ਮੱਤੇਵਾਲ, 20 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ‘ਤੇ ਉਗਲ ਚੁੱਕਣ ਤੋਂ ਪਹਿਲਾਂ ਐਸ.ਵਾਈ.ਐਲ ਪ੍ਰਤੀ ਇਤਿਹਾਸਕ ਪੱਖਾਂ ਨੂੰ ਮੁੜ ਪੜਚੋਲ ਲੈਣ ਦੀ ਸਲਾਹ ਦਿੱਤੀ ਹੈ।ਮਜੀਠੀਆ ਹਲਕਾ ਮਜੀਠਾ ਦੇ ਪਿੰਡ ਘਨਸ਼ਾਮਪੁਰਾ, ਨਵਾਂ ਤਨੇਲ, ਤਾਹਰਪੁਰ ਅਤੇ ਬੋਪਾਰਾਏ ਵਿਖੇ ਦਰਜਨਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਆਏ ਸਨ।ਮਜੀਠੀਆ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਵੱਲੋਂ 1982 ਵਿੱਚ ਕਪੂਰੀ ਵਿਖੇ ਨਹਿਰ ਦੀ ਖੁਦਾਈ ਲਈ ਟੱਕ ਲਾਉਣ ਪ੍ਰਤੀ ਕੈਪਟਨ ਵੱਲੋਂ ਦਿੱਤੀ ਜਾ ਰਹੀ ਸਫ਼ਾਈ ਫਜ਼ੂਲ ਹੈ, ਉਹਨਾਂ ਕਿਹਾ ”ਯੇਹ ਪਬਲਿਕ ਹੈ ਯੇਹ ਸਭ ਜਾਨਤੀ ਹੈ”।ਉਹਨਾਂ ਕਿਹਾ ਕਿ ਰਾਜ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਹਿਤਾਂ ਵਿੱਚ ਲਏ ਗਏ ਇਤਿਹਾਸਕ ਫੈਸਲਿਆਂ ਅਤੇ ਰਾਜ ਦਾ ਕਰਾਇਆ ਗਿਆ ਸਰਵ ਪੱਖੀ ਵਿਕਾਸ ਕਾਰਨ ਲੋਕਾਂ ਵੱਲੋਂ ਅਕਾਲੀ ਦਲ ਨੂੰ ਮਿਲ ਰਿਹਾ ਹੁੰਗਾਰਾ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਤੋਂ ਨਹੀਂ ਉਤਰ ਰਹੀ ਤਾਂ ਹੀ ਉਹ ਬੌਖਲਾਹਟ ਵਿੱਚ ਓੂਲ ਜਲੂਲ ਬੋਲ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਨਾਲ ਧੋਖਾ ਅਤੇ ਗੱਦਾਰੀ ਕਰਨ ਵਾਲੇ ਸਭ ਨੰਗੇ ਹੋ ਕੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਹਰੇ ਹਨ, ਤਾਂ ਹੀ ਅੱਜ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ। ਜਿਸ ਨਾਲ ਇਹ ਲੋਕ ਤੇ ਇਹਨਾਂ ਦੇ ਲੋਟੂ ਟੋਲੇ ਅੱਜ ਰਾਜਸੀ ਬੈਕਫੁਟ ‘ਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ,ਉਹਨਾਂ ਰਾਜਨੀਤਕ ਵਿਅਕਤੀਆਂ ਅਤੇ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਲਈ ਇੱਥੇ ਕੋਈ ਥਾਂ ਨਹੀਂ ਜੋ ਸੌੜੀ ਸੋਚ ਅਤੇ ਨਿੱਜੀ ਹਿਤਾਂ ਲਈ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਦੀਆਂ ਆ ਰਹੀਆਂ ਹਨ।ਉਹਨਾਂ ਹੁਣ ਤਕ ਦੂਜੇ ਰਾਜਾਂ ਨੂੰ ਦਿੱਤੇ ਗਏ ਪਾਣੀ ਦੀ ਕੀਮਤ ਵਸੂਲਣ ਅਤੇ ਐਸ.ਵਾਈ.ਐਲ ਨਹਿਰ ਲਈ ਪ੍ਰਾਪਤ ਜ਼ਮੀਨਾਂ ਡੀ-ਨੋਟੀਫਾਈਡ ਕਰਦਿਆਂ ਜ਼ਮੀਨਾਂ ਅਸਲ ਮਾਲਕਾਂ ਨੂੰ ਬਿਨਾ ਕੀਮਤ ਵਾਪਸ ਕਰ ਦੇਣ ਪ੍ਰਤੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਕਈ ਅੜਚਣਾਂ ਦੇ ਬਾਵਜੂਦ ਦ੍ਰਿੜ੍ਹਤਾ ਨਾਲ ਲਏ ਗਏ ਫੈਸਲਿਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਉਕਤ ਕਦਮ ਉਠਾਉਂਦਿਆਂ ਪੰਜਾਬ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਆਂ ਪ੍ਰਤੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ।ਉਹਨਾਂ ਕਿਹਾ ਕਿ ਉਕਤ ਦਲੇਰਾਨਾ ਫੈਸਲਿਆਂ ਨੇ ਇਹਨਾਂ ਮੁੱਦਿਆਂ ‘ਤੇ ਰਾਜਨੀਤੀ ਕਰਨ ਤੱਕ ਹੀ ਸੀਮਤ ਵਿਰੋਧੀਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰਦਿਤਾ ਹੈ।ਉਹਨਾਂ ਐਸ.ਵਾਈ.ਐਲ ਪ੍ਰਤੀ ਕੇਜਰੀਵਾਲ ਦੀ ਖਾਮੋਸ਼ੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਪੰਜਾਬ ਹੀ ਲੜ ਤੇ ਜੂਝ ਸਕਦੇ ਹਨ ਕੇਜਰੀਵਾਲ ਵਰਗੇ ਗੈਰ ਪੰਜਾਬੀ ਪੰਜਾਬ ਦੇ ਮਸਲਿਆ ਨਾਲ ਕੋਈ ਸਰੋਕਾਰ ਨਹੀਂ ਰੱਖਦੇ।
ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਢਪੱਈਆਂ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸਰਵਣ ਸਿੰਘ ਰਾਮਦੀਵਾਲੀ, ਅਮਰਪਾਲ ਸਿੰਘ ਪਾਲੀ, ਹਰਭਜਨ ਸਿੰਘ ਲੱਡੂ, ਸਰਪੰਚ ਸਰਬਜੀਤ ਸਿੰਘ ਤਾਹਰਪੁਰ, ਸਰਪੰਚ ਕਸ਼ਮੀਰ ਸਿੰਘ ਬੋਪਾਰਾਏ, ਸਾਬਕਾ ਸਰਪੰਚ ਜਗੀਰ ਸਿੰਘ ਬੋਪਾਰਾਏ, ਸਰਪੰਚ ਕਾਲੂ ਰਾਮ, ਲਖਵਿੰਦਰ ਸਿੰਘ ਘਨਸ਼ਾਮਪੁਰ, ਅਵਤਾਰ ਸਿੰਘ ਤਾਹਰਪੁਰ, ਬੀ.ਡੀ.ਪੀ.ਓ ਸੰਦੀਪ ਮਲਹੋਤਰਾ, ਸਰਪੰਚ ਨਵਜੀਤ ਸਿੰਘ ਤੰਨੇਲ, ਸਰਪੰਚ ਦਿਲਬਾਗ ਸਿੰਘ ਕਲੇਰ, ਸਰਪੰਚ ਕਸ਼ਮੀਰ ਸਿੰਘ ਬੋਪਾਰਾਏ ਆਦਿ ਵੀ ਮੌਜੂਦ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media