨਾਲ ਵਿੱਚਰ ਰਹੇ ਹਨ।ਓਥੇ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਸਿੱਖਾਂ ਦੇ ਵਿਚ ਫੌਜਾ ਸਿੰਘ ਮੈਰਾਥਨ ਦੌੜਾਂ ਕਰਦੇ ਸਨ, ਓਸੇ ਪ੍ਰਕਾਰ ਹੀ ਜਗਜੀਤ ਸਿੰਘ, ਜਿਨ੍ਹਾਂ ਦੇ ਬਾਰੇ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਵਿਚ ਲਿਆਂਦਾ ਸੀ, ਅੱਜ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ।ਉਹ ਵੱਖ ਵੱਖ ਦੇਸ਼ਾਂ ਵਿਚ ਇਹ ਮੈਰਾਥਨ ਦੌੜਾਂ ਵਿਚ ਹਿੱਸਾ ਲੈ ਚੁੱਕੇ ਨੇ ਅਤੇ 7 ਮਹਾਦੀਪਾਂ ਵਿਚ ਦੌੜਾਂ ਜਿੱਤੀਆਂ ਹਨ।ਹੁਣ ਵੀ 7 ਦਿਨ ਵਿਚ ਇਹ 7 ਮਹਾਂਦੀਪਾਂ ਵਿਚ ਇਹ ਮੈਰਾਥਨ ਦੌੜਾਂ ਵਿਚ ਹਿੱਸਾ ਲੈਣ ਵਾਸਤੇ ਜਾ ਰਹੇ ਹਨ।ਸਤਿਗੁਰਾਂ ਦੇ ਚਰਨ੍ਹਾਂ ਵਿਚ ਅਰਦਾਸ ਬੇਨਤੀ ਹੈ ਕਿ ਇਨ੍ਹਾਂ ਨੂੰ ਸਤਿਗੁਰੂ ਕਾਬਯਾਬੀ ਬਖਸ਼ਿਸ਼ ਕਰਨ ਅਤੇ ਇਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।ਇਸ ਦੇ ਨਾਲ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦਾ ਸਾਰਾ ਹੀ ਪਰਿਵਾਰ ਬੱਚੇ-ਬੱਚੀਆਂ ਅੰਮ੍ਰਿਤਧਾਰੀ ਨੇ ਅਤੇ ਸਾਰਾ ਪਰਿਵਾਰ ਚਾਹ ਵੀ ਨਹੀਂ ਪੀਦੇ, ਜੋ ਇੱਕ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਪ੍ਰਚਾਰ ਦੇ ਨਾਲ-ਨਾਲ ਬੱਚਿਆਂ ਦੇ ਸਾਹਮਣੇ ਕੁੱਝ ਦੇਖਣ ਵਿਚ ਵੀ ਆਵੇ, ਜਿਵੇ ‘ਚਾਰ ਸਾਹਿਬਜ਼ਾਦੇ’ ਐਨੀਮੇਸ਼ਨ ਫਿਲਮ ਆਈ, ਉਸ ਤੋਂ ਬੱਚੇ ਪ੍ਰਭਾਵਿਤ ਹੋਏ।ਜਿਸ ਤਰ੍ਹਾਂ ਜਗਜੀਤ ਸਿੰਘ, ਫੌਜਾ ਸਿੰਘ ਵਰਗੇ ਦੌੜਾਕ ਬੱਚਿਆਂ ਦੇ ਸਾਹਮਣੇ ਦੌੜਦੇ ਨੇ ਤਾਂ ਬੱਚੇ-ਬੱਚੀਆਂ ਉਪਰ ਬਹੁਤ ਵੱਡਾ ਅਸਰ ਹੁੰਦਾ ਹੈ।ਇਹ ਬਹੁਤ ਵੱਡਾ ਪ੍ਰਚਾਰ ਦਾ ਸਾਧਨ ਹੈ।ਮੇਰੀ ਅਰਦਾਸ ਹੈ ਸਤਿਗੁਰਾਂ ਦੇ ਦੇ ਚਰਨ੍ਹਾਂ ਵਿਚ ਕਿ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਨੋਜਵਾਨ ਬੱਚੇ-ਬੱਚੀਆਂ ਜੋ ਦੌੜ ਸਕਦੇ ਨੇ, ਇਸ ਤਰ੍ਹਾਂ ਦੌੜਾਂ ਵਿਚ ਹਿੱਸਾ ਲੈਣ।ਕਿਉੇਂਕਿ ਇਹ ਸਿਖਲਾਈ ਵੀ ਦਿੰਦੇ ਨੇ ਅਤੇ ਬਿਲਕੁਲ ਫ੍ਰੀ ਦਿੰਦੇ ਨੇ। ਬਿਨ੍ਹਾਂ ਕਿਸੇ ਲਾਲਚ ਤੋਂ ਸਿਰਫ ਪ੍ਰਚਾਰ ਨੂੰ ਧਿਆਨ ਵਿਚ ਰੱਖ ਕੇ ਜੋ ਮੈਰਾਥਨ ਦੌੜਾਂ ਦੇ ਇਛੁਕ ਨੇ ਉਨ੍ਹਾਂ ਨੂੰ ਇਹ ਸਿਖਲਾਈ ਵੀ ਦਿੰਦੇ ਨੇ।ਇਹ ਵੀ ਇੱਕ ਇਨ੍ਹਾਂ ਦੀ ਬਹੁਤ ਵੱਡੀ ਸੇਵਾ ਹੈ।ਸਾਨੂੰ ਚਾਹੀਦਾ ਹੈ ਕਿ ਕਿ ਐਸੇ ਗੁਰਸਿੱਖਾਂ ਤੋਂ ਪ੍ਰੇਰਨਾ ਲੈ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਆਪਣੀ ਮਾਂ ਬੋਲੀ ਪੰਜਾਬੀ ਨੂੰ ਦੇਸ਼ ਵਿਦੇਸ਼ਾਂ ਵਿਚ ਪ੍ਰਸਾਰਿਤ ਕਰੀਏ।
Punjab Post Daily Online Newspaper & Print Media