
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸਥਾਨਕ ਨਹਿਰੀ ਵਿਸ਼ਰਾਮ ਘਰ ਵਿਚ ਫਾਜ਼ਿਲਕਾ ਇਲਾਕੇ ਦੇ ਖੇਡ ਕਲੱਬਾਂ ਨੂੰ 130 ਤੋਂ ਜਿਆਦਾ ਖੇਡ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ, ਐਸਡੀਐਮ ਫਾਜ਼ਿਲਕਾ ਵਿਨੋਦ ਬਾਂਸਲ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਾਕੇਸ਼ ਧੂੜੀਆ, ਮਾਰਕੀਟ ਕਮੇਟੀ ਚੇਅਰਮੈਨ ਵਿਨੋਦ ਬਜਾਜ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਰਾਕੇਸ਼ ਸਹਿਗਲ, ਬਲਜੀਤ ਸਹੋਤਾ, ਡਾ. ਵਿਨੋਦ ਜਾਂਗੜ ਹਾਜ਼ਰ ਸਨ। ਇਲਾਕੇ ਦੇ ਖੇਡ ਕਲੱਬਾਂ ਅਤੇ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਸ਼੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਵਿਚ ਖੇਡਾਂ ਵਿਚ ਦਿਲਚਸਪੀ ਪੈਦਾ ਕਰਨ ਲਈ ਜਿੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉੱਥੇ ਹੀ ਹੁਣ ਹਰ ਪਿੰਡ ਵਿਚ ਨੌਜਵਾਨਾਂ ਨੂੰ ਖੇਡ ਕਿੱਟਾਂ ਅਤੇ ਜਿੰਮ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਖੇਡਾਂ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੂਹ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਵੀ ਵੱਡੇ ਉਪਰਾਲੇ ਕੀਤੇ ਗਏ ਹਨ। ਜਿਸ ਨਾਲ ਅੱਜ ਪੰਜਾਬ ਵਿਚ 6ਵਾਂ ਡਾ. ਬੀ.ਆਰ ਅੰਬੇਦਕਰ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਜਿਆਣੀ ਨੇ ਸਿਹਤ ਸਹੂਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਖੇਤਰ ਵਿਚ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲਾਂ ਦਾ ਨਿਰਮਾਣ ਕਰਵਾਇਆ ਹੈ ਉੱਥੇ ਹੀ ਕੈਂਸਰ ਦੇ ਮਰੀਜਾਂ ਦੇ ਇਲਾਜ ਤੇ ਵੀ 400 ਕਰੋੜ ਤੋਂ ਜਿਆਦਾ ਦੀ ਰਾਸ਼ੀ ਖਰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਹਰੇਕ ਪਿੰਡ ਵਿਚ ਸਿਹਤ ਸਹੂਲਤਾਂ ਅਤੇ ਹੋਰਨਾਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਸਿਹਤ ਜਾਗਰੂਕਤਾ ਵੈਨਾਂ ਵੀ ਚਲਾਈਆਂ ਹਨ। ਜਿਹੜੀਆਂ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਗਰੂਕ ਕਰਨਗੀਆਂ। ਸੰਬੋਧਤ ਕਰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁੱਖ ਮੰਤਵ ਨੌਜਵਾਨ ਵਰਗ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਪੈਨਸ਼ਨਾਂ ਸਬੰਧੀ ਕੈਂਪ ਲਾਏ ਜਾ ਰਹੇ ਹਨ। ਜਿਹੜੇ ਯੋਗ ਲੋਕ ਪੈਨਸ਼ਨਾਂ ਲਗਾਉਣ ਤੋਂ ਰਹਿ ਗਏ ਹਨ। ਉਨ੍ਹਾਂ ਦੀਆਂ ਪੈਨਸ਼ਨਾਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਖੇਡ ਕਲੱਬਾਂ ਦੇ ਪ੍ਰਧਾਨ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media