
ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ) ਝੋਨੇ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਪੇਸ਼ ਆਈਆਂ ਮੁਸ਼ਕਲਾਂ ਅਤੇ ਉਨਾਂ ਦੀ ਨਾਲ ਹੋਈ ਲੁੱਟ ਖਸੁੱਟ ਦੇ ਖਿਲਾਫ ਹਾਈ ਕਮਾਂਡ ਵਲੋਂ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਦਿੱਤੇ ਜਾਣ ਜਾ ਰਹੇ ਰੋਸ ਧਰਨਿਆਂ ਦੇ ਸੱਦੇ ‘ਤੇ ਅੰਮ੍ਰਿਤਸਰ ਜਿਲੇ ਦੀਆਂ ਮੰਡੀਆਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜਾਂ ਤੇ ਵਲੰਟੀਅਰਾਂ ਵਲੋਂ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਇਸ ਸਬੰਧੀ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਸ਼ੋਕ ਤਲਵਾਰ ਨੇ ਦੱਸਿਆ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਕਹਾਉਂਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦਾ ਸਰਕਾਰ ਵਲੋਂ ਮਿਥਿਆ ਰੇਟ ਨਾ ਦੇ ਕੇ ਉਨਾਂ ਦੀ ਰੱਜ ਕੇ ਲੁੱਟ ਖਸੁੱਟ ਕੀਤੀ ਹੈ ਅਤੇ ਉਨਾਂ ਨੂੰ ਖੁਦਕੁਸ਼ੀ ਦੇ ਰਾਹ ਤੋਰਿਆ ਹੈ। ਉਨਾਂ ਕਿਹਾ ਕਿ ਗਠਜੋੜ ਸਰਕਾਰ ਦੀ ਬਦਨੀਤੀ ਉਦੋਂ ਹੀ ਜੱਗ ਜਾਹਿਰ ਹੋ ਗਈ ਸੀ ਜਦ ਉਸ ਨੇ 1 ਅਕਤੂਬਰ ਦੀ ਥਾਂ 7 ਅਕਤੂਬਰ ਨੂੰ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਈ ਸੀ ਅਤੇ ਖਰੀਦ ‘ਤੇ 16 ਫੀਸਦੀ ਨਮੀ ਦੀ ਸ਼ਰਤ ਲਗਾ ਕੇ ਕਿਸਾਨਾਂ ਦੀ ਫਸਲ ਦਾ ਭਾਅ ਬਹੁਤ ਹੀ ਘੱਟ ਦਿੱਤਾ ਗਿਆ ਜਾਂ ਉਨਾਂ ਨੂੰ ਮੰਡੀਆਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਕਰਕੇ ਕਿਸਨਾਂ ਨੂੰ ਮਜ਼ਬੂਰ ਹੋ ਕੇ ਸੱਸਤੇ ਰੇਟਾਂ ‘ਤੇ ਨਿੱਜੀ ਕੰਪਨੀਆਂ ਨੂੰ ਝੋਨਾ ਵੇਚਣਾ ਪਿਆ।ਉਨਾਂ ਕਿਹਾ ਕਿ ਆਪ ਸਰਕਾਰ ਬਨਣ ‘ਤੇ ਕਿਸਾਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣਗੀਆਂ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਉਨਾਂ ਦੀ ਉਪਜ ਦਾ ਸਹੀ ਰੇਟ ਦਿਵਾਇਆ ਜਾਵੇਗਾ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਕਿਸਾਨ ਤੇ ਲੇਬਰ ਵਿੰਗ ਅੰਮ੍ਰਿਤਸਰ ਦੇ ਮੁਖੀ ਜਗਜੋਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੀ ਸ਼ਹਿ ‘ਤੇ ਆੜਤੀਆਂ ਤੇ ਅਫਸਰਾਂ ਨੇ ਮਿਲ ਕੇ ਕਿਸਾਨਾਂ ਨੂੰ ਖੂਬ ਲੁਟਿਆ ਹੈ।ਇਸ ਲਈ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਅੱਜ ਅੰਮ੍ਰਿਤਸਰ ਜਿਲੇ ਦੀਆਂ 6 ਮੰਡੀਆਂ ਜਿੰਨਾਂ ਵਿੱਚ ਭਗਤਾਂਵਾਲਾ, ਰਾਜਾਸਾਂਸੀ ਦੀਆਂ ਦੋ, ਅਜਨਾਲਾ ਦੀਆਂ ਦੋ ਅਤੇ ਮਜੀਠਾ ਦੀ ਇੱਕ ਮੰਡੀ ਸ਼ਾਮਲ ਹੈ, ਵਿੱਚ ਆਪ ਵਲੰਟੀਆਰਾਂ ਵਲੋਂ ਕਿਸਾਨਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਇਸ ਮੌਕੇ ਹਾਜਰ ਦਵਿੰਦਰ ਸਿੰਘ, ਜਗਰੂਪ ਸਿੰਘ ਆਦਿ ਕਿਸਾਨਾਂ ਨੇ ਮੰਡੀਆਂ ਵਿੱਚ ਆਪਣੇ ਨਾਲ ਹੋਈਆਂ ਜਿਆਦਤੀਆਂ ਮੀਡੀਆ ਦੇ ਸਾਹਮਣੇ ਰੱਖਦਿਆਂ ਦੱਸਿਆ ਕਿ ਉਨਾਂ ਨੂੰ ਸਰਕਾਰੀ ਰੇਟ 1510 ਦੀ ਥਾਂ 1450 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਰੇਟ ਦਿੱਤਾ ਗਿਆ ਹੈ।ਇਸ ਮੌਕੇ ਆਪ ਕਈ ਹੋਰ ਵਲੰਟੀਅਰ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media