ਨਵੀਂ ਦਿੱਲੀ, 5 ਨਵੰਬਰ (ਪੰਜਾਬ ਪੋਸਟ ਬਿਊਰੋ)- ਉਰਦੂ ਤੇ ਪੰਜਾਬੀ ਟੀਚਰਾਂ ਦੀ ਭਰਤੀ ਨੂੰ ਲੈ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਕੀਤੇ ਗਏ ਦਾਅਵਿਆਂ ਦਾ ਪੋਸਟਮਾਰਟਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਦੇ ਹੋਏ ਕੇਜਰੀਵਾਲ ਦੀ ਨੀਅਤ ਤੇ ਸਵਾਲ ਚੁੱਕੇ ਹਨ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਪੰਜਾਬੀ ਅਤੇ ਉਰਦੂ ਟੀਚਰਾਂ ਦੇ ਮਸਲੇ ‘ਤੇ ਕੇਜਰੀਵਾਲ ਵੱਲੋਂ ਵਿਖਾਵੇ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੋਨਾਂ ਭਾਸ਼ਾਵਾਂ ਦੇ ਲਗਭਗ 1500 ਟੀਚਰਾਂ ਦੀ ਭਰਤੀ ਪ੍ਰਕਿਰਆ ਸ਼ੁਰੂ ਕਰਨ ਤੋਂ ਪਹਿਲਾ ਹੀ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਮੂਹ ਅਖਬਾਰਾਂ ਨੂੰ ਇਸ਼ਤਿਹਾਰ ਜਾਰੀ ਕਰਕੇ ਵਾਹਵਾਹੀ ਖੱਟਣ ਦੀ ਜੋ ਕੋਸ਼ਿਸ਼ ਕੀਤੀ ਸੀ ਉਸਦੇ ਪਿੱਛੇ ਦੀ ਮਾੜੀ ਨੀਅਤ ਪ੍ਰਕਿਰਆ ਸ਼ੁਰੂ ਹੁੰਦੇ ਹੀ ਸਾਹਮਣੇ ਆ ਗਈ ਹੈ।
700 ਦੇ ਕਰੀਬ ਉਰਦੂ ਅਤੇ 760 ਪੰਜਾਬੀ ਗੈਸਟ ਟੀਚਰਾਂ ਦੀ ਭਰਤੀ ਦੀ ਪ੍ਰਕਿਰਆ ਪਿੱਛੇ ਕੌਮੀ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵਿਚ ਦਿੱਲੀ ਕਮੇਟੀ ਵੱਲੋਂ ਲੜੀ ਗਈ ਲੜਾਈ ਦਾ ਹਵਾਲਾ ਦਿੰਦੇ ਹੋਏ ਜੌਲੀ ਨੇ ਕਿਹਾ ਕਿ ਦਿੱਲੀ ਦੇ 1024 ਸਰਕਾਰੀ ਸਕੂਲਾਂ ਦਾ ਦਿੱਲੀ ਕਮੇਟੀ ਵੱਲੋਂ ਜੋ ਸਰਵੇ ਕਮਿਸ਼ਨ ਦੀ ਹਿਦਾਇਤ ਤੇ ਕੀਤਾ ਗਿਆ ਸੀ ਅਗਰ ਉਹ ਸਿਫਾਰਸ਼ਾ ਹੂ-ਬ-ਹੂ ਲਾਗੂ ਹੋ ਜਾਂਦੀਆਂ ਤਾਂ ਪੰਜਾਬੀ ਅਤੇ ਉਰਦੂ ਪੜਨ ਦੇ ਚਾਹਵਾਨਾਂ ਦਾ ਵੱਡਾ ਭਲਾ ਹੋਣਾ ਸੀ ਪਰ ਦਿੱਲੀ ਸਰਕਾਰ ਇਸ ਸਾਰੀ ਪ੍ਰਕਿਰਆ ਵਿਚ ਸੱਜਾ ਹੱਥ ਵਿਖਾ ਕੇ ਖੱਬੇ ਹੱਥ ਨਾਲ ਕਾਰਜ ਕਰਨ ਦਾ ਯਤਨ ਕਰ ਰਹੀ ਹੈ। ਜੌਲੀ ਨੇ ਦਿੱਲੀ ਸਰਕਾਰ ਦੀ ਬਦਨੀਅਤੀ ਨੂੰ ਉਰਦੂ ਅਤੇ ਪੰਜਾਬੀ ਭਾਸ਼ਾ ਦਾ ਗੱਲਾ ਘੋਟਣ ਦਾ ਛੋਟਾ ਰਾਹ ਦਸਦੇ ਹੋਏ ਕੇਜਰੀਵਾਲ ਦੀ ਕਥਨੀ ਅਤੇ ਕਰਨੀ ਦਾ ਭੇਦ ਜਨਤਕ ਹੋਣ ਦਾ ਦਾਅਵਾ ਕੀਤਾ।
ਜੌਲੀ ਨੇ ਹੈਰਾਨੀ ਜਤਾਈ ਕਿ ਦਿੱਲੀ ਸਰਕਾਰ ਵੱਲੋਂ ਗੈਸਟ ਟੀਚਰਾਂ ਦੀ ਨਿਯੂਕਤੀ ਲਈ ਸੈਂਟ੍ਰਲ ਟੀਚਰ ਇਲੈਜ਼ਿਬਿਲਟੀ ਟੈਸਟ (ਸੀ.ਟੀ.ਈ.ਟੀ.) ਪਾਸ ਕਰਨ ਨੂੰ ਜਰੂਰੀ ਬਣਾ ਕੇ ਨਿਯੁਕਤੀ ਦਾ ਨਵਾਂ ਖਾਕਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਗੈਸਟ ਟੀਚਰ ਦੀ ਨਿਯੁਕਤੀ ਲਈ ਸੀ.ਟੀ.ਈ.ਟੀ. ਪਾਸ ਹੋਣਾ ਜਰੂਰੀ ਨਹੀਂ ਹੁੰਦਾ।ਇਸ ਸੰੰਬੰਧ ਵਿਚ ਉ-ਚ ਵਿੱਦਿਅਕ ਅਦਾਰਿਆਂ ਵਿਚ ਗੈਸਟ ਪ੍ਰੋਫੈਸਰ ਦੀ ਭਰਤੀ ਦੌਰਾਨ ਨੈਸ਼ਨਲ ਇਲੈਜ਼ਿਬਿਲਟੀ ਟੈਸ਼ਟ (ਨੈਟ) ਜਰੂਰੀ ਨਾ ਹੋਣ ਦਾ ਵੀ ਉਨ੍ਹਾਂ ਹਵਾਲਾ ਦਿੱਤਾ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਪੱਤਾ ਹੈ ਕਿ ਦਿੱਲੀ ਵਿਚ ਸੀ.ਟੀ.ਈ.ਟੀ. ਪਾਸ ਪੰਜਾਬੀ ਅਤੇ ਉਰਦੂ ਵਿਸ਼ੈ ਦੇ ਮਾਹਿਰ ਦਾਅਵੇਦਾਰ ਵੱਡੀ ਗਿਣਤੀ ਵਿਚ ਮੌਜੂਦ ਨਹੀਂ ਹਨ ਇਸ ਕਰਕੇ ਕੇਜਰੀਵਾਲ ਨੇ ਗੈਰ ਜਰੂਰੀ ਸ਼ਰਤ ਨੂੰ ਭਰਤੀ ਪ੍ਰਕਿਰਆ ਵਿਚ ਲਾਗੂ ਕਰਕੇ ਪੰਜਾਬੀ ਅਤੇ ਉਰਦੂ ਟੀਚਰਾਂ ਦੀ ਭਰਤੀ ਨਾ ਕਰਨ ਦੇ ਆਪਣੇ ਪੁਰਾਣੇ ਏਜੰਡੇ ਨੂੰ ਲਾਗੂ ਕਰਨ ਦੀ ਅਸਿੱਧੇ ਤੌਰ ਨਾਲ ਕੋਸ਼ਿਸ਼ ਕੀਤੀ ਹੈ। ਜੌਲੀ ਨੇ ਸੀ.ਟੀ.ਈ.ਟੀ. ਟੈਸ਼ਟ ਪਾਸ ਹੋਣ ਦੀ ਸ਼ਰਤ ਹਟਾਉਣ ਦੀ ਮੰਗ ਕਰਦੇ ਹੋਏ ਕੇਜਰੀਵਾਲ ਨੂੰ ਭਾਸ਼ਾ ਪ੍ਰੇਮੀਆਂ ਦੀ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ। ਜੌਲੀ ਨੇ 760 ਪੰਜਾਬੀ ਟੀਚਰਾਂ ਦੀ ਭਰਤੀ ਲਈ ਦਿੱਲੀ ਨਿਵਾਸੀ ਸੀ.ਟੀ.ਈ.ਟੀ. ਪਾਸ ਸਿਰਫ਼ 30 ਤੋਂ 40 ਦਾਅਵੇਦਾਰ ਹੋਣ ਦਾ ਦਾਅਵਾ ਕਰਦੇ ਹੋਏ ਸਰਕਾਰ ਦੀ ਪ੍ਰਕਿਰਆ ਨੂੰ ਪੰਜਾਬੀ ਪ੍ਰੇਮੀਆਂ ਦੀ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਦੱਸਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media