
ਸੰਦੌੜ, 5 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿਛਲੇ ਕਈ ਮਹੀਨਿਆਂ ਤੋਂ ਸੰਦੌੜ ਅਤੇ ਇਸ ਦੇ ਨੇੜਲੇ ਪਿੰਡਾਂ ਦੇ ਸੈਂਕੜੇ ਲੋਕ ਬੇਹੱਦ ਹੀ ਖ਼ਤਰਨਾਕ ਅਤੇ ਜਾਨਲੇਵਾ ਬਿਮਾਰੀ ਡੇਂਗੂ ਦੀ ਲਪੇਟ ਵਿਚ ਆ ਕੇ ਸਥਾਨਕ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਜੇਰੇ ਇਲਾਜ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਰਹੇ ਹਨ ਅਤੇ ਕਿੰਨੇ ਹੀ ਆਪਣੀ ਜਾਨ ਵੀ ਗੁਆ ਚੁੱਕੇ ਹਨ ।ਪਰ ਇਸ ਦੇ ਬਾਵਜੂਦ ਵੀ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੇਂਗੂ ਨੂੰ ਰੋਕਣ ਲਈ ਹਾਲੇ ਤੱਕ ਵੀ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ।ਜਿਸ ਕਾਰਨ ਇਲਾਕੇ ਅੰਦਰ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਲਾਕੇ ਦੇ ਕਈ ਪਰਿਵਾਰਾਂ ਦੇ ਪਰਿਵਾਰ ਇਸ ਬਿਮਾਰੀ ਦੇ ਝੰਬੇ ਹੋਏ ਮੰਜਿਆਂ ਤੇ ਪਏ ਹਨ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਲਾਕੇ ਦੇ ਕਈ ਅਜਿਹੇ ਪਰਿਵਾਰ ਵੀ ਡੇਂਗੂ ਦੀ ਮਾਰ ਝੱਲ ਰਹੇ ਹਨ, ਜੋ ਕਿ ਮਾਲੀ ਪੱਖ ਤੋਂ ਕਾਫ਼ੀ ਕਮਜ਼ੋਰ ਹੋਣ ਕਰ ਕੇ ਇਸ ਬਿਮਾਰੀ ਦੇ ਮਹਿੰਗੇ ਇਲਾਜ ਨੂੰ ਕਰਵਾਉਣ ਤੋਂ ਵੀ ਪੂਰੀ ਤਰਾਂ ਅਸਮਰਥ ਹਨ ਅਤੇ ਆਪਣੀ ਜਾਨ ਬਚਾਉਣ ਲਈ ਮਜਬੂਰੀ ਵੱਸ ਮੋਟੇ ਵਿਆਜ ਤੇ ਕਰਜ਼ਾ ਚੁੱਕ ਕੇ ਆਪਣਾ ਇਲਾਜ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਇਲਾਕਾ ਵਾਸੀਆਂ ਵਿੱਚ ਸਿਵਲ ਅਤੇ ਸਿਹਤ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜਿਸ ਸਮੇਂ ਪੰਜਾਬ ਭਰ ਵਿਚ ਖ਼ਾਸਕਰ ਇਲਾਕੇ ਅੰਦਰ ਡੇਂਗੂ ਫੈਲਣਾ ਸ਼ੁਰੂ ਹੀ ਹੋਇਆ ਸੀ ਤਾਂ ਉਸ ਸਮੇਂ ਹੀ ਜੇਕਰ ਸਥਾਨਕ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੇਂਗੂ ਨੂੰ ਹੋਰ ਫੈਲਣ ਤੋਂ ਰੋਕਣ ਲਈ ਕੋਈ ਠੋਸ ਉਪਰਾਲੇ ਕੀਤੇ ਗਏ ਹੁੰਦੇ ਤਾਂ ਨਾ ਹੀ ਅੱਜ ਸੈਂਕੜੇ ਲੋਕ ਡੇਂਗੂ ਦੀ ਲਪੇਟ ਵਿਚ ਆਕੇ ਮੰਜਿਆਂ ਤੇ ਪਏ ਹੁੰਦੇ।ਇਸ ਬਾਰੇ ਸਥਾਨਕ ਐੱਸ.ਐਮ.ਓ. ਸਾਹਿਬ ਦਾ ਕਹਿਣਾ ਹੈ ਕਿ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫੋਗਿੰਗ ਅਤੇ ਦਵਾਈਆਂ ਦੇ ਛਿੜਕਾਅ ਵੀ ਜਲਦ ਕੀਤੀ ਜਾਵੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media