Sunday, September 27, 2026

ਸਪੀਡ ਪੋਸਟ ਤੇ ਪਾਰਸਲਾਂ ਲਈ ਡਾਕ ਵਿਭਾਗ ਨੇ ਸ਼ੁਰੂ ਕੀਤੀ ‘ਡਾਇਰੈਕਟ ਮੇਲ ਮੋਟਰ ਲਿੰਕੇਜ਼’ ਸੇਵਾ

ppn2710201618

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਡਾਕ ਵਿਭਾਗ ਦੀ ਪੰਜਾਬ ਇਕਾਈ ਵੱਲੋ ਚਿੱਠੀ-ਪੱਤਰ ਭੇਜਣ ਦੇ ਪ੍ਰਬੰਧਾਂ ਵਿੱਚ ਰੱਦੋ-ਬਦਲ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਪਹਿਲਾਂ ਦੀ ਬਜਾਏ ਹੋਰ ਤੇਜੀ ਨਾਲ ਡਾਕ ਭੇਜੀ ਜਾ ਸਕੇਗੀ। ਡਾਕ ਵਿਭਾਗ ਵੱਲੋਂ ਪਹਿਲੇ ਪੜ੍ਹਾਅ ਵਿੱਚ ਉਦਯੋਗਿਕ ਅਤੇ ਵਪਾਰਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਵਿਚਾਲੇ ਸਿੱਧਾ ਸੰਪਰਕ ਸਥਾਪਤ ਕੀਤਾ ਜਾ ਰਿਹਾ ਹੈ।ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ ਮੁੱਖ ਉਤਪਾਦਕ ਕੇਂਦਰਾਂ ਜਲੰਧਰ ਅਤੇ ਲੁਧਿਆਣਾ ਨੂੰ ਜੋੜਨ ਲਈ ਉਦਯੋਗਪਤੀਆਂ ਵਿੱਚ ਸਾਜੋ ਸਮਾਨ ਅਤੇ ਹੋਰ ਸਮੱਗਰੀ ਤੇਜੀ ਨਾਲ ਭੇਜਣ ਦੀ ਭਾਰੀ ਮੰਗ ਸੀ, ਜਿਸ ਨੂੰ ਮੁੱਖ ਰੱਖਦਿਆਂ ਡਾਕ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਹੋਰ ਤੇਜੀ ਨਾਲ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਡਾਕ ਵਿਭਾਗ ਦੇ ਪੰਜਾਬ ਸਰਕਲ ਦੇ ਚੀਫ ਪੋਸਟ ਮਾਸਟਰ ਜਰਨਲ ਪੀ.ਕੇ. ਸਵੈਨ ਵੱਲੋਂ ਬੀਤੀ ਰਾਤ ਅੰਮ੍ਰਿਤਸਰ ਤੋਂ ਲੁਧਿਆਣਾ ਵਾਇਆ ਜਲੰਧਰ ਅੱਧੀ ਰਾਤ ਨੂੰ ਚੱਲਣ ਵਾਲੀ ਡਾਇਰੈਕਟ ਮੇਲ ਮੋਟਰ ਲਿੰਕੇਜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਲੁਧਿਆਣਾ ਨੂੰ ਵਾਇਆ ਜਲੰਧਰ ਜੋੜਨ ਵਾਲੀ ਮੇਲ ਮੋਟਰ ਇੰਟਰਲਿੰਕੇਜ ਇੱਕ ਹਫਤਾ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।ਆਸ ਕੀਤੀ ਜਾਂਦੀ ਹੈ ਕਿ ਉਦਯੋਗਪਤੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਸੇਵਾ ਰਾਜ ਅੰਦਰ ਸਪੀਡ ਪੋਸਟ, ਪਾਰਸਲ ਨੂੰ ਭੇਜਣ ਅਤੇ ਵੰਡਣ ਦੀ ਸੇਵਾ ਵਿੱਚ ਸੁਧਾਰ ਕਰੇਗੀ। ਇਸ ਮੌਕੇ ਬੋਲਦਿਆਂ ਸ੍ਰੀ ਸਵੈਨ ਨੇ ਕਿਹਾ ਕਿ ਦੇਸ਼ ਦੇ ਅੰਦਰ ਗ੍ਰਾਹਕ ਸੇਵਾ ਨੂੰ ਮਜਬੂਤ ਕਰਨ ਹਿੱਤ ਇਹ ਸੇਵਾ ਮੀਲ ਪੱਧਰ ਸਾਬਤ ਹੋਵੇਗੀ।ਇਸ ਮੌਕੇ ਪੋਸਟ ਮਾਸਟਰ ਜਰਨਲ ਸ੍ਰੀ ਪੀ.ਐੱਮ. ਲਾਲ ਨੇ ਦੱਸਿਆ ਕਿ ਹੁਣ ਡਾਕ ਰਾਹੀਂ ਜਰੂਰੀ ਵਸਤਾਂ, ਪਾਰਸਲ ਅਤੇ ਹੋਰ ਸਾਜੋ/ਸਮਾਨ ਨੂੰ ਐਕਸਪ੍ਰੈਸ ਪਾਰਸ ਸੇਵਾ ਰਾਹੀਂ ਜਲਦੀ ਪਹੁੰਚਾਇਆ ਜਾ ਸਕੇਗਾ। ਅੱਜ ਤੋਂ ਬਾਅਦ ਇਨ੍ਹਾਂ ਚਾਰਾਂ ਪ੍ਰਮੁੱਖ ਸ਼ਹਿਰਾਂ ਵਿੱਚ ਕਿਸੇ ਵੀ ਸਾਜੋ/ਸਮਾਨ ਨੂੰ ਲਾਜਿਸਟਿਕ ਪੋਸਟ ਅਤੇ ਸਪੀਡ ਪੋਸਟ ਸੇਵਾ ਰਾਹੀਂ ਅਗਲੇ ਦਿਨ ਹੀ ਪਹੁੰਚਾਇਆ ਜਾ ਸਕੇਗਾ।ਇਸ ਮੌਕੇ ਸੀਨੀਅਰ ਜ਼ਿਲ੍ਹਾ ਬਚਤ ਅਫਸਰ ਗੁਲਸ਼ਨ ਸੰਜੋਤਰਾ ਅਤੇ ਸੀਨੀਅਰ ਸੁਪਡੈਂਟ ਡਾਕ ਵਿਭਾਗ ਮੱਖਣ ਸਿੰਘ ਵੀ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply