
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਥਾਲਕ ਸਿਵਲ ਹਸਪਤਾਲ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਜਾਗਰੂਕਤਾ ਪੋਸਟਰ ਜਾਰੀ ਕਰਦੇ ਹੋਏ ਸਹਾਇਕ ਸਿਵਲ ਸਰਜ਼ਨ ਡਾ. ਦਵਿੰਦਰ ਭੁੱਕਲ ਨੇ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਇਸ ਦੇ ਖਿਲਾਫ਼ ਜਾਗਰੂਕ ਹੋਕੇ ਲੜਨ ਦੀ ਜ਼ਰੂਰਤ ਹੈ। ਉਨ੍ਹਾਂ ਕੈਂਸਰ ਰੋਗ ਦੀਆਂ ਆਮ ਨਿਸ਼ਾਨੀਆਂ ਦੱਸਦੇ ਹੋਏ ਕਿਹਾ ਕਿ ਜੇਕਰ ਛਾਤੀ ਵਿਚ ਗਿਲਟੀ, ਲਗਾਤਾਰ ਖਾਂਸੀ, ਆਵਾਜ਼ ਵਿਚ ਭਾਰੀ ਪਨ, ਮਹਾਵਾਰੀ ਸਮੇਂ ਖੂਨ ਦਾ ਵੱਧ ਆਉਣਾ, ਮਹਾਵਾਰੀ ਤੋਂ ਇਲਾਵਾ ਵੀ ਖੂਨ ਦਾ ਵਗਣਾਹ, ਨਾ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਹੋਣ ਤੇ ਸਾਨੂੰ ਜਲਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਵਧੀਆ ਖੁਰਾਕ ਲਈਏ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਅਨਚਾਹੀ ਰਸੋਲੀੇ/ਗਿਲਟੀ ਹੋਵੇ ਤਾਂ ਡਾਕਟਰ ਦੀ ਸਲਾਹ ਲਈਏ, ਔਰਤਾਂ ਵਿਚ ਮਹਾਵਾਰੀ ਦੇ ਬਦਲੇ ਲੱਛਣਾਂ ਸਬੰਧੀ ਡਾਕਟਰ ਤੋਂ ਸਲਾਹ ਲਈਏ ਅਤੇ ਤੰਬਾਕੂ, ਸਿਗਰੇਟ, ਸ਼ਰਾਬ ਤੋਂ ਪਰਹੇਜ਼ ਕੀਤਾ ਜਾਵੇ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ ਤਾਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਸੰਬੋਧਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਕੈਂਸਰ ਦੇ ਇਲਾਜ ਲਈ 1.5 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹੰਸ ਰਾਜ ਨੇ ਕਿਹਾ ਕਿ ਆਓ ਮਿਲਜੁਲ ਕੇ ਕੈਂਸਰ ਦੇ ਪ੍ਰਤੀ ਅਸੀਂ ਖੁਦ ਜਾਗਰੂਕ ਹੋਈਏ ਅਤੇ ਫਿਰ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਪੰਜਾਬ ਨੂੰ ਕੈਂਸਰ ਮੁਕਤ ਕਰਨ ਵਿਚ ਸਹਿਯੋਗ ਕਰੀਏ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ, ਦਵਿੰਦਰ ਕੌਰ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media