ਪ੍ਰਦਰਸ਼ਨੀ ਵਿੱਚ ਦੇਸ਼ ਭਰ ਤੋਂ 300 ਕਲਾਕਾਰਾਂ ਦੀਆਂ 312 ਕਲਾਕ੍ਰਿਤੀਆਂ ਕੀਤੀਆਂ ਪ੍ਰਦਰਸ਼ਿਤ

ਅੰਮ੍ਰਿਤਸਰ 6 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟ (ਆਰਟ ਗੈਲਰੀ) ਵਲੋਂ ਅਯੋਜਿਤ 82ਵੀਂ ਰਾਸ਼ਟਰੀ ਪੱਧਰ ਦੀ ਸਲਾਨਾ ਆਰਟ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਲਲਿਤ ਕਲਾ ਅਕੈਡਮੀ ਦਿੱਲੀ ਦੇ ਚੇਅਰਮੈਨ ਸੀ.ਐਸ ਕ੍ਰਿਸ਼ਨਾ ਸ਼ੈਟੀ ਵਲੋਂ ਆਰਟ ਗੈਲਰੀ ਦੇ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਕੀਤਾ ਗਿਆ ਅਤੇ ਇਸ ਪ੍ਰਦਰਸ਼ਨੀ ਦੇ 12 ਜੇਤੂ ਕਲਾਕਾਰਾਂ ਨੂੰ ਨਕਦ ਇਨਾਮ ਤੇ ਸਰਟੀਫੀਕੇਟ ਤਕਸੀਮ ਕੀਤੇ।ਅਜ਼ਾਦੀ ਤੋਂ ਪਹਿਲਾਂ ਕਲਾ ਦੇ ਖੇਤਰ ਨੂੰ ਪ੍ਰਫ਼ੁਲਿੱਤ ਕਰਦੀ ਆ ਰਹੀ ਆਰਟ ਗੈਲਰੀ ਵਿਖੇ ਅੱਜ ਦੇਸ਼ ਭਰ ਤੋਂ 300 ਉੱਘੇ ਕਲਾਕਾਰਾਂ ਦੀਆਂ 312 ਦਿਲਕਸ਼ ਚਿੱਤਰਕਲਾਵਾਂ, ਡਰਾਇੰਗ, ਬੁੱਤਸਾਜੀ, ਫੋਟੋਗ੍ਰਾਫ਼ਰੀ ਅਤੇ ਗ੍ਰਾਫ਼ਿਕਸ ਨਾਲ ਸਬੰਧਿਤ ਕਲਾਕ੍ਰਿਤੀਆਂ 21 ਨਵੰਬਰ ਤੱਕ 15 ਦਿਨਾਂ ਤੱਕ ਲੋਕਾਂ ਦੇ ਵੇਖਣ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਉਦਘਾਟਨੀ ਸਮਾਰੋਹ ਦਾ ਅਗਾਜ਼ ਮੁੱਖ ਮਹਿਮਾਨ ਸੀ.ਐਸ ਕ੍ਰਿਸ਼ਨਾ ਸ਼ੈਟੀ ਤੇ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਇਸ ਸਮੇਂ ਰਾਏਪੁਰ (ਛੱਤੀਸਗੜ੍ਹ) ਤੋਂ ਪੁੱਜੇ ਕਲਾਕਾਰ ਸ੍ਰੀ ਰਾਮ ਕੁਮਾਰ ਇੰਦੌਰੀਆ ਨੂੰ ਪਹਿਲਾ 51,000/- ਹਜ਼ਾਰ ਰੁਪਏ ਦਾ ‘ਐੱਸ. ਜੀ. ਠਾਕਰ ਸਿੰਘ ਮੈਮੋਰੀਅਲ’ ਐਵਾਰਡ ਅਤੇ ਚੰਡੀਗੜ੍ਹ ਤੋਂ ਕਲਾਕਾਰ ਸ੍ਰੀ ਸਰਵਣ ਕੁਮਾਰ ਨੂੰ ਦੂਜਾ 31,000/-ਰੁਪਏ ‘ਧਰਮ ਸਿੰਘ ਇੰਜੀਨੀਅਰ ਮੈਮੋਰੀਅਲ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਛੀਨਾ ਨੇ ਇਸ ਮੌਕੇ ਕਿਹਾ ਕਿ ਇਹ ਰਾਸ਼ਟਰੀ ਪ੍ਰਦਰਸ਼ਨੀ ਅਜ਼ਾਦੀ ਤੋਂ ਪਹਿਲਾਂ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਈ ਜਾ ਰਹੀ ਹੈ।ਜਿਸ ਦੌਰਾਨ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਦੇਸ਼ ਭਰ ਤੋਂ 300 ਕਲਾਕਾਰਾਂ ਦੀਆਂ ਦਿਲ ਮੋਹਣ ਵਾਲੀਆਂ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਮੈਡਮ ਪਾਮਪਾ ਗੌਤਮ, ਮੈਡਮ ਮੰਜ਼ੂ ਠਾਕੁਰ, ਸੰਜੀਵ ਕੁਮਾਰ, ਉਦੈ ਗਣੇਸ਼ ਤੋਵਾਲੇ, ਡਿੰਪਲ ਚੰਦਤ, ਸ਼ਸ਼ੀ ਕੁਮਾਰ, ਰਾਹੁਲ ਕੁਮਾਰ, ਮੇਘਾ ਵਿੱਜ, ਵਿਸ਼ਾਲ ਭਟਨਾਗਰ ਅਤੇ ਮੋਨੂੰ 10 ਉੱਘੇ ਕਲਾਕਾਰਾਂ ਜਿਨ੍ਹਾਂ ਨੂੰ 21000-21000 ਰੁਪਏ ਅਤੇ 10 ਹੋਰ ਕਲਾਕਾਰਾਂ ਨੂੰ 1100 ਰੁਪਏ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਦੌਰਾਨ ਉਘੇ ਕਲਾਕਾਰਾਂ ਅਜੀਤ ਸਿੰਘ ਜੱਬਲ ਅਤੇ ਚਰਨਜੀਤ ਸਿੰਘ ਬੱਗਾ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ।
ਛੀਨਾ ਨੇ ਦੱਸਿਆ ਕਿ ਹਰ ਸਾਲ ਆਰਟ ਅਕੈਡਮੀ ਵਲੋਂ ਹਰ ਸਾਲ ਕਲਾਕਾਰਾਂ ਤੋਂ ਉਨ੍ਹਾਂ ਦੀ ਕਲਾ ਦੇ ਨਮੂਨੇ ਮੰਗਵਾਏ ਜਾਂਦੇ ਹਨ, ਜਿਨ੍ਹਾਂ ਦੀ ਚੋਣ ਇਕ ਉੱਚ ਪੱਧਰੀ ਕਮੇਟੀ ਦੁਆਰਾ ਕਰਕੇ ਆਰਟ ਗੈਲਰੀ ਵਿਖੇ ਆਮ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਜਾਂਦਾ ਹੈ।ਇਸ ਮੌਕੇ ਇਕ ਜੂਹੀ ਢੀਂਗਰਾ ਵੱਲੋਂ ਰੰਗਾਰੰਗ ਪ੍ਰੋਗਰਾਮ ਦੌਰਾਨ ਸੂਫ਼ੀ ਗਾਇਨ ਦੀ ਪੇਸ਼ਕਾਰੀ ਕੀਤੀ ਗਈ, ਜਿਸ ਹਾਜ਼ਰ ਸਰੋਤਿਆਂ ਨੂੰ ਖੂਬ ਆਨੰਦ ਮਾਣਿਆ।ਇਸ ਮੌਕੇ ਕਲਾ ਪ੍ਰਦਰਸ਼ਨੀ ਦੇ ਜਿਊਰੀ ਮੈਂਬਰ ਬਿਮਲ ਦਾਸ, ਹਰੀਸ਼ ਸ੍ਰੀ ਵਾਸਤਵਾ ਅਤੇ ਨਰਿੰਦਰ ਸਿੰਘ ਤੋਂ ਇਲਾਵਾ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਤੋਂ ਇਲਾਵਾ ਗੈਲਰੀ ਦੇ ਅਹੁੱਦੇਦਾਰਾਂ ਮਹਿੰਦਰਜੀਤ ਸਿੰਘ ਚੇਅਰਮੈਨ ਆਰਟ ਗੈਲਰੀ, ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ, ਗੋਪਾਲ ਕਰੋਧੀਵਾਲ, ਨਰਿੰਦਰ ਸਿੰਘ, ਸ਼ਿਵਦੇਵ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media