ਰਈਆ, 26 ਅਕਤੂਬਰ (ਬਲਵਿੰਦਰ ਸੰਧੂ)- ਅਕਾਲੀ ਸਰਕਾਰ ਵਲੋਂ ਮਨਾਏ ਜਾ ਰਹੇ ਜਸ਼ਨਾਂ ਉਤੇ ਟਿਪਣੀ ਕਰਦਿਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਤਾ ਕਿ ਸਮਾਂ ਜਸ਼ਨ ਮਨਾਉਣ ਦਾ ਨਹੀਂ ਸਗੋਂ ਪੰਜਾਬ ਦੀ ਪ੍ਰਭੂਸੱਤਾ ਅਤੇ ਅਜ਼ਾਦ ਰੁਤਬੇ ਨੂੰ ਮੁੜ ਬਹਾਲ ਕਰਨ ਦਾ ਹੈ।
ਉਹਨਾਂ ਕਿਹਾ ਕਿ 1 ਨਵੰਬਰ 1966 ਨੂੰ ਸਾਡੇ ਬੁਜ਼ਰਗਾਂ ਦੀਆਂ ਲੰਮੀਆਂ ਘਾਲਨਾਵਾਂ ਅਤੇ ਲੰਮੇ ਸੰਘਰਸ਼ ਤੋਂ ਬਾਅਦ ਹਾਸਲ ਕੀਤੇ ਅਜੋਕੇ ਪੰਜਾਬ ਨੂੰ ਬਣਿਆਂ 50 ਸਾਲ ਪੂਰੇ ਹੋਣ ਜਾ ਰਹੇ ਹਨ।ਪਰ ਜਦੋਂ ਅਸੀਂ ਬੀਤੇ 50 ਵਰ੍ਹਿਆਂ ‘ਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਦਿਸਦਾ ਹੈ ਤੋਪਾਂ ਦੇ ਗੋਲਿਆਂ ਨਾਲ ਢਹਿ-ਢੇਰੀ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਬੇਅਦਬੀ, ਝੂਠੇ ਮੁਕਾਬਲਿਆਂ ਵਿਚ ਮਰਦੀ ਜਵਾਨੀ, ਥਾਣਿਆਂ ਵਿਚ ਬੇਇਜਤ ਹੁੰਦੀ ਇੱਜ਼ਤ ਤੇ ਰੁਲਦੀਆਂ ਦਸਤਾਰਾਂ, ਖੁਦਕੁਸ਼ੀਆਂ ਕਰਦਾ ਕਿਸਾਨ, ਨਸ਼ੇ ਨਾਲ ਬਰਬਾਦ ਹੁੰਦੇ ਘਰ, ਦਰਿਆਈ ਪਾਣੀਆਂ ਦੀ ਲੁੱਟ, ਪੰਜਾਬੀ ਬੋਲੀ ਦਾ ਹੁੰਦਾ ਘਾਣ, ਡੈਮਾਂ ਤੋਂ ਬਣਦੀ ਬਿਜ਼ਲੀ ਦੀ ਲੁੱਟ, ਸਰਕਾਰੀ ਦਹਿਸ਼ਤ ਦੇ ਸਾਏ ਵਿਚ ਪਲਦਾ ਬਚਪਨ, ਮਾਰੂਥਲ ਬਣਦੀ ਜਮੀਨ, ਜ਼ਹਿਰੀਲਾ ਹੁੰਦਾ ਪਾਣੀ।
ਉਹਨਾਂ ਕਿਹਾ ਕਿ 1 ਨਵੰਬਰ ਨੂੰ ਕਰਵਾਈ ਜਾਣ ਵਾਲੀ ਕਾਨਫਰੰਸ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਸਮਰਪਿਤ ਹੋਵੇਗੀ, ਜਿਨ੍ਹਾਂ ਨੇ ਆਜ਼ਾਦ ਪੰਥ ਅਤੇ ਸਿੱਖ ਹੋਮਲੈਂਡ ਲਈ 1969 ਵਿਚ ਆਪਣੀ ਜਾਨ ਕੁਰਬਾਨ ਕੀਤੀ। ਇਸ ਮੌਕੇ ਦਲ ਖਾਲਸਾ ਆਗੂਆਂ ਨੇ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰਿਕ ਮੈਂਬਰ ਨੂੰ ਮਿਲ ਕੇ ਕਾਨਫਰੰਸ ਲਈ ਸੱਦਾ ਪੱਤਰ ਦਿੱਤਾ।
ਉਹਨਾਂ ਕਿਹਾ ਕਿ ਕਾਨਫਰੰਸ ਦੌਰਾਨ ਹਿੰਦੁਸਤਾਨ ਦੀਆਂ ਹਕੂਮਤਾਂ ਵਲੋਂ ਪਿਛਲੇ 50 ਸਾਲਾਂ ਦੌਰਾਨ ਸਰਹੱਦੀ ਸੂਬੇ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਤੇ ਧੋਖਿਆਂ ਦਾ ਖੁਲਾਸਾ ਕਰਨ ਦੇ ਨਾਲ ਨਾਲ ਪੰਜਾਬ ਦੀ ਪ੍ਰਭੂਸੱਤਾ ਅਤੇ ਅਜ਼ਾਦੀ ਲਈ ਅਪ੍ਰੈਲ 1978 ਤੋਂ ਚੱਲ ਰਹੇ ਸਿੱਖ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣ ਸਬੰਧੀ ਪ੍ਰੋਗਰਾਮ ਉਲੀਕਿਆ ਜਾਵੇਗਾ। ਉਹਨਾਂ ਦਸਿਆ ਕਿ ਕਾਨਫਰੰਸ ਤੋਂ ਬਾਅਦ ਪਿੰਡ ਫੇਰੂਮਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਆਜ਼ਾਦੀ ਮਾਰਚ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਸਿੱਖ ਫੈਡਰੇਸ਼ਨ ਯੂ.ਕੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਗੁਰੁੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਵੀ ਸ਼ਮੂਲੀਅਤ ਕਰਨਗੇ।ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਪਿੰਡ ਫੇਰੂਮਾਨ ਪੁਹੰਚੇ ਦਲ ਖਾਲਸਾ ਦੇ ਆਗੂਆਂ ਨੇ ਦੱਸਿਆ ਕਿ 1966 ਤੋਂ ਲੈ ਕੇ ਹੁਣ ਤਕ ਪੰਜਾਬ ਨਾਲ ਹੋਏ ਵਿਤਕਰੇ ਅਤੇ ਬੇਇਨਸਾਫੀਆਂ ਬਾਰੇ ਪਾਰਟੀ ਵਲੋਂ ਇਕ 50 ਨੁਕਤਿਆਂ ਵਾਲ ਕਿਤਾਬਚਾ ਪ੍ਰਕਾਸ਼ਿਤ ਕੀਤਾ ਜਾਵੇਗਾ, ਜੋ ਕਾਨਫਰੰਸ ਮੌਕੇ ਰਿਲੀਜ਼ ਕੀਤਾ ਜਾਵੇਗਾ।
ਉਹਨਾਂ ਪੰਜਾਬੀਆਂ ਨੂੰ ਸਵਾਲ ਕਰਦਿਆਂ ਪੁਛਿਆ ਕਿ ਕੀ ਇਹ ਪੰਜਾਬ ਦੀ ਬਰਬਾਦੀ ਹੈ ਜਾਂ ਖੁਸ਼ਹਾਲੀ? ਉਹਨਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣੇ ਪੁੱਤਾਂ-ਧੀਆਂ ਲਈ ਨਸ਼ੇ ਤੇ ਭ੍ਰਿਸ਼ਟਾਚਾਰ ਨਾਲ ਬਰਬਾਦ ਹੁੰਦਾ ਪੰਜਾਬ ਛੱਡ ਕੇ ਜਾ ਰਹੇ ਹਾਂ। ਉਹਨਾਂ ਸੱਦਾ ਦਿਤਾ ਕਿ ਇਸ ਬਰਬਾਦੀ ਨੂੰ ਰੋਕਣ ਲਈ ਅਤੇ ਆਪਣੀਆਂ ਅਗਲੀਆਂ ਪੀੜੀਆਂ ਨੂੰ ਖੁਸ਼ਹਾਲ, ਆਜ਼ਾਦ ਤੇ ਸੁਰੱਖਿਅਤ ਪੰਜਾਬ ਦੇਣ ਲਈ ਸੰਘਰਸ਼ ਕਰਨਾ ਪਵੇਗਾ ਅਤੇ ਇਹ ਸੰਘਰਸ਼ ਕੇਵਲ ਸਿੱਖਾਂ ਦਾ ਹੀ ਨਹੀਂ ਸਗੋਂ ਸਾਰੇ ਧਰਮਾਂ ਨੂੰ ਮਿਲਕੇ ਕਰਨਾ ਪਵੇਗਾ।
ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ ਸੀ ਉਸ ਦੀ ਤਸਵੀਰ ਅੱਜ ਕੁਝ ਹੋਰ ਹੀ ਬਣੀ ਪਈ ਹੈ।ਉਹਨਾਂ ਕਿਹਾ ਕਿ ਆਰਥਿਕ ਤੋਰ ਤੇ ਕੰਗਾਲ ਬਣਾਇਆ ਹੋਇਆ ਹੈ ਪੰਜਾਬ ਅਤੇ ਚਿੱਟੇ-ਕਾਲੇ ਨਸ਼ਿਆਂ ਵਰਗੇ ਨਾਵਾਂ ਨਾਲ ਪਛਾਣਿਆ ਜਾਂਦਾ ਹੈ ਅੱਜ ਦਾ ਪੰਜਾਬ।ਉਹਨਾਂ ਕਿਹਾ ਕਿ ਸ਼ਾਸਕਾਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਬਣਿਆ ਇਹ ਪੰਜਾਬ, ਜੂਝਣ ਨੂੰ ਤਰਜੀਹ ਦੇਣ ਦੀ ਥਾਂ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ।
ਉਹਨਾਂ ਦਸਿਆ ਕਿ ਨਵੰਬਰ 84 ਕਤਲੇਆਮ ਦੀ 32ਵੀ ਵਰੇਗੰਢ ਮੌਕੇ ਮੋਗਾ ਵਿਖੇ 3 ਨਵੰਬਰ ਦੀ ਸ਼ਾਮ ਨੂੰ ‘ਨਸਲਕੁਸ਼ੀ ਯਾਦਗਾਰੀ ਮਾਰਚ’ ਕੀਤਾ ਜਾਵੇਗਾ।ਇਸ ਮੌਕੇ ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖੰਡੂਰ, ਕੁਲਵੰਤ ਸਿੰਘ ਫੇਰੂਮਾਨ, ਕਮਿਕਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਹਸਨਪੁਰ, ਕੁਲਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਪ੍ਰਭਜੀਤ ਸਿੰਘ ਹਸਨਪੁਰ, ਗੁਰਨਾਮ ਸਿੰਘ ਹਾਜ਼ਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media