
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ ਸੱਗੂ)- ਵਿਰਸਾ ਵਿਹਾਰ ਸੋਸਾਇਟੀ ਅਤੇ ਏਕਮ ਸਾਹਿਤਕ ਮੰਚ ਵੱਲੋਂ ਸਾਂਝੇ ਤੌਰ ਤੇ ਪੰਜਾਬੀ ਜੁਬਾਨ ਦੀ ਨਾਮਵਰ ਸ਼ਾਇਰਾ ਮਨਜੀਤ ਇੰਦਰਾ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਵਿੱਚ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਜੁੜੀ ਇਸ ਅਦਬੀ ਮਹਿਫਲ ਵਿੱਚ ਅਰਤਿੰਦਰ ਸੰਧੂ ਨੇ ਮਹਿਮਾਨ ਸ਼ਾਇਰਾ ਨਾਲ ਜਾਣ ਪਹਿਚਾਣ ਕਰਵਾਈ।ਇਸ ਅਰਥ ਭਰਪੂਰ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਇੰਦਰਾ ਨੇ 70ਵਿਆਂ ਦੇ ਦਹਾਕੇ ਵਿੱਚ ਆਪਣੀ ਪਲੇਠੀ ਰਚਨਾ ‘ਤਾਰਿਆਂ ਦਾ ਛੱਜ’ ਰਾਹੀਂ ਪੰਜਾਬੀ ਸਾਹਿਤ ਵਿੱਚ ਗੌਲਣਯੋਗ ਥਾਂ ਬਣਾ ਲਈ ਸੀ।ਮਨਜੀਤ ਇੰਦਰਾ ਨੇ ਹਾਜ਼ਰੀਨ ਦੇ ਰੂ-ਬ-ਰੂ ਹੁੰਦਿਆਂ ਆਪਣੀ ਰਚਨਾ ਤਰੁੰਨਮ ਵਿੱਚ ਗਾ ਕੇ ਸਾਹਿਤ ਅਤੇ ਸੰਗੀਤ ਨੂੰ ਲੜੀਬੱਧ ਕੀਤਾ ਤੇ ਦੱਸਿਆ ਕਿ ਜਿੱਥੇ ਉਨ੍ਹਾਂ ਪ੍ਰੋ: ਮੋਹਨ ਸਿੰਘ ਦੀ ਸ਼ਗਿਰਦੀ ਹੇਠ ਕਵਿਤਾ ਦੀਆਂ ਬਰੀਕ-ਬਾਨੀਆ ਨੂੰ ਸਮਝਿਆ, ਉਥੇ ਐੱਸ.ਐੱਸ ਮੀਸ਼ਾ ਡਾ. ਅਤਰ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਪ੍ਰੋੜ ਸਾਹਿਤਕਾਰਾਂ ਦੇ ਪ੍ਰਭਾਵ ਨੂੰ ਵੀ ਕਬੂਲਿਆ।
ਪ੍ਰੋ: ਲਖਵਿੰਦਰ ਗਿੱਲ ਨੇ ਮਨਜੀਤ ਇੰਦਰਾ ਦੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਇੰਦਰਾ ਹੁਰਾਂ ਦੀ ਸਮੁੱਚੀ ਸ਼ਾਇਰੀ ਜਿੱਥੇ ਨਾਰੀ ਦੇ ਅੰਤਰ ਮਨ ਦੀ ਵੇਦਨਾ ਨੂੰ ਗਹਿਰ ਗੰਭੀਰ ਢੰਗ ਨਾਲ ਪੇਸ਼ ਕਰਦੀ ਹੈ, ਉਥੇ ਸਦੀਆਂ ਤੋਂ ਦੁਸ਼ਵਾਰੀਆਂ ਹੰਢਾਉਂਦੀ ਔਰਤ ਦੇ ਹੱਕ ਵਿੱਚ ਵੀ ਭੁਗਤਦੀ ਹੈ।ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਮਨਜੀਤ ਇੰਦਰਾ ਆਪਣੀ ਸ਼ਾਇਰੀ ਵਾਂਗ ਆਪਣੀ ਜੀਵਨ-ਜਾਂਚ ਵਿੱਚ ਵੀ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੀ ਜੁਰਅਤ ਰੱਖਦੀ ਹੈ। ਸ਼ਾਇਰ ਨਿਰਮਲ ਅਰਪਣ ਨੇ ਮਨਜੀਤ ਇੰਦਰਾ ਨਾਲ ਆਪਣੀ ਸਾਂਝ ਦੀਆਂ ਤੰਦਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਮਨਜੀਤ ਇੰਦਰਾ ਸਥਾਪਤੀ ਦੀ ਸ਼ਿਖਰ ਤੇ ਪਹੁੰਚ ਕੇ ਵੀ ਜਮੀਨ ਨਾਲ ਜੁੜੀ ਰਹੀ ਹੈ। ਡਾ. ਜਗਦੀਸ਼ ਸਚਦੇਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਵਚਨਬੱਧਤਾ ਨੂੰ ਦੁਹਰਾਇਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੰਧੂ, ਮਨਮੋਹਨ ਢਿੱਲੋਂ, ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਹਰਜੀਤ ਸੰਧੂ, ਮੁਖਤਾਰ ਗਿੱਲ, ਜਗਤਾਰ ਗਿੱਲ, ਸਰਬਜੀਤ ਸੰਧੂ, ਮਲਵਿੰਦਰ, ਜਤਿੰਦਰ ਔਲਖ, ਪ੍ਰੋ: ਜਗਦੀਸ਼ ਸਿੰਘ, ਡਾ. ਸ਼ਾਮ ਸੁੰਦਰ ਦੀਪਤੀ, ਗੁਰਦੇਵ ਮਹਿਲਾਂਵਾਲਾ, ਪ੍ਰੋ: ਸਤਨਾਮ ਰੰਧਾਵਾ, ਜਸਪਾਲ ਕੌਰ, ਅਮਰਜੀਤ ਕੌਰ ਹਿਰਦੇ, ਕਮਲ, ਡਾ. ਮੋਹਨ, ਵਿਸ਼ਾਲ, ਜਗਜੀਤ ਗਿੱਲ, ਹਰਭਜਨ ਖੇਮਕਰਨੀ, ਅੰਮਰੀਸ਼, ਕੁਲਬੀਰ ਸਿੰਘ ਸੂਰੀ, ਸੁਰਿੰਦਰ ਕੰਵਲ, ਰਾਜ ਖੁਸ਼ਵੰਤ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media