
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਸੂਚਨਾ ਤਕਨੀਕੀ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬਣਨ ਵਾਲਾ ਸਾਫਟਵੇਅਰ ਤਕਨਾਲੋਜੀ ਪਾਰਕ ਦੇਸ਼ ਦਾ ਸਰਵਉਤਮ ਤਕਨੀਕੀ ਸੂਚਨਾ ਪਾਰਕ ਹੋਵੇਗਾ ਅਤੇ ਇਥੋਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਉਹ ਅੱਜ ਸਥਾਨਕ ਫੋਕਲ ਪੁਆਇੰਟ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 3 ਏਕੜ ਰਕਬੇ ਵਿੱਚ ਬਨਣ ਵਾਲੇ ਸਾਫਟਵੇਅਰ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਅੱਜ ਸੂਚਨਾ ਤਕਨਾਲੋਜੀ ਦਾ ਯੁੱਗ ਹੈ ਅਤੇ ਮੇਰੀ ਇੱਛਾ ਹੈ ਕਿ ਪੰਜਾਬ ਖੇਤੀ ਕ੍ਰਾਂਤੀ ਤੋਂ ਬਾਅਦ ਸੂਚਨਾ ਤਕਨੀਕ ਦੇ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਉਨ੍ਹਾਂ ਨੇ ਇਸ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕਰਦੇ ਕਿਹਾ ਕਿ ਹਾਲ ਹੀ ਵਿੱਚ ਮੁਹਾਲੀ ਵਿਖੇ ਖੋਲੇ ਗਏ ਸੂਚਨਾ ਤਕਨੀਕ ਪਾਰਕ ਤੋਂ 30 ਹਜ਼ਾਰ ਕਰੋੜ ਰੁਪਏ ਦੀ ਆਈ:ਟੀ ਨਿਰਯਾਤ ਕੀਤੀ ਜਾ ਰਹੀ ਹੈ ਅਤੇ ਇਹ ਹਜ਼ਾਰਾਂ ਨੌਜਵਾਨਾਂ ਦੇ ਰੁਜਗਾਰ ਦਾ ਸਾਧਨ ਬਣ ਚੁੱਕਾ ਹੈ। ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਅੱਜ ਡਿਜੀਟਲ ਯੁੱਗ ਹੈ ਅਤੇ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇਸ਼ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਦੀ ਹਰ ਸੰਭਵ ਕੋਸਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨੀਕ ਦਾ ਲਾਭ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਵੀ ਵੱਡਾ ਸਾਧਨ ਬਣਿਆ ਹੈ ਅਤੇ ਅੱਜ ਦੇਸ਼ ਦੇ ਵੱਡੇ ਹਿੱਸੇ ਨੂੰ ਸਿੱਧੀ ਸਬਸਿਡੀ ਦਿੱਤੀ ਜਾ ਰਹੀ ਹੈ।
ਸ੍ਰੀ ਪ੍ਰਸ਼ਾਦ ਜੋ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਏ ਸਨ ਨੇ ਉਥੇ ਉਸਾਰੀ ਵਿਰਾਸਤੀ ਮਾਰਗ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸz ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਨੇ ਇਹ ਬਹੁਤ ਉਤਮ ਕੰਮ ਕੀਤਾ ਹੈ, ਜੋ ਦੁਨੀਆਂ ਦੇ ਬਹੁਤ ਘੱਟ ਦੇਸ਼ਾਂ ਵਿੱਚ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਾ 40 ਸਾਲ ਪੁਰਾਣਾ ਰਿਸ਼ਤਾ ਹੈ ਅਤੇ ਇਹ ਛੋਟੀਆਂ ਸਿਆਸਤਾਂ ਕਾਰਨ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਨਹੀਂ ਬਣ ਸਕਦਾ। ਉਨ੍ਹਾਂ ਮੋਦੀ ਸਰਕਾਰ ਦੇ ਐਲਾਨ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਸੰਬੋਧਨ ਕਰਦੇ ਫੂਡ ਪ੍ਰਾਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਪਾਰਕ ਦੀ ਉਸਾਰੀ ਲਈ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਪੰਜਾਬ ਨੂੰ ਹਰੇਕ ਖੇਤਰ ਵਿੱਚ ਉਸ ਦਾ ਹੱਕ ਮਿਲਣ ਲੱਗਾ ਹੈ ਚਾਹੇ ਉਹ ਖੇਤਰ ਸੜਕਾਂ ਦਾ ਹੋਵੇ, ਆਈ:ਟੀ: ਦਾ ਹੋਵੇ ਜਾਂ ਸਮਾਜ ਭਲਾਈ ਸਕੀਮਾਂ ਦਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਦੇਸ਼ ਤੇਜੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਅੱਜ ਵੱਡੇ ਦੇਸ਼ ਸਾਡੇ ਵੱਲ ਆਸ ਦੀ ਨਿਗਾਹ ਨਾਲ ਦੇਖਣ ਲੱਗੇ ਹਨ।
ਸਮਾਗਮ ਨੂੰ ਸੰਬੋਧਨ ਕਰਦੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਇਸ ਪਾਰਕ ਦੀ ਉਸਾਰੀ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਜਲੰਧਰ ਅਤੇ ਲੁਧਿਆਣਾ ਵਿੱਚ ਅਜਿਹੇ ਸੂਚਨਾ ਤਕਨਾਲੋਜੀ ਪਾਰਕ ਖੋਲਣ ਦੀ ਲੋੜ ਤੇ ਜੋਰ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦੇ ਖੁਰਾਕ ਤੇ ਆਈ:ਟੀ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਬੀਤੇ ਦਿਨ ਭਾਰਤ-ਪਾਕਿ ਸਰਹੱਦ ‘ਤੇ ਸ਼ਹੀਦ ਹੋਏ ਤਰਨਤਾਰਨ ਇਲਾਕੇ ਦੇ ਫੌਜੀ ਨੌਜਵਾਨ ਗੁਰਸੇਵਕ ਸਿੰਘ ਨੂੰ ਮੋਨ ਧਾਰਨ ਕਰਕੇ ਸ਼ਰਧਾ ਅਰਪਿਤ ਕਰਨ ਲਈ ਕਿਹਾ ਜਿਸ ‘ਤੇ ਸਾਰੇ ਹਾਜਰੀਨ ਨੇ ਮੋਨ ਧਾਰ ਕੇ ਸ਼ਹੀਦ ਨੂੰ ਸ਼ਰਧਾ ਦਿੱਤੀ। ਉਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸੂਚਨਾ ਤਕਨੀਕ ਪਾਰਕ ਨੂੰ ਹਰ ਤਰ੍ਹਾਂ ਦਾ ਸਹਿਸੌਗ ਦੇਣ ਦਾ ਵਾਅਦਾ ਵੀ ਕੀਤਾ।
ਇਸ ਮੌਕੋ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਡਾ: ਅਜੈਬ ਸਿੰਘ ਬਰਾੜ, ਮੇਅਰ ਬਖਸ਼ੀ ਰਾਮ ਅਰੋੜਾ, ਖੁਰਾਕ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਜ ਕਮਲ ਚੌਧਰੀ, ਡਾ: ਉਂਕਾਰ ਨਾਥ, ਸ੍ਰੀ ਰਜਿੰਦਰ ਸਿੰਘ ਮਰਵਾਹਾ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media