Friday, March 6, 2026

 ਕਾਤਲਾਂ ਦੇ ਪੱਖਕਾਰ, ਪੀੜਿਤਾਂ ਦੇ ਹਮਦਰਦ ਕਿਵੇਂ ? : ਕਾਲਕਾ

ਅਕਾਲੀ ਦਲ ਨੇ ਸਰਨਾ ‘ਤੇ ਕੀਤਾ ਵੱਡਾ ਸਿਆਸੀ ਹਮਲਾ

ppn05110201618ਨਵੀਂ ਦਿੱਲੀ, 5 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ 1984 ਸਿੱਖ ਕਤਲੇਆਮ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ‘ਤੇ ਸਵਾਲ ਖੜੇ ਕਰਨ ਖਿਲਾਫ਼ ਅਕਾਲੀ ਦਲ ਵੱਲੋਂ ਅੱਜ ਸਰਨਾ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਗਿਆ।ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਸਰਨਾ ਵੱਲੋਂ ਇਸ ਮਸਲੇ ‘ਤੇ ਕੀਤੀ ਗਈ ਨੁਕਤਾਚੀਨੀ ਨੂੰ ਬੇਲੋੜਾ ਅਤੇ ਕਾਤਲਾਂ ਦਾ ਪੱਖ ਪੂਰਣ ਵਾਲੀ ਕਾਰਵਾਈ ਦੱਸਿਆ ਹੈ।
ਕਾਲਕਾ ਨੇ ਸਰਨਾ ਨੂੰ ਪੁੱਛਿਆ ਕਿ ਜੇਕਰ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਤਲੇਆਮ ਪੀੜਿਤਾਂ ਦੀ ਜਾਇਦਾਦਾਂ ਦੇ ਹੋਏ ਨੁਕਸਾਨ ਬਦਲੇ ਘਟੌ-ਘਟ 1000 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਫੌਜਦਾਰੀ ਮਾਮਲਿਆਂ ਦੀ ਜਾਂਚ ਲਈ ਸਿਵਿਲ ਐਸ.ਆਈ.ਟੀ. ਬਣਾਉਣ ਦੀ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਹੈ ਤਾਂ ਉਨ੍ਹਾਂ ਨੂੰ ਤਕਲੀਫ਼ ਕਿਉਂ ਹੋ ਰਹੀ ਹੈ ? ਜਦਕਿ ਆਪਣੇ ਕਾਰਜਕਾਲ ਦੌਰਾਨ ਸਰਨਾ ਨੇ ਹਮੇਸ਼ਾ ਹੀ ਪੀੜਿਤਾਂ ਨੂੰ ਕਮੇਟੀ ਦੇ ਬੂਹੇ ਤੋਂ ਧੱਕੇ ਮਾਰਣ ਤੋਂ ਇਲਾਵਾ ਕੋਈ ਕਾਰਜ ਨਹੀਂ ਕੀਤਾ ਸੀ। ਜੇਕਰ ਮੌਜੂਦਾ ਕਮੇਟੀ ਨੇ ਪੀੜਿਤਾਂ ਦੀ ਆਰਥਿਕ, ਸਮਾਜਿਕ, ਕਾਨੂੰਨੀ ਅਤੇ ਵਿੱਦਿਅਕ ਮਦਦ ਦੇਣ ਦੇ ਨਾਲ ਹੀ ਪੀੜਿਤਾਂ ਨੂੰ ਕਸ਼ਮੀਰੀ ਪੰਡਿਤਾਂ ਦੇ ਬਰਾਬਰ ਹੱਕ ਦੇਣ ਦੀ ਕੇਂਦਰ ਸਰਕਾਰ ਨੂੰ ਗੁਜਾਰਿਸ਼ ਕੀਤੀ ਹੈ, ਤਾਂ ਇਸਦੇ ਨਾਲ ਕਿ ਗੁਰਦੁਆਰਾ ਐਕਟ ਦੇ ਕਿਸੇ ਨਿਯਮ ਦੀ ਉਲੰਘਣਾ ਹੋਈ ਹੈ ?
ਕਾਲਕਾ ਨੇ ਕਿਹਾ ਕਿ ਕਾਤਲਾਂ ਨੂੰ ਬਚਾਉਂਦੇ ਹੋਏ ਆਪਣੇ ਮੁੂੰਹ ਵਿਚ ਨਿਜੀ ਮੁਫ਼ਾਦਾ ਦਾ ਪਾਨ ਦਬਾਉਣ ਵਾਲੇ ਪੀੜਿਤਾਂ ਦੀ ਗੱਲ ਕਰਨ ਦੇ ਅਧਿਕਾਰੀ ਨਹੀਂ ਹਨ। ਮੌਜੂਦਾ ਕਮੇਟੀ ਅਤੇ ਸਰਨਾ ਕਾਰਜਕਾਲ ਦੀ ਤੁਲਨਾ ਕਰਦੇ ਹੋਏ ਕਾਲਕਾ ਨੇ ਕਿਹਾ ਕਿ ਸਰਨਾ ਨੇ ਹਮੇਸ਼ਾ ਹੀ ਨਿਜ਼ੀ ਮੁਫ਼ਾਦਾ ਲਈ ਕੌਮ ਦੀ ਲੜਾਈ ਨੂੰ ਕਾਂਗਰਸ ਪਾਰਟੀ ਦੇ ਗਹਿਣੇ ਰੱਖ ਦਿੱਤਾ ਸੀ। ਕਦੇ ਉਹ ਕੁੰਡਲੀ ਬਾਰਡਰ ‘ਤੇ ਦਿੱਲੀ ਸਰਕਾਰ ਦੇ ਸਮਾਗਮ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਨਾਲ ਮੁਖ ਮੰਚ ਤੋਂ 17 ਫੁੱਟ ਹੇੇਠਾਂ ਇੱਕ ਦਰਬਾਨ ਵਾਂਗ ਬੈਠਦੇ ਸੀ ਤੇ ਕੱਦੇ ਕਾਤਲਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਸਿਰੋਪੇ ਪਾਉਂਦੇ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਮੁੱਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਜੀ.ਕੇ. ਵੱਲੋਂ ਸਟੇਜ ਸਕੱਤਰ ਦੀ ਨਿਭਾਈ ਗਈ ਭੂਮਿਕਾ ਨੂੰ ਯਾਦ ਕਰਾਉਂਦੇ ਹੋਏ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਦਿੱਲੀ ਦੇ 10 ਲੱਖ ਸਿੱਖਾਂ ਦਾ ਬਿਨਾਂ ਵਿਵਾਦ ਆਗੂ ਹੁੰਦਾ ਹੈ ਇਸ ਕਰਕੇ ਮੌਜੂਦਾ ਕਮੇਟੀ ਪ੍ਰਧਾਨ ਨੇ ਹਮੇਸ਼ਾ ਦਿੱਲੀ ਦੇ ਸਿੱਖਾਂ ਦੇ ਮਾਣ ਲਈ ਸਰਕਾਰ ਦੀ ਝੋਲੀ ਵਿਚ ਬਹਿਣ ਦੀ ਬਜਾਏ ਸਰਕਾਰਾਂ ਨੂੰ ਆਪਣੀ ਝੋਲੀ ਵਿੱਚ ਬਿਠਾਉਣ ਨੂੰ ਤਰਜੀਹ ਦਿੱਤੀ ਹੈ।
ਕਾਲਕਾ ਨੇ ਕਿਹਾ ਕਿ ਕਮੇਟੀ ਨੇ ਸਿੱਖਾਂ ਦੇ ਮਾਣ-ਸਨਮਾਨ ਲਈ ਆਪਣੀ ਭਾਈਵਾਲ ਸਰਕਾਰ ਨਾਲ ਵੀ ਟਕਰਾਵ ਪੈਦਾ ਕਰਨ ਵਿਚ ਕੱਦੇ ਸੰਕੋਚ ਨਹੀਂ ਕੀਤਾ। ਇਸ ਕਰਕੇ 1984 ਬਾਰੇ ਬੋਲਣ ਵਾਲਿਆਂ ਨੂੰ ਆਪਣਾ ਇਤਿਹਾਸ ਤੇ ਕਾਰਨਾਮਿਆਂ ਨੂੰ ਚੰਗੀ ਤਰੀਕੇ ਧੋਖ ਕਰਨ ਉਪਰੰਤ ਹੀ ਮੂੰਹ ਖੋਲਣਾ ਚਾਹੀਦਾ ਹੈ।ਕਾਲਕਾ ਨੇ ਸਰਨਾ ਦੀ ਪੀੜਿਤਾਂ ਪ੍ਰਤੀ ਹਮਦਰਦੀ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਸੱਜਣ ਕੁਮਾਰ ਵੱਲੋਂ ਸਿੱਖ ਜੱਜ ਪੀ.ਐਸ. ਤੇਜੀ ਨੂੰ ਮੁੱਕਦਮੇ ਤੋਂ ਹਟਾਉਣ ਵਾਸਤੇ ਪਾਈ ਗਈ ਪਟੀਸ਼ਨ ਤੇ ਸਰਨਾ ਚੁੱਪ ਕਿਉਂ ਰਹੇ ਸਨ ? ਕਾਤਲਾਂ ਦੀ ਦਲਾਲੀ ਕਰਨ ਦੀ ਬਜਾਏ ਸਰਨਾ ਨੂੰ ਪੰਥ ਦੀ ਆਵਾਜ਼ ਚੁੱਕਣ ਦੀ ਕਾਲਕਾ ਨੇ ਸਲਾਹ ਦਿੰਦੇ ਹੋਏ ਅਕਾਲੀ ਦਲ ਵੱਲੋਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਟਿਕਟਾਂ ਕਟਵਾ ਕੇ ਦੋਨਾਂ ਦਾ ਸਿਆਸੀ ਕਰਿਅਰ ਖਤਮ ਕਰਾਉਣ ਦਾ ਵੀ ਚੇਤਾ ਕਰਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply