
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ)- ਬੇਰੁਜਗਾਰ ਬੀਐਡ ਅਧਿਆਪਕ ਯੂਨਿਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰੀਸ਼ ਫਾਜਿਲਕਾ ਦੀ ਪਧਾਨਗੀ ਵਿਚ ਅੱਜ ਸਥਾਨ ਪ੍ਰਤਾਪ ਬਾਗ ਵਿਚ ਹੋਈ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਹਰੀਸ਼ ਫਾਜ਼ਿਲਕਾ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਭਰਤੀ ਬੋਰਡ ਵੱਲੋਂ 6 ਨਵੰਬਰ ਐਤਵਾਰ ਤੱਕ ਸਮਾਜਿਕ ਸਿੱਖਿਆ ਦੀ ਫਾਇਨਲ ਮੈਰਿਟ ਲਿਸਟ ਜਾਰੀ ਨਾ ਕੀਤੀ ਗਈ ਤਾਂ 7 ਨਵੰਬਰ ਨੂੰ ਸਮੂਹ ਪੰਜਾਬ ਵਿਚਂੋ ਯੋਗ ਹੋਣ ਤੇ ਵੀ ਬੇਰੁਜਗਾਰ ਦਾ ਕਲੰਕ ਝੱਲ ਰਹੇ ਹਜਾਰਾਂ ਉਮੀਦਵਾਰ ਡੀਜੀਐਸਈ ਅਤੇ ਡੀਪੀਆਈ (ਸੈਕੰਡਰੀ) ਦਾ ਘਿਰਾਉ ਕਰਨਗੇ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਡੇ ਪੱਧਰ ਤੇ ਸਮਾਜਿਕ ਸਿੱਖਿਆ ਦੇ ਬੇਰੁਜਗਾਰ ਉਮੀਦਵਾਰਾਂ ਨਾਲ ਬੇਇਨਸਾਫੀ ਕਰ ਰਿਹਾ ਹੈ। ਸਿੇੱਖਿਆ ਵਿਭਾਗ ਦੇ ਉਚ ਅਧਿਕਾਰੀ ਜਾਣ ਬੁਝ ਕੇ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੀ ਅਣਵੇਖੀ ਕਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਵਾਰ ਵਾਰ ਕੋਰਟ ਕੇਸਾਂ ਦਾ ਹਵਾਲਾ ਦੇ ਕੇ ਪੱਲਾ ਝਾੜਿਆ ਜਾ ਰਿਹਾ ਹੈ। ਵਿਭਾਗ ਦੀ ਇਸ ਬੇਇਨਸਾਫ਼ ਦੇ ਕਾਰਨ ਹਜ਼ਾਰਾਂ ਦੇ ਲਗਭਗ ਯੋਗ ਬੇਰੁਜ਼ਗਾਰ ਅਧਿਆਪਕ ਦੋ-ਦੋ ਆਈਏਐਸ ਪੱਧਰ ਦੇ ਟੈਸਟ ਪਾਸ ਕਰਕੇ ਵੀ ਭਾਰੀ ਮਾਨਸਿਕ ਪ੍ਰੇਸ਼ਾਨੀ ਤੋਂ ਲੰਘ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।
ਯੂਨੀਅਨ ਆਗੂਆਂ ਨੇ ਸੰਬੋਧਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਹਿਸਾਬ, ਸਾਇੰਸ, ਅੰਗਰੇਜੀ, ਪੰਜਾਬੀ, ਸੰਸਕ੍ਰਿਤੀ ਅਤੇ ਹਿੰਦੀ ਦੇ ਉਮੀਦਵਾਰਾਂ ਨੂੰ ਸਟੇਸ਼ਨ ਤੱਕ ਜਾਰੀ ਕਰ ਦਿੱਤੇ ਹਨ ਪਰ ਸਮਾਜਿਕ ਸਿੱਖਿਆ ਦੀਆਂ ਮੈਰਿਟ ਲਿਸ਼ਟਾਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਜਦਕਿ ਇਨ੍ਹਾਂ ਦਾ ਇਸ਼ਤਿਹਾਰ ਪਿਛਲੇ ਸਾਲ ਨਵੰਬਰ ਵਿਚ ਇੱਕਠਾ ਜਾਰੀ ਕੀਤਾ ਗਿਆ ਸੀ। ਵਿਭਾਗ ਦੇ ਉੱਚ ਅਧਿਕਾਰੀ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ ਅਤੇ ਸਮਾਜਿਕ ਸਿੱਖਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਅਸਮਰਥ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੜਕੇ-ਲੜਕੀਆਂ ਨੇ ਦਿਨ ਰਾਤ ਇੱਕ ਕਰਕੇ ਵੱਧ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਪਰ ਇਨ੍ਹਾਂ ਦੀ ਮਿਹਨਤ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਵਿਭਾਗ ਇਨ੍ਹਾਂ ਦੀ ਸਖ਼ਤ ਪ੍ਰੀਖਿਆ ਲੈਣ ਤੋਂ ਬਾਅਦ ਵੀ ਇਨ੍ਹਾਂ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਕਰ ਰਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਚੋਣ ਜਾਬਤਾ ਕਿਸੇ ਵੀ ਸਮੇਂ ਸੰਭਵ ਹੈ ਅਤੇ 1500 ਅਧਿਆਪਕਾਂ ਦਾ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਹੈ। ਸੈਂਕੜਿਆਂ ਦੇ ਲਗਭਗ ਅਧਿਆਪਕ ਆਪਣੀ ਉਮਰ ਦੀ ਆਖ਼ਰੀ ਭਰਤੀ ਦੇਖ ਰਹੇ ਹਨ। ਯੂਨੀਅਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਵਿਭਾਗ ਦੇ ਇਸ ਵਤੀਰੇ ਦੀ ਨਿੰਦਿਆਂ ਕੀਤੀ ਹੈ ਅਤੇ ਆਉਣ ਵਾਲੀ 7 ਨਵੰਬਰ ਨੂੰ ਸਿੱਖਿਆ ਵਿਭਾਗ ਦੇ ਘਿਰਾਓ ਦਾ ਐਲਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਘਿਰਾਓ ਦੌਰਾਨ ਕਿਸੇ ਵੀ ਮਾਨਸਿਕ ਪ੍ਰੇਸ਼ਾਨੀ ਕਾਰਨ ਬੇਰੁਜ਼ਗਾਰ ਅਧਿਅਪਾਕਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ।ਇਸ ਮੌਕੇ ਹਰੀਸ਼ ਫਾਜ਼ਿਲਕਾ, ਰਾਜ ਕੁਮਾਰ ਸੋਨੀ, ਕੁਲਵੰਤ ਲਾਲਕਾ, ਕਰਨ ਘੱਲੂ, ਛਿੰਦਰ ਲਾਧੂਕਾ, ਰਜਿੰਦਰ ਸਿੰਘ ਲਸਾ, ਉਮਨਿੰਦਰ ਸਿੰਘ, ਹਰਵਿੰਦਰ, ਪ੍ਰਮੋਦ, ਅਭਿਸ਼ੇਕ, ਖਰੈਤੀ ਲਾਲ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਬਾਬਤ ਸਾਡੇ ਪੱਤਰਕਾਰ ਵਿਨੀਤ ਅਰੋੜਾ ਨੇ ਡੀਜੀਐਸਈ ਪ੍ਰਦੀਪ ਅਗਰਵਾਲ ਨਾਲ ਫੋਨ ਤੇ ਗੱਲਬਾਤ ਕੀਤੀ ਤਾ ਉਨਾਂ ਕਿਹਾ ਕਿ ਸਮਾਜਿਕ ਸਿੱਖਿਆ ਦੇ ਅਧਿਆਪਕਾ ਦੀ ਭਰਤੀ ਸੰਬੰਧੀ ਮਾਮਲਾ ਅਜੇ ਮਾਨਯੋਗ ਪੰਜਾਬ ਹਰਿਆਣਾ ਹਾਇਕੋਰਟ ਵਿੱਚ ਵਿਚਾਰਾਧਿਨ ਹੈ ਅਤੇ ਮਾਨਯੋਗ ਅਦਾਲਤ ਦੇ ਫੈਸਲੇ ਤੋ ਬਾਦ ਹੀ ਭਰਤੀ ਸੰਬੰਧੀ ਕੋਈ ਕਦਮ ਚੁਕੇ ਜਾ ਸਕਦੇ ਹਨ ।
Punjab Post Daily Online Newspaper & Print Media