ਨਵੀਂ ਦਿੱਲੀ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਸਿੱਖੀ ਸੰਤੁਸ਼ਟੀ ਦਾ ਮਾਡਲ ਨਹੀਂ ਸਗੋਂ ਤਲਬ ਦਾ ਮਾਡਲ ਹੈ, ਜੋ ਮਾਨਸਿਕਤਾ ਤੋਂ ਉਪਰ ਉੱਠ ਕੇ ਨਿਰੰਤਰਤਾ ਦੀ ਗੱਲ ਕਰਦਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਧਰਮ ਵਿਭਾਗ ਦੇ ਸਾਬਕਾ ਮੁਖੀ ਪ੍ਰੌਫੈਸਰ ਬਲਕਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਵੱਲੋਂ ਆਯੋਜਿਤ ਕੀਤੇ ਗਏ ਮਹੀਨਾਵਾਰੀ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਕੀਤਾ।
ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ‘ਪਾਰ ਇਤਿਹਾਸਿਕ ਮਾਡਲ ਦੇ ਪ੍ਰਸੰਗ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਕੀਤੀ।ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਅਦਾਰੇ ਦੀ ਡਾਇਰੈਕਟਰ ਬੀਬੀ ਹਰਬੰਸ ਕੌਰ ਸੱਗੂ ਨੇ ਵੀ ਆਪਣੇ ਵਿਚਾਰ ਰੱਖੇ।
ਡਾ. ਬਲਕਾਰ ਸਿੰਘ ਨੇ ਕਿਹਾ ਕਿ ਧਰਮ ਦਾ ਮੁਖ ਕਾਰਜ ਸ਼ਰੀਰ ਦੇ ਅੰਦਰਲੇ ਅਤੇ ਬਾਹਰਲੇ ਵਿਚਾਰਾਂ ਵਿਚ ਤਾਲਮੇਲ ਸਥਾਪਿਤ ਕਰਨਾ ਹੈ ਕਿਉਂਕਿ ਜੋ ਅੰਦਰ ਹੈ ਉਹ ਬਾਹਰ ਨਜ਼ਰ ਆਉਣਾ ਚਾਹੀਦਾ ਹੈ। ਸਾਨੂੰ ਇਤਿਹਾਸ ਦਾ ਏਜੰਡਾ ਆਪ ਬਣਾਉਣਾ ਪਵੇਗਾ ਅਤੇ ਪਰਿਵਾਰ, ਵਿੱਦਿਆ ਤੇ ਧਰਮ ਵਿਚ ਸੰਤੁਲਨ ਕਾਇਮ ਰੱਖੇ ਬਿਨਾਂ ਇਹ ਮੁਮਕਿਨ ਨਹੀਂ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮਨਾਉਦੇ ਹੋਏ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਮਨਾਂ ਤਕ ਪਹੁੰਚਣ ਵਾਸਤੇ ਚਿਹਰੇ ਦਾ ਪ੍ਰਭਾਵ ਹੀ ਖਾਲੀ ਜਰੂਰੀ ਨਹੀਂ ਹੈ।
ਡਾ. ਮਹਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਬਾਰੇ ਜਾਣਕਾਰੀ ਦਿੰਦੇ ਹੋਏ ਆਪਦੇ ਨਿਜ਼ੀ ਤਜੁਰਬੇ ਰਾਹੀਂ ਵਿੱਦਿਆਰਥੀਆਂ ਨੂੰ ਦਿੱਤੇ ਜਾਂਦੇ ਨੈਤਿਕਤਾ ਦੇ ਫਲਸਫ਼ੇ ਬਾਰੇ ਵਿਸਤਾਰ ਨਾਲ ਦੱਸਿਆ।ਡਾ. ਜਸਵਿੰਦਰ ਸਿੰਘ ਨੇ ਅਦਾਰੇ ਵੱਲੋਂ ਕੀਤੇ ਜਾ ਰਹੇ ਮਾਨਮੱਤੇ ਕਾਰਜਾਂ ਦਾ ਜਿਕਰ ਕਰਦੇ ਹੋਏ ਸਿੱਖ ਬੁੱਧੀਜੀਵੀਆਂ ਦੀ ਨਵੀਂ ਪਨੀਰੀ ਤਿਆਰ ਕਰਨ ਵਾਸਤੇ ਖੋਜ਼ ਤੇ ਜੋਰ ਦਿੱਤਾ। ਕੁਲਮੋਹਨ ਸਿੰਘ ਨੇ ਧਰਮ ਅਤੇ ਧਾਰਮਿਕ ਮਸਲਿਆਂ ‘ਤੇ ਕੌਮ ਦੇ ਮਾਨ ਦੀ ਰੱਖਿਆ ਲਈ ਸੇਵਾ ਭਾਵ ਵਿੱਚਲੇ ਅੰਤਰ ਨੂੰ ਬੜੇ ਹੀ ਕਟਾਕਸ਼ੀ ਅੰਦਾਜ਼ ਨਾਲ ਬਿਆਨ ਕੀਤਾ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਗੁਰਮੀਤ ਸਿੰਘ ਲੁਬਾਣਾ, ਦੇਵ ਨਗਰ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਮੀਤ ਸਿੰਘ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਕਰਨਲ ਜੋਗਿੰਦਰ ਸਿੰਘ ਸ਼ਾਹੀ ਨੇ ਸ਼ਿਰਕਤ ਕੀਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media