Sunday, July 19, 2026

ਬਾਲਾ ਸਾਹਿਬ ਹਸਪਤਾਲ ਦੀ ਸਿਆਸੀ ਲੜਾਈ- ਭੋਗਲ ਵਲੋਂ ਸਰਨਾ ਨੂੰ 100 ਕਰੋੜ ਬਾਬਾ ਬਚਨ ਸਿੰਘ ਕੋਲ ਜਮਾਂ ਕਰਾਉਣ ਦੀ ਸਲਾਹ

ਨਵੀਂ ਦਿੱਲੀ, 20 ਨਵੰਬਰ (ਪੰਜਾਬ ਪੋਸਟ ਬਿਊਰੋ)- ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ‘ਤੇ ਪਰਮਜੀਤ ਸਿੰਘ ਸਰਨਾ ਧਿਰ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਗੈਰਜਰੂਰੀ ਦੱਸਦੇ ਹੋਏ ਸਰਨਾ ਦੀ ਹਸਪਤਾਲ ਨੂੰ ਲੈ ਕੇ ਵਪਾਰਕ ਸੋਚ ਨੂੰ ਜਨਤਕ ਕੀਤਾ ਹੈ।ਸਰਨਾ ‘ਤੇ ਜਵਾਬੀ ਹਮਲਾ ਬੋਲਦੇ ਹੋਏ ਭੋਗਲ ਨੇ ਹਸਪਤਾਲ ਦੀ ਆੜ ਵਿਚ ਸਰਨਾ ਵੱਲੋਂ ਕੀਤੇ ਗਏ ਕਾਰਜਾਂ ਨੂੰ ਬਜ਼ਰ ਗੁਨਾਹ ਦੱਸਦੇ ਹੋਏ ਸਰਨਾ ਨੂੰ ਕੌਮੀ ਨੁਕਸਾਨ ਦੀ ਭਰਪਾਈ ਵੱਜੋਂ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਕੋਲ ਘੱਟੋ-ਘੱਟ 100 ਕਰੋੜ ਰੁਪਏ ਸੰਕੇਤਿਕ ਤੌਰ ‘ਤੇ ਜਮਾ ਕਰਵਾਉਣ ਦੀ ਵੀ ਸਲਾਹ ਦਿੱਤੀ।
ਭੋਗਲ ਨੇ ਕਿਹਾ ਕਿ ਸਰਨਾ ਨੂੰ ਮੇਰੀ ਯਾਦਦਾਸ਼ਤ ਦੀ ਦੁਰੱਸਤਗੀ ਦਾ ਖਦਸ਼ਾ ਪ੍ਰਗਟਾਉਣ ਦੀ ਬਜ਼ਾਏ ਆਪਣੇ ਗੁਨਾਹਾਂ ‘ਤੇ ਮੁੜ੍ਹ ਕੇ ਵਿਚਾਰਨਾ ਚਾਹੀਦਾ ਹੈ।ਜਿਸ ਕਰਕੇ ਪੰਥ ਰਤਨ ਬਾਬਾ ਹਰਬੰਸ ਸਿੰਘ ਦਾ ਸੁਪਨਾ ਅੱਜ ਇੱਕ ਖੰਡਰ ਇਮਾਰਤ ਦੀ ਸ਼ਕਲ ਵਿਚ ਖੜਾ ਹੈ।ਭੋਗਲ ਨੇ ਹਸਪਤਾਲ ਦੇ ਪਿੱਛੋਕੜ ਦਾ ਜ਼ਿਕਰ ਕਰਦੇ ਹੋਏ ਅਕਾਲੀ ਦਲ ਵੱਲੋਂ ਇਸ ਮਸਲੇ ‘ਤੇ ਲੜੀ ਗਈ ਲੜਾਈ ਨੂੰ ਸਿੱਧਾਂਤਕ ਤੌਰ ਤੇ ਪੰਥਪ੍ਰਸ਼ਤੀ ਦੱਸਿਆ।
ਭੋਗਲ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਮੈਂਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਰਨਾ ਨੇ ਅਕਾਲੀ ਦਲ ਦੀ ਪੁਰਾਣੀ ਕਮੇਟੀ ਵੱਲੋਂ 32 ਲੱਖ ਰੁਪਏ ਵਿਚ ਲਈ ਗਈ ਜਮੀਨ ਦਾ ਹਰਜਾਨਾ ਆਪਣੇ ਪ੍ਰਧਾਨਗੀ ਕਾਲ ਦੌਰਾਨ ਕਮੇਟੀ ਦੇ ਖਜਾਨੇ ‘ਤੋਂ ਡੀ.ਡੀ.ਏ. ਨੂੰ 1.60 ਕਰੋੜ ਰੁਪਏ ਭਰਿਆ ਸੀ ਤੇ ਆਪਣੇ ਨਿੱਜ਼ੀ ਮੁਫਾਦਾ ਲਈ ਸਰਨਾ ਨੇ ਕੌਮ ਦੀ ਜਾਇਦਾਦ ਨੂੰ ਪਹਿਲੇ ਮਨੀਪਾਲ ਹੈਲਥ ਕੇਅਰ ਅਤੇ ਫਿਰ ਰੈਡੀਐਂਟ ਹੈਲਥ ਕੇਅਰ ਨੂੰ ਸੌਂਪ ਕੇ ਕੌਮ ਦੇ ਨਾਲ ਧ੍ਰੋਹ ਕਮਾਇਆ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਦੇ ਪਵਿੱਤਰ ਅੰਗੀਠੇ ਦੀ ਥਾਂ ‘ਤੇ ਸਰਨਾ ਨੇ ਹਵਨ ਕਰਾਉਣ ਦੀ ਵੀ ਕੋਝੀ ਕੋਸ਼ਿਸ਼ ਕੀਤੀ ਸੀ ਪਰ ਸੰਗਤਾਂ ਦੇ ਰੋਹ ਨੇ ਇਹ ਕਾਰਜ ਕਾਮਯਾਬ ਨਹੀਂ ਹੋਣ ਦਿੱਤਾ ਸੀ।
ਭੋਗਲ ਨੇ ਚੇਤਾ ਕਰਵਾਇਆ ਕਿ ਸਰਨਾ ਨੇ ਗੁਰੂ ਘਰ ਦੀ ਜਾਇਦਾਦ ਨੂੰ ਵਪਾਰਕ ਹਿੱਤਾਂ ਲਈ ਕੁਰਬਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ ਜਿਸ ਕਰਕੇ ਸਾਕੇਤ ਕੋਰਟ ਦੇ ਆਦੇਸ਼ ‘ਤੇ ਥਾਣਾ ਸਨਲਾਈਟ ਕਾੱਲੋਨੀ ਵਿਚ ਸਰਨਾ ‘ਤੇ ਠੱਗੀ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ਼ ਹੋਇਆ ਸੀ।ਜਿਸ ਦੀ ਜਾਂਚ ਮੌਜੂਦਾ ਸਮੇਂ ਵਿਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸਾਖਾ ਕਰ ਰਹੀ ਹੈ।ਭੋਗਲ ਨੇ ਹਸਪਤਾਲ ਦੇ ਸ਼ੁਰੂ ਨਾ ਹੋਣ ਦੇ ਪਿੱਛੇ ਸਰਨਾ ਨੂੰ ਜਿੰਮੇਵਾਰ ਕਰਾਰ ਦਿੰਦੇ ਹੋਏ ਸਰਨਾ ਨੂੰ ਗੁਰਦੁਆਰਾ ਰਾਜਨੀਤੀ ਤੋਂ ਕਿਨਾਰਾ ਕਰਨ ਦੀ ਨੈਤਿਕਤਾ ਰਾਹੀਂ ਦੁਹਾਈ ਦਿੱਤੀ।
ਭੋਗਲ ਨੇ ਕਿਹਾ ਕਿ ਕਥਿਤ ਤੌਰ ਤੇ ਕੌਮ ਦਾ ਸੈਂਕੜੇ ਕਰੋੜਾਂ ਰੁਪਏ ਦਾ ਉਜਾੜਾ ਕਰਨ ਵਾਲਾ ਕਿਸ ਮੁੰਹ ਨਾਲ ਸੰਗਤਾਂ ਤੋਂ ਜਾ ਕੇ ਵੋਟ ਮੰਗੇਗਾ। ਰੈਡੀਐਂਟ ਹੈਲਥ ਕੇਅਰ ਦੀ ਵੈਬਸਾਈਟ ਅਤੇ ਦਿੱਲੀ ਕਮੇਟੀ ਦੇ ਖਾਤੇ ਵਿਚ ਆਈ ਰਕਮ ਵਿਚ 362.5 ਕਰੋੜ ਰੁਪਏ ਦੇ ਭਾਰੀ ਫ਼ਰਕ ਨੂੰ ਭੋਗਲ ਨੇ ਵੱਡਾ ਘੋਟਾਲਾ ਕਰਾਰ ਦਿੰਦੇ ਹੋਏ ਸਰਨਾ ਨੂੰ ਪੰਥ ਦੋਖੀ ਕਰਾਰ ਦਿੱਤਾ।ਬਾਬਾ ਜੀ ਵੱਲੋਂ ਕਰਵਾਈ ਜਾ ਰਹੀ ਕਾਰ ਸੇਵਾ ਸਦਕਾ ਭੋਗਲ ਨੇ ਛੇਤੀ ਹੀ ਹਸਪਤਾਲ ਸੰਗਤਾਂ ਦੇ ਸਮਰਪਿਤ ਹੋਣ ਦੀ ਆਸ ਜਤਾਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply