
ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)-ਅੱਜ ਖ਼ਾਲਸਾ ਯੂਨੀਵਰਸਿਟੀ ਦੇ ਵਿਰਾਸਤੀ ਕੈਂਪਸ ਵਿੱਚ ਮੈਕਸੀਕੋ ਅਤੇ ਪੰਜਾਬੀ ਕਲਾਕਾਰਾਂ ਨੇ ਸਾਂਝੇ ਤੌਰ ‘ਤੇ ‘6ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਸੁਮੇਲ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ‘ਵਰਸਿਟੀ ਦਾ ਵਿਰਾਸਤੀ ਕੈਂਪਸ ਵਿਸ਼ਵ ਦੇ ਸੱਭਿਆਚਾਰਾਂ ਦਾ ਸਾਂਝਾ ਪਲੇਟਫ਼ਾਰਮ ਵੀ ਬਣ ਗਿਆ ਅਤੇ ਸਮੁੱਚਾ ਅੰਤਰਰਾਸ਼ਟਰੀ ਫ਼ੈਸਟੀਵਲ ਬਹੁਰੰਗਾਂ ਵਿੱਚ ਰੰਗਿਆ ਗਿਆ, ਜਿੱਥੇ ਵਿਦੇਸ਼ ਤੋਂ ਆਏ ਕਲਾਕਾਰਾਂ ਨੇ ਆਪਣੇ ਵਿਰਾਸਤੀ ਡਾਂਸ ਦੇ ਸੁੰਦਰ ਜੌਹਰ ਵਿਖਾਏ, ਉੱਥੇ ਪੰਜਾਬੀ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਆਦਿ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦੇ ਸਿਰ ਝੂਮਣ ਲਾ ਦਿੱਤੇ।

ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ, ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਇਸ ਮੇਲੇ ਦੌਰਾਨ ਜਿੱਥੇ ਉਕਤ ਕਲਾਕਾਰਾਂ ਨੇ ਆਪਣੇ ਖਿੱਤੇ ਦੀ ਰਵਾਇਤੀ ਫ਼ੋਕ ਆਰਟ ਦਾ ਰੂਹਾਨੀਅਤ ਨਾਲ ਮੁਜ਼ਾਹਰਾ ਕੀਤਾ ਅਤੇ ਬੜੇ ਨਾਟਕੀ ਕਲਾ ਨਾਲ ਪੇਸ਼ਕਾਰੀਆਂ ਕੀਤੀਆਂ, ਉੱਥੇ ਮੈਕਸੀਕੋ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਰਵਾਇਤੀ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਖਿੱਤੇ ਨਾਲ ਸਬੰਧਿਤ ਲੋਕ ਨਾਚਾਂ ਅਤੇ ਲੋਕ ਰਵਾਇਤਾਂ ਦਾ ਸੁਨਹਿਰੀ ਢੰਗ ਨਾਲ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਵਿਦੇਸ਼ੀ ਵਿਦਿਆਰਥੀਆਂ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਉਕਤ 12 ਵਫ਼ਦੀ ਗਰੁੱਪ ਜਿਨ੍ਹਾਂ ਵਿੱਚ ਮੈਨੇਜ਼ਰ ਮਿਸਟਰ ਅਰਤੁਰੋ ਸਲਾਜ਼ਾਰ, ਆਨਾ ਪੈਟਰਿਕਾ ਮਾਰਟੀਨੇਜ਼ ਏਲਾਰਕੋਨ, ਸੇਲੀਆ ਲੂਨਾ ਸੋਰੀਆਨੋ, ਐਸਥਰ ਐਕਉਲਾ, ਮਾਰੀਆ ਏਜ਼ੀਨੀਆ ਕਾਂਸਟੇਲਨ ਕਿਊਰਜ਼, ਗੈਬਰੀਲਾ, ਲੌਰਾ ਟਰੇਸਾ, ਜੋਰਗੇ ਮਰਟੀਨ ਆਦਿ ਮੈਂਬਰ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਅੱਜ ਪਹਿਲੀ ਵਾਰ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ‘ਤੇ ਫ਼ਖਰ ਮਹਿਸੂਸ ਕਰ ਰਹੇ ਹਨ। ਫ਼ੈਸਟੀਵਲ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਦੀ ਨਿਰਦੇਸ਼ਨਾ ਹੇਠ ਕਰਵਾਏ ਗਏ ਇਸ ਫ਼ੈਸਟੀਵਲ ਦੌਰਾਨ ਫ਼ੈਸਟੀਵਲ ਦੇ ਚੇਅਰਮੈਨ, ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਕਿਹਾ ਕਿ ਉਕਤ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੇ ਸੱਭਿਆਚਾਰ ਬਾਰੇ ਪਤਾ ਲੱਗੇਗਾ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਝਲਕ ਦੂਜੇ ਦੇਸ਼ਾਂ ਤੋਂ ਆਏ ਹੋਏ ਕਲਾਕਾਰ ਆਪਣੇ ਨਾਲ ਲੈ ਕੇ ਜਾਣਗੇ, ਜਿਸ ਨਾਲ ਪੰਜਾਬ ਦੇ ਸੱਭਿਆਚਾਰ ਦੀ ਵਿਸ਼ਵ ਪੱਧਰ ‘ਤੇ ਹੋਰ ਪ੍ਰਸਿੱਧੀ ਵਧੇਗੀ। ਇਸ ਮੌਕੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੀ ਵਿਸ਼ਵ ਪੱਧਰ ‘ਤੇ ਪਹਿਚਾਨ ਬਣਾਉਣ ਲਈ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਉਕਤ ਵਿਦੇਸ਼ੀ ਕਲਕਾਰ ਮੁੰਡੇ-ਕੁੜੀਆਂ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਇਆ। ਕੌਂਸਲ ਦੇ ਆਨਰੇਰੀ ਸਕੱਤਰ ਛੀਨਾ ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਤੇ ਸੱਭਿਆਚਾਰਾਂ ਨੂੰ ਇਕ ਸਟੇਜ ‘ਤੇ ਲਿਆਉਣ ਦਾ ਹੀਲਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਇਕ ਪਿੰਡ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆ ਰਹੀ ਹੈ, ਜਿਸ ਵਿੱਚ ਇਕ-ਦੂਜੇ ਦੇ ਸੱਭਿਆਚਾਰਾਂ ਨੂੰ ਸਮਝਣਾ ਅਤਿ ਜਰੂਰੀ ਹੁੰਦਾ ਹੈ। ਡਾ. ਦਵਿੰਦਰ ਸਿੰਘ ਛੀਨਾ ਨੇ ‘6ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ’ ਨੂੰ ਵਿਸ਼ਵ ਸੱਭਿਆਚਾਰਾਂ ਦਾ ਵਰਲਡ ਕਲਾਸ ਸੰਗਮ ਕਰਾਰ ਦਿੱਤਾ। ਇਸ ਮੌਕੇ ਆਨਰੇਰੀ ਸਕੱਤਰ ਛੀਨਾ ਨੇ ਵਰਸਿਟੀ ਦੇ ਉੱਪ ਕੁਲਪਤੀ ਡਾ. ਚਾਹਲ, ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨਾਲ ਮਿਲ ਕੇ ਉਕਤ ਵਿਦੇਸ਼ੀ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ। ਅੰਤ ਵਿੱਚ ਰਜਿਸਟਰਾਰ ਡਾ. ਢਿੱਲੋਂ ਨੇ ਜਿਨ੍ਹਾਂ ਵਿੱਚ ਡੀਨ ਐਗਰੀਕਲਚਰ ਡਾ. ਗੁਰਸ਼ਰਨ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਡਾ. ਅਮਰਪਾਲ ਸਿੰਘ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਨਿਰਮਲ ਸਿੰਘ ਭੰਗੂ, ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ ਤੋਂ ਇਲਾਵਾ ਹੋਰਨਾਂ ਆਏ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।
ਡਾ. ਛੀਨਾ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਮੇਲਾ ਇਸ ਕੜੀ ਵਿੱਚ ਆਯੋਜਿਤ ਹੋਣ ਵਾਲੇ ਮੇਲਿਆਂ ਵਿੱਚੋਂ 6ਵਾਂ ਸੀ, ਜਿਸ ਵਿੱਚ ਪਹਿਲਾਂ ਵੀ ਸਕਾਟਲੈਂਡ, ਹੰਗਰੀ, ਐਕਵਾਡੋਰ ਅਤੇ ਸਲਵਾਕੀਆ ਆਦਿ ਤੋਂ ਆਏ ਹੋਏ ਕਲਾਕਾਰਾਂ ਨੇ ਖ਼ਾਲਸਾ ਕਾਲਜ ਵਿਖੇ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਮੈਕਸੀਕੋ ਕਲਾਕਾਰਾਂ ਨੂੰ ਅੰਮ੍ਰਿਤਸਰ ਵਿੱਚ ਆ ਕੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਨੂੰ ਵੇਖਣ ਅਤੇ ਪ੍ਰਰਖਣ ਦਾ ਇਹ ਮੌਕਾ ਸੀ। ਡਾ. ਛੀਨਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ ਅਤੇ ਵਿਸ਼ਵ ਸ਼ਾਂਤੀ, ਮਲਟੀਕਲਚਰਰਿਜ਼ਮ ਦਾ ਹੋਕਾ ਦੇਣਾ ਹੈ। ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਮਨਿੰਦਰ ਕੌਰ, ਦੀਪਿਕਾ ਸਮੂੰਹ ਕਾਲਜ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media