
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਆਫ ਅੰਮ੍ਰਿਤਸਰ (ਰਜਿ.) ਵੱਲੋਂ ਪੰਜਾਬੀ ਲੋਕ ਸੰਗੀਤ ਅਤੇ ਸੱਭਿਆਚਾਰ ਦੀ ਨੁਹਾਰ ਪੇਸ਼ ਕਰਦਾ ਬੈਸਟ ਸਿੰਗਰ, ਸੁੰਦਰ ਦਸਤਾਰ ਐਵਾਰਡ, ਬੈਸਟ ਪੰਜਾਬੀ ਗੱਭਰੂ ਅਤੇ ਸੁੰਦਰ ਪੰਜਾਬਣ ਐਵਾਰਡ ਦਾ ਓਪਨ ਸੰਗੀਤਕ ਅਤੇ ਸੱਭਿਆਚਾਰਕ ਮੁਕਾਬਲਾ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਜੂਨੀਅਰ ਵਰਗ ਦੇ ਬੱਚਿਆਂ ਤੋਂ ਲੈ ਕੇ ਸੀਨੀਅਰ ਵਰਗ ਦੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੇ ਜਿਥੇ ਲੋਕ ਗਾਇਕੀ ਦੇ ਜੌਹਰ ਦਿਖਾਏ, ਉਥੇ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਜਿਉਂਦੀ ਜਾਗਦੀ ਤਸਵੀਰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ।ਇਹ ਸੰਗੀਤਕ ਅਤੇ ਸੱਭਿਆਚਾਰਕ ਮੁਕਾਬਲਾ ਸੰਸਥਾ ਦੇ ਫਾਂਊਡਰ (ਬਾਨੀ) ਅਤੇ ਚੇਅਰਮੈਨ ਸ. ਦਲੀਪ ਸਿੰਘ ‘ਦੀਪ’ ਦੀ ਨਿਘੀ ਯਾਦ ਨੂੰ ਸਮਰਪਿਤ ਕੀਤਾ ਗਿਆ।ਇਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਬਲਬੀਰ ਸਿੰਘ ਹੰਸਪਾਲ ਨੇ ਦੱਸਿਆ ਕਿ ਲੋਕ ਗੀਤਾਂ ਦੀ ਵੰਨਗੀ ਵਿੱਚ ਛੱਲਾ, ਟੱਪੇ, ਘੋੜੀਆਂ, ਮਿਰਜਾ, ਜੁਗਨੀ, ਮਾਹੀਆ ਤੋਂ ਇਲਾਵਾ ਬਾਬਾ ਬੁਲੇ ਸ਼ਾਹ, ਸ਼ਾਹ ਹੁਸੈਨ ਵਰਗੇ ਸੂਫੀ ਸੰਤਾਂ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।
ਇਸ ਦੌਰਾਨ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ .ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਐਡਵੋਕੇਟ ਸ੍ਰ.ਦਰਸ਼ਨ ਸਿੰਘ ਰਾਏ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਮੌਕੇ ਮੁੱਖ ਮਹਿਮਾਨ ਸ. ਦਿਲਜੀਤ ਸਿੰਘ ਜੀ ਬੇਦੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਧੁਨਿਕ ਯੁੱਗ ਵਿੱਚ ਨੌਜਵਾਨ ਵਰਗ ਪੰਜਾਬੀ ਸੱਭਿਆਚਾਰ ਤੋਂ ਦੂਰ ਜਾ ਰਿਹਾ ਹੈ। ਮੋਬਾਇਲ ਵਰਗੇ ਯੰਤਰਾਂ ਨੇ ਪੀੜੀ ਨੂੰ ਵੱਡੇ ਰੁਝੇਵੇ ਦੇ ਦਿੱਤੇ ਹਨ ਕਿ ਉਹ ਪੁਰਾਤਨਤਾ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ‘ਗਾਵਹੁ ਸਚੀ ਬਾਣੀ’ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਹਿਲੇ ਦਿਨ 900 ਤੋਂ ਵੱਧ ਪ੍ਰਤੀਯੋਗੀ ਸ਼ਾਮਲ ਹੋਏ ਹਨ।ਅਜਿਹੀਆਂ ਸਭਾ-ਸੁਸਾਇਟੀਆਂ ਸੰਸਥਾਵਾਂ ਜਿਉਂਦੀਆਂ ਰਹਿਣੀਆਂ ਚਾਹੀਦੀਆਂ ਹਨ ਜੋ ਸੱਭਿਆਚਾਰਕ ਤੇ ਵਿਰਸੇ ਪ੍ਰਤੀ ਹੋਕਾ ਦਿੰਦੀਆਂ ਹਨ।ਪ੍ਰੋਗਰਾਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਮੈਡਮ ਪ੍ਰੀਤਮ ਬਾਲਾ (ਐਮ.ਐਮ.ਵੀ ਕਲਾਕਾਰ), ਪ੍ਰਿੰਸੀਪਲ ਤਰਲੋਕ ਸਿੰਘ ਭਾਟੀਆ, ਪ੍ਰਿੰਸੀਪਲ ਜਸਪਾਲ ਕੌਰ, ਸੁਰਿੰਦਰਪਾਲ ਸਿੰਘ ਵਰਪਾਲ, ਮਿਹਰ ਸਿੰਘ, ਸੁਜਾਨ ਸਿੰਘ, ਦਰਸ਼ਨ ਸਿੰਘ, ਡਾ. ਅਨੁਜ ਵੇਦ ਗੁਪਤਾ, ਵਿਜੈ ਸ਼ਰਮਾ ਜੀ.ਐਮ. ਕੋਕਾ ਕੋਲਾ ਕੰਪਨੀ ਨੇ ਮੁਕਾਬਲੇ ਵਿੱਚ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਵੰਨਗੀਆਂ ਦਾ ਖੂਬ ਆਨੰਦ ਮਾਣਿਆ ਅਤੇ ਖਾਸ ਤੌਰ ‘ਤੇ ਪ੍ਰਸੰਸਾ ਕੀਤੀ।
ਸੰਸਥਾ ਦੇ ਆਨਰੇਰੀ ਮੁਖ ਪ੍ਰਬੰਧਕ ਸ. ਅੰਮ੍ਰਿਤਪਾਲ ਸਿੰਘ ਨੇ ਗਾਇਕੀ, ਦਸਤਾਰ, ਪੰਜਾਬੀ ਗੱਭਰੂ ਅਤੇ ਪੰਜਾਬੀ ਮੁਟਿਆਰ ਮੁਕਾਬਲਿਆਂ ਦੇ ਫਾਇਨਲ ਨਤੀਜੇ ਪੇਸ਼ ਕੀਤੇ।ਜਿਸ ਵਿੱਚ ਬੈਸਟ ਸਿੰਗਰ ਐਵਾਰਡ (ਜੂਨੀਅਰ ਵਰਗ) ਵਿੱਚ ਪਹਿਲਾ ਇਨਾਮ ਗੁਰਨੂਰ ਸਿੰਘ, ਦੂਜਾ ਇਨਾਮ ਚਮਨਪ੍ਰੀਤ ਕੌਰ ਤੇ ਤੀਜਾ ਇਨਾਮ-ਕਸਿਸ ਸਲਵਾਨ ਨੇ ਹਾਸਲ ਕੀਤਾ।ਬੈਸਟ ਸਿੰਗਰ ਐਵਾਰਡ (ਸੀਨੀਅਰ ਵਰਗ) ਵਿੱਚ ਪਹਿਲਾ ਇਨਾਮ ਆਕਰਸ਼ਿਤ ਅਗਰਵਾਲ, ਦੂਜਾ ਇਨਾਮ ਚਰਨਦੀਪ ਸਿੰਘ ਤੇ ਤੀਜਾ ਇਨਾਮ ਅੰਮ੍ਰਿਤਪਾਲ ਸਿੰਘ ਦੇ ਹਿੱਸੇ ਆਇਆ।ਬੈਸਟ ਸਿਗਰ ਐਵਾਰਡ (ਮੋਸਟ ਸੀਨੀਅਰ ਵਰਗ) ਵਿੱਚ ਪਹਿਲਾ ਇਨਾਮ ਗੁਰਪ੍ਰੀਤ ਸਿੰਘ, ਦੂਜਾ ਇਨਾਮ ਅਨਿਲ ਕੁਮਾਰ ਤੇ ਤੀਜਾ ਇਨਾਮ ਲਲਿਤ ਵਰਮਾ ਨੇ ਪ੍ਰਾਪਤ ਕੀਤਾ।ਬੈਸਟ ਦਸਤਾਰ ਐਵਾਰਡ ਵਿੱਚ ਪਹਿਲਾ ਇਨਾਮ ਦਿਲਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ, ਬੈਸਟ ਪੰਜਾਬਣ ਐਵਾਰਡ ਵਿੱਚ ਪਹਿਲਾ ਇਨਾਮ ਪ੍ਰੀਤੀ ਨਿਸ਼ਚਲ, ਦੂਜਾ ਇਨਾਮ ਕਿਰਨਜੋਤ ਕੌਰ ਤੇ ਤੀਜਾ ਇਨਾਮ ਪ੍ਰਭਜੋਤ ਕੌਰ ਅਤੇ ਪੰਜਾਬੀ ਗੱਭਰੂ ਐਵਾਰਡ ਵਿੱਚ ਪਹਿਲਾ ਇਨਾਮ ਲਵਪ੍ਰੀਤ ਸਿੰਘ ਤੇ ਦੂਜਾ ਇਨਾਮ ਲਵਪ੍ਰੀਤ ਸਿੰਘ ਨੂੰ ਮਿਲਿਆ।ਇਹਨਾਂ ਨਤੀਜਿਆਂ ਵਿੱਚ ਜੱਜ ਦੀ ਭੂਮਿਕਾ ਮਸ਼ਹੂਰ ਗਾਇਕ ਕਲਾਕਾਰ ਸ਼ਾਹਜੀਤ ਬੱਲ, ਪ੍ਰੋ. ਹਰਲੀਨ ਕੌਰ, ਸ.ਸੌਢੀ, ਮੈਡਮ ਸ਼ਰਨਜੀਤ ਕੌਰ ਅਤੇ ਮੈਡਮ ਰੇਖਾ ਮਹਾਜਨ ਨੇ ਬਾਖੂਬੀ ਨਿਭਾਈ।ਜੇਤੂ ਪ੍ਰਤੀਯੋਗੀਆਂ ਨੂੰ ਅਕੈਡਮੀ ਵੱਲੋਂ ਇਨਾਮ ਮੁੱਖ ਮਹਿਮਾਨ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਆਪਣੇ ਕਰ ਕਮਲਾ ਨਾਲ ਦਿੱਤੇ।
Punjab Post Daily Online Newspaper & Print Media