Thursday, June 25, 2026

24, 25 ਅਕਤੂਬਰ ਦੇ ਸਮਾਗਮਾਂ ਸੰਬੰਧੀ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਟਰੈਫਿਕ ਤੇ ਪਾਰਕਿੰਗ ਦੇ ਬਦਲਵੇਂ ਪ੍ਰਬੰਧ

ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ 24 ਅਤੇ 25 ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਅੰਮ੍ਰਿਤਸਰ ਪੁਲੀਸ ਵੱਲੋਂ ਟ੍ਰੈਫਿਕ ਦੇ ਬਦਲਵੇਂ ਰੂਟ ਬਣਾਏ ਗਏ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਸ੍ਰੀ ਲੋਕਨਾਥ ਆਂਗਰਾ ਨੇ ਦੱਸਿਆ ਕਿ ਮਿਤੀ 24 ਅਤੇ 25 ਅਕਤੂਬਰ ਨੂੰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਸੰਗਤ ਆਪਣੇ ਵਾਹਨ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਪਾਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸੁਲਤਾਨਵਿੰਡ ਗੇਟ ਤੋਂ ਸਰਾਂ ਤੱਕ ਢੋਲੀਆਂ ਵਾਲੇ ਬਜਾਰ ਤੋਂ ਨਾਗਪਾਲ ਨਰਸਿੰਗ ਹੋਮ ਵਾਲੇ ਰਸਤੇ ਤੋਂ ਗਲਿਆਰਾ ਪਾਰਕਿੰਗ ਵਿਚ ਵਾਹਨ ਪਾਰਕ ਕਰਨ। ਐਲੀਵੇਟਿਡ ਰੋਡ ਦੇ ਹੇਠਾਂ ਟਰਾਂਸਪੋਰਟ ਨਗਰ ਵਿਖੇ ਵੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਪੈਦਲ ਜਾਣ ਵਾਸਤੇ ਵੀ ਪੁਲੀਸ ਵੱਲੋਂ ਰੂਟ ਨਿਰਧਾਰਿਤ ਕੀਤਾ ਗਿਆ ਹੈ ਜਿਸ ਤਹਿਤ ਹਾਲ ਗੇਟ ਤੋਂ ਆਉਣ ਵਾਲੀ ਸੰਗਤ ਕਟੜਾ ਜੈਮਲ ਸਿੰਘ ਤੋਂ ਕਟੜਾ ਆਹਲੂਵਾਲੀਆ, ਜਲੇਬੀਆਂ ਬਾਲਾ ਚੌਂਕ ਵਾਇਆ ਕਰੰਮੋ ਡਿਊੜੀ ਚੌਂਕ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਸਕਦੇ ਹਨ। ਸੁਲਤਾਨਵਿੰਡ ਗੇਟ ਤੋਂ ਕਹੀਆਂ ਵਾਲਾ ਬਜਾਰ ਤੋਂ ਢੋਲੀ ਮੁਹੱਲਾ ਤੋਂ ਨਾਗਪਾਲ ਹਸਪਤਾਲ ਮੋੜ ਤੋਂ ਸਰਾਂ ਗੇਟ ਤੱਕ ਪਹੁੰਚਿਆ ਜਾ ਸਕਦਾ ਹੈ।ਪੁਲੀਸ ਕਮਿਸ਼ਨਰ ਸ੍ਰੀ ਆਂਗਰਾ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੀ ਸੰਗਤ ਘਿਓ ਮੰਡੀ ਚੌਂਕ ਤੋਂ ਮੋੜ ਬਾਗ, ਰਾਮਾਨੰਦ ਮੋੜ ਤੋਂ ਲੱਕੜ ਮੰਡੀ ਮੋੜ ਤੋਂ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਦੀ ਹੁੰਦੇ ਹੋਏ ਸਰਾਂ ਗੇਟ ਤੱਕ ਪਹੁੰਚ ਸਕਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਹਾਲ ਗੇਟ ਅਤੇ ਬੁਰਜ ਫੂਲਾ ਸਿੰਘ ਤੋਂ ਸ਼ਰਧਾਲੂਆਂ ਦੀ ਸੁਵਿਧਾ ਲਈ ਮੁਫਤ ਬੱਸਾਂ ਵੀ ਲਗਾਈਆਂ ਗਈਆਂ ਹਨ ਜੋ ਕਿ ਸ਼ਰਧਾਲੂਆਂ ਨੂੰ ਸਰਾਂ ਗੇਟ ਵਾਲੇ ਪਾਸੇ ਲੈ ਕੇ ਜਾਣਗੀਆਂ ਅਤੇ ਵਾਪਸ ਵੀ ਲੈ ਕੇ ਆਉਣਗੀਆਂ।ਇਨ੍ਹਾਂ ਸਾਰੇ ਰੂਟ ‘ਤੇ ਪਾਰਕਿੰਗ ਦੇ ਪ੍ਰਬੰਧਾਂ ਸੰਬੰਧੀ ਸੰਗਤਾਂ ਦੀ ਸੁਵਿਧਾ ਲਈ ਫਲੈਕਸ ਬੋਰਡ ਵੀ ਲਗਾਏ ਗਏ ਹਨ।ਸ੍ਰੀ ਆਂਗਰਾ ਨੇ ਦੱਸਿਆ ਕਿ ਤਰਨਤਾਰਨ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਸੰਗਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੀ ਪਾਰਕਿੰਗ ਵਿਚ ਆਪਣੇ ਵਾਹਨ ਪਾਰਕ ਕਰਕੇ ਪੈਦਲ ਗੁਰਦੁਆਰਾ ਰਾਮਸਰ ਸਾਹਿਬ ਤੋਂ ਗੁਰਦੁਆਰਾ ਬਾਬਾ ਅਟੱਲ ਰਾਏ (ਰਾਮਸਰ ਰੋਡ) ਰਾਹੀਂ ਸ੍ਰੀ ਦਰਬਾਰ ਸਾਹਿਬ ਜਾ ਸਕਦੇ ਹਨ।
ਵਾਹਨਾਂ ਦੀ ਪਾਰਕਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਸ੍ਰੀ ਲੋਕ ਨਾਥ ਆਂਗਰਾ ਨੇ ਦੱਸਿਆ ਕਿ ਪੇਅਡ ਪਾਰਕਿੰਗ (ਸਾਰਾਗੜੀ ਪਾਰਕਿੰਗ) 24 ਅਕਤੂਬਰ ਦੁਪਹਿਰ 1 ਵਜੇ ਤੋਂ 25 ਅਕਤੂਬਰ ਰਾਤ 9 ਵਜੇ ਤੱਕ ਬੰਦ ਰਹੇਗੀ ਅਤੇ ਇਨ੍ਹਾਂ ਗੱਡੀਆਂ ਦੀ ਪਾਰਕਿੰਗ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕੀਤੀ ਜਾ ਸਕਦੀ ਹੈ।ਹਾਲ ਗੇਟ ਦੇ ਅੰਦਰ ਜਾਣ ਵਾਲੀ ਟਰੈਫਿਕ ਦੀ ਪਾਰਕਿੰਗ ਮੱਛੀ ਮੰਡੀ ਵਿਖੇ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਐਲੀਵੇਟਿਡ ਰੋਡ ਦੇ ਹੇਠਾਂ (ਟਰਾਂਸਪੋਰਟ ਨਗਰ) ਦੀ ਟਰੈਫਿਕ ਵਿਵਸਥਾ ਸੰਬੰਧੀ ਉਥੇ ਮੌਜੂਦ ਖਾਲੀ ਥਾਂ ‘ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਨੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਖੱਜਲ ਖੁਆਰੀ ਤੋਂ ਬਚਣ ਲਈ ਪੁਲੀਸ ਵਲੋਂ ਨਿਰਧਾਰਿਤ ਟਰੈਫਿਕ ਰੂਟ ਦੀ ਪਾਲਣਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਦਰਸ਼ਾਏ ਰੂਟ ਅਨੁਸਾਰ ਰਸਤੇ ਦੀ ਵਰਤੋਂ ਕਰਨ ਜਾਂ ਵਾਹਨਾਂ ਦੀ ਪਾਰਕਿੰਗ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੁਲੀਸ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਪ੍ਰਕਾਰ ਦੀ ਸਹਾਇਤਾ ਸੰਬੰਧੀ ਏ.ਡੀ.ਸੀ.ਪੀ. ਟਰੈਫਿਕ ਦੇ ਮੋਬਾਇਲ ਨੰਬਰ 97811-30115 ਜਾਂ ਟਰੈਫਿਕ ਪੁਲੀਸ ਕੰਟਰੋਲ ਰੂਮ ਦੇ ਨੰਬਰ 97811-30630 ਜਾਂ ਏ.ਸੀ.ਪੀ. ਟਰੈਫਿਕ ਦੇ ਨੰਬਰ 97811-65600 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply