ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਸੂਰਜੀ ਊਰਜਾ ਖੇਤਰ ਨੂੰ ਹੋਰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਸਰਦਾਰਗੜ੍ਹ, ਕਰਮਗੜ੍ਹ ਸਾਤਰਾਂ, ਝੁੱਗੇ ਕਲਾਂ ਅਤੇ ਬੱਲੂਆਣਾ ਵਿਖੇ ਸਥਾਪਤ 100 ਮੈਗਾਵਾਟ ਦੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ।ਉਦਘਾਟਨ ਉਪਰੰਤ ਕਰਮਗੜ੍ਹ ਸਾਤਰਾਂ ਵਿੱਖ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ, ਉਪ ਮੁੱਖ ਮੰਤਰੀ ਨੇ ਕਿਹਾ ਅਡਾਨੀ ਗਰੁੱਪ ਵੱਲੋਂ 640 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਇਹ ਪ੍ਰੋਜੈਕਟ ਨਾ ਸਿਰਫ 232 ਉਨ੍ਹਾਂ ਕਿਸਾਨਾਂ ਲਈ ਲਾਹੇਵੰਦ ਹੋਵੇਗਾ ਜਿੰਨਾ ਵੱਲੋਂ ਆਪਣੀ ਜਮੀਨ ਕੰਪਨੀ ਨੂੰ ਠੇਕੇ ‘ਤੇ ਦਿੱਤੀ ਗਈ ਹੈ ਬਲਕਿ ਇਹ ਖਿੱਤੇ ਵਿੱਚ ਹੋਰਨਾਂ ਲਈ ਵੀ ਮਿਸਾਲ ਬਣੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਦੇਸ਼ ਦਾ ਇੱਕੋ ਜਗ੍ਹਾ ‘ਤੇ ਸਥਾਪਤ ਸੱਭ ਤੋਂ ਵੱਡਾ ਸਿੰਗਲ ਐਕਸਿਸ ਟਰੈਕਰ ਪਲਾਂਟ ਹੈ ਅਤੇ ਇਹ ਸੂਰਜੀ ਊਰਜਾ ਦੇ ਖੇਤਰ ਵਿੱਚ ਸੂਬੇ ਦੀ ਵੱਡੀ ਪ੍ਰਾਪਤੀ ਹੈ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਉਹ ਸੂਬੇ ਦੀ ਖੁਸ਼ਹਾਲੀ ਲਈ ਵਿਕਾਸ ਦੀ ਇਸ ਰਫਤਾਰ ਨੂੰ ਬਣਾਈ ਰੱਖਣ ਲਈ ਵਚਨਬੱਧ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਸ ਦੇ ਰਾਹ ਵਿੱਚ ਰੋੜੇ ਅਟਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲਗਭਗ 25000 ਏਕੜ ਰਕਬੇ ਨੂੰ ਸੂਰਜੀ ਊਰਜਾ ਦੇ ਉਤਪਾਦਨ ਲਈ ਵਰਤਣ ਦੀ ਯੋਜਨਾ ਹੈ ਜਿਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵੱਡਾ ਵਾਧਾ ਹੋਵੇਗਾ ਉਥੇ ਭਵਿੱਖ ਦੀਆਂ ਊਰਜੀ ਲੋੜਾਂ ਵੀ ਪੂਰੀਆਂ ਹੋਣਗੀਆਂ।ਵਿਕਾਸ ਦੇ ਮੁੱਦੇ ‘ਤੇ ਹੋਰ ਚਰਚਾ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪੱਖੀ ਪੰਜਾਬ ਸਰਕਾਰ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸੂਬੇ ਦੇ ਲੋਕਾਂ ਦੇ ਮਸੀਹਾ ਹਨ ਜਿੰਨਾਂ ਦੀ ਰਹਿਨੁਮਾਈ ਹੇਠ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ ਉਥੇ ਲੋਕ ਭਲਾਈ ਦੀਆਂ ਅਨੇਕਾਂ ਯੋਜਨਾਵਾਂ ਸਫਲਤਾ ਪੂਰਵਰਕ ਢੰਗ ਨਾਲ ਚਲਾਈਆਂ ਗਈਆਂ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਗਏ ਅਤੇ ਹੁਣ ਆਉਂਦੇ 5 ਸਾਲਾਂ ਦੌਰਾਨ 35000 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੇ ਸਾਰੇ 12000 ਪਿੰਡਾਂ ਵਿੱਚ ਸੀਵਰੇਜ, ਸੂਰਜੀ ਲਾਈਟਾਂ ਅਤੇ ਕੰਕਰੀਟ ਗਲੀਆਂ ਸਥਾਪਤ ਕੀਤੀਆਂ ਜਾਣਗੀਆਂ। ਸ. ਬਾਦਲ ਨੇ ਇਸ ਮੌਕੇ ਐਲਾਨ ਕੀਤਾ ਕਿ ਬਠਿੰਡਾ ਦੇ ਘਰੇਲੂ ਹਵਾਈ ਅੱਡੇ ਨੂੰ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਖਿੱਤੇ ਦੇ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਲੋੜਾਂ ਦੇ ਹਾਣ ਦੀਆਂ ਨਹੀਂ ਹਨ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸੂਬੇ ਦੇ ਮੁਕੰਮਲ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪਣੇ ਸੰਬੋਧਨ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਮਾਂ ਤੇਜੀ ਨਾਲ ਬਦਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੂਰਜੀ ਊਰਜਾ ਭਵਿੱਖ ਦੀਆਂ ਊਰਜਾ ਲੋੜਾਂ ਦੀ ਪੂਰਤੀ ਲਈ ਇੱਕ ਅਹਿਮ ਖੇਤਰ ਵਜੋਂ ਤੇਜੀ ਨਾਲ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਊਰਜੀ ਖੇਤਰ ਦੇ ਵਿਕਾਸ ਦਾ ਸੱਭ ਤੋਂ ਵੱਡਾ ਲਾਭ ਕਿਸਾਨਾਂ ਨੂੰ ਮਿਲ ਰਿਹਾ ਹੈ ਜਿੰਨਾਂ ਨੂੰ ਸੂਰਜੀ ਪਲਾਟਾਂ ਲਈ ਜਮੀਨ ਠੇਕੇ ‘ਤੇ ਦੇਣ ਬਦਲੇ ਜਿੱਥੇ ਸਲਾਨਾ ਪ੍ਰਤੀ ਏਕੜ 55000 ਰੁਪਏ ਦੀ ਆਮਦਨ ਹੋ ਰਹੀ ਹੈ ਉਥੇ ਨਾਲ ਹੀ ਇਸ ਆਮਦਨ ਵਿੱਚ ਹਰ ਸਾਲ 5 ਫੀਸਦੀ ਦਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਦੇ ਖੇਤਰ ਵਿੱਚ ਸੂਬੇ ਨੇ ਸੱਭ ਤੋਂ ਵੱਧ ਨਿਵੇਸ਼ ਖਿੱਚਿਆ ਹੈ ਜੋ ਇਸ ਤੱਥ ਤੋਂ ਹੀ ਪ੍ਰਮਾਣਤ ਹੁੰਦਾ ਹੈ ਕਿ ਸਾਲ 2012 ਦੌਰਾਨ ਇਸ ਖੇਤਰ ਵਿੱਚ 82 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ ਜੋ ਹੁਣ ਵੱਧ ਕੇ 10000 ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਮਾਨਸਾ, ਬਠਿੰਡਾ ਅਤੇ ਮੁਕਤਸਰ ਸੂਰਜੀ ਊਰਜਾ ਦੇ ਧੁਰੇ ਵਜੋਂ ਉੱਭਰੇ ਹਨ।ਮਜੀਠੀਆ ਨੇ ਕਿਹਾ ਕਿ ਭਵਿੱਖ ਵਿੱਚ ਸਿਰਫ ਉਹੀ ਰਾਜ ਅਤੇ ਦੇਸ਼ ਤਰੱਕੀ ਕਰਨਗੇ ਜੋ ਵੱਧ ਤੋਂ ਵੱਧ ਪਣ, ਸੂਰਜੀ, ਬਾਇਓਮਾਸ ਅਤੇ ਕੋਲੇ ਤੋਂ ਪ੍ਰਾਪਤ ਹੋਣ ਵਾਲੀ ਸੂਰਜਾ ਦੀ ਵਰਤੋਂ ਕਰੇਗਾ।ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਛੱਤਾਂ ‘ਤੇ ਲੱਗਣ ਵਾਲੇ ਸੂਰਜੀ ਪ੍ਰੋਜੈਕਟਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਹੋਣ ਦਾ ਮਾਣ ਹਾਸਿਲ ਕੀਤਾ ਹੈ ਅਤੇ ਨੈਟ ਮੀਟਰਿੰਗ ਨਾਲ ਬਿਜਲੀ ਬਿੱਲਾਂ ਵਿੱਚ ਵੀ ਵੱਡੀ ਕਟੌਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਸੋਲਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਐਵਾਰਡ ਦਿੱਤਾ ਜਾਣਾਂ ਸੂਬਾ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਹੈ। ਸਾਫ ਸੁਥਰੀ ਅਤੇ ਵਾਤਾਵਰਣ ਪੱਖੀ ਊਰਜਾ ਨੂੰ ਉਤਸ਼ਾਹਿਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਖੇਤਰ ਦੇ ਵਿਕਾਸ ਨਾਲ ਸਿਹਤਮੰਦ ਵਾਤਾਵਰਣ ਸੁਨਿਸ਼ਚਿਤ ਕੀਤਾ ਜਾ ਸਕੇਗਾ।ਇਸ ਮੌਕੇ ਹਾਜਰ ਅਹਿਮ ਹਸਤੀਆਂ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਪ੍ਰਮੁੱਖ ਸਕੱਤਰ (ਨਵਿਆਉਣਯੋਗ ਊਰਜਾ) ਸ੍ਰੀ ਅਨਿਰੁਧ ਤਿਵਾੜੀ, ਪੇਡਾ ਦੇ ਉਪ ਚੇਅਰਮੈਨ ਕੁਲਵੰਤ ਸਿੰਘ ਕੀਤੂ ਅਤੇ ਅਡਾਨੀ ਗਰੁੱਪ ਦੇ ਡਾਇਰੈਕਟਰ ਪ੍ਰਣਵ ਅਡਾਨੀ ਵੀ ਹਾਜਿਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media