
ਅੰਮ੍ਰਿਤਸਰ, 10 (ਪੰਜਾਬ ਪੋਸਟ ਬਿਊਰੋ) – ਕੈਨੇਡਾ ਸਰਕਾਰ ਵੱਲੋਂ ਵਿਸਾਖੀ 2016 ਨੂੰ ਪਹਿਲੀ ਵਾਰ ਕੈਨੇਡਾ ਦੀ ਪਾਰਲੀਮੈਂਟ ਹਾਊਸ ਵਿਚ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿੱਖ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੀ ਮੁਕੰਮਲ ਸਹਿਯੋਗੀ ਕੈਬਨਿਟ ਦੇ ਸਨਮੁੱਖ ਡਾ. ਹਰਜੋਤ ਕੌਰ ਸਿੰਘ ਕੈਲੇਗਰੀ ਕੈਨੇਡਾ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਅਰਦਾਸ ਕਰਕੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਹਰਜੋਤ ਕੌਰ ਸਿੰਘ (ਡਾ.) ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ਅੰਦਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਯੋਗੀ ਦੇ ਜਥੇ ਨਾਲ ਸਬੰਧਤ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਬੀਬੀ ਹਰਜੋਤ ਕੌਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਣ ਕੀਤੀ ਬਾਣੀ ਅਨੁਸਾਰ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਦੇ ਸੰਦੇਸ਼ ਅਨੁਸਾਰ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜੋ ਸੰਸਾਰ ਭਰ ਦੇ ਦੇਸ਼ਾਂ ਵਿਚੋਂ ਕੇਵਲ ਕੈਨੇਡਾ ਸਰਕਾਰ ਨੇ ਸਰਕਾਰੀ ਤੌਰ ‘ਤੇ ਪਾਰਲੀਮੈਂਟ ਹਾਊਸ ਅੰਦਰ ਖਾਲਸੇ ਦਾ ਜਨਮ ਦਿਹਾੜਾ (ਵੈਸਾਖੀ) ਮਨਾਉਣਾ ਕੀਤਾ। ਇਸ ਸਰਕਾਰ ਨੇ ਅਜਿਹਾ ਕਰਕੇ ਸਿੱਖ ਪੰਥ ਨੂੰ ਕੇਵਲ ਮਾਣ ਤੇ ਸਤਿਕਾਰ ਹੀ ਨਹੀਂ ਦਿੱਤਾ ਬਲਕਿ ਸਮੁੱਚੇ ਸੰਸਾਰ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਿਸ਼ੇਸ਼ ਯੋਗਦਾਨ ਵੀ ਪਾਇਆ ਅਤੇ ਉਪਰੋਕਤ ਸਮਾਗਮ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁੂਡੋ ਵੱਲੋਂ ਵਿਸ਼ੇਸ਼ ਤੌਰ ‘ਤੇ ਬੀਬੀ ਹਰਜੋਤ ਕੌਰ ਸਿੰਘ (ਡਾ.) ਨੂੰ ਹਰ ਸਿੱਖ ਮਸਲਿਆਂ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਪਣੇ ਵਿਚਾਰਾਂ ਨਾਲ ਸਮੇਂ ਸਮੇਂ ਜਾਣੂ ਕਰਵਾਉਣ ਅਤੇ ਬਿਨ੍ਹਾਂ ਕਿਸੇ ਰੁਕਾਵਟ ਤੋਂ ਕੈਨੇਡੀਅਨ ਪਾਰਲੀਮੈਂਟ ਵਿਚ ਆਉਣ ਦਾ ਖੁੱਲਾ ਸੱਦਾ ਦੇਣ ‘ਤੇ ਕੈਨੇਡਾ ਸਰਕਾਰ ਨੂੰ ਵਧਾਈ ਦਾ ਪਾਤਰ ਵੀ ਦੱਸਿਆ।ਉਨਾਂ ਕਿਹਾ ਕਿ ਮੇਰੀ ਅਕਾਲ ਪੁਰਖ ਦੇ ਸਨਮੁੱਖ ਅਰਦਾਸ ਹੈ ਕਿ ਬੀਬੀ ਹਰਜੋਤ ਕੌਰ ਸਿੰਘ (ਡਾ.) ਨੂੰ ਇਸੇ ਤਰ੍ਹਾਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਦਿਆਂ ਗੁਰਸਿੱਖੀ ਜੀਵਨ-ਜਾਂਚ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ ਅਤੇ ਇਹ ਆਉਣ ਵਾਲੇ ਸਮੇਂ ਵਿਚ ਦੇਸ਼-ਵਿਦੇਸ਼ ਅੰਦਰ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ।ਇਸ ਮੌਕੇ ਡਾ. ਰੂਪ ਸਿੰਘ ਸਕੱਤਰ ਸ੍ਰੋਮਣੀ ਗੁ: ਪ੍ਰ: ਕਮੇਟੀ, ਗੁਰਬਚਨ ਸਿੰਘ ਇੰਚਾਰਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਭੁਪਿੰਦਰ ਸਿੰਘ ਅਤੇ ਸਤਿੰਦਰਪਾਲ ਸਿੰਘ ਨਿੱਜੀ ਸਹਾਇਕ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media