ਮਜੀਠਾ, 21 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਪਾਰ ਲੰਘਾਉਣ ਲਈ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ ਕਿ ਜਿਵੇਂ ਕਿਵੇਂ ਔਖੇ ਸੌਖੇ ਇੱਕ ਵਾਰ ਮੁੱਖ ਮੰਤਰੀ ਬਣ ਜਾਈਏ।ਪਰ ਜਿਸ ਦਾ ਸਾਰਾ ਧਿਆਨ ਹੀ ਬਾਡਰ ਤੋਂ ਪਾਰ ਲਗਾ ਰਹਿੰਦਾ ਹੋਵੇ ਅਜਿਹੇ ਸ਼ਖਸ ਨੂੰ ਪੰਜਾਬ ਦੇ ਲੋਕ ਕਦੀ ਵੀ ਕਾਮਯਾਬ ਨਹੀਂ ਕਰਨਗੇ।ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਜਜਾਲਪੁਰਾ ਵਿਖੇ 5 ਕਰੋੜ ਦੀ ਲਾਗਤ ਨਾਲ ਨਵੇਂ ਉੱਸਾਰੇ ਗਏ 66 ਕੇ ਵੀ ਬਿਜਲੀ ਸਬ ਸਟੇਸ਼ਨ ਦਾ ਉਦਘਾਟਨ ਕਰਨ ਆਏ ਸਨ।ਕੈਪਟਨ ਵੱਲੋਂ ਸਮਾਰਟ ਫੋਨ ਵੰਡਣ ਸਬੰਧੀ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਲਾਰਿਆਂ ਦੇ ਮਾੜੇ ਰਿਕਾਰਡ ਬਾਰੇ ਪੰਜਾਬ ਦੇ ਲੋਕ ਚੰਗੀ ਤਰਾਂ ਜਾਣੂ ਹਨ।ਕੈਪਟਨ ਨੇ ਪਹਿਲਾਂ ਵੀ ਕਿਸਾਨਾਂ ਅਤੇ ਦਲਿਤ ਵਰਗ ਨੂੰ ਫਰੀ ਬਿਜਲੀ ਜਾਰੀ ਰੱਖਣ ਦੀ ਗਲ ਕੀਤੀ ਸੀ, ਪਰ ਸਤਾ ਵਿੱਚ ਆਉਂਦਿਆਂ ਹੀ ਕਿਸਾਨਾਂ ਦੀਆਂ ਮੋਟਰਾਂ ਅਤੇ ਦਲਿਤਾਂ ਨੂੰ ਦਿੱਤੀ ਗਈ ਫਰੀ ਬਿਜਲੀ ਦੀ ਸਹੂਲਤ ਬੰਦ ਕਰਦਿਤੀ ਸੀ।
ਆਵਾਜ਼ ਪੰਜਾਬ ਦੇ ਖੇਰੂੰ ਖੇਰੂੰ ਹੋਣ ਬਾਰੇ ਪੁੱਛੇ ਜਾਣ ‘ਤੇ ਮਜੀਠੀਆ ਨੇ ਕਿਹਾ ਕਿ ਇਹ ਲੋਕ ਮੌਕਾਪ੍ਰਸਤ ਅਤੇ ਸੌਦੇਬਾਜ਼ ਹਨ, ਜਿਨ੍ਹਾਂ ਦੀ ਨਾ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਕਿਸੇ ਸੋਚ ਨਾਲ ਜੁੜੇ ਹੋਏ ਹਨ।ਉਹਨਾਂ ਕਿਹਾ ਕਿ ਬੈਂਸ ਭਰਾਵਾਂ ਨੇ ਮਹਿਜ਼ ਦੋ ਟਿਕਟਾਂ ਬਦਲੇ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਨ ਵਾਲੇ ਪੰਜਾਬ ਦੇ ਦੁਸ਼ਮਣ ਜਮਾਤ ਨਾਲ ਸੌਦੇਬਾਜ਼ੀ ਕਰ ਲਈ।ਉਹਨਾਂ ਕਿਹਾ ਕਿ ਕਿ ਪੰਜਾਬ ਨਾਲ ਧੋਖਾ ਕਰਨਾ ਚਾਹੁਣ ਵਾਲੇ ਕੇਜਰੀਵਾਲ ਦੀ ਜ਼ੁਬਾਨ ਦਾ ਇਲਾਜ ਵੀ ਪੰਜਾਬੀ ਹੀ ਕਰਨਗੇ, ਜਿਵੇਂ ਪਾਕਿਸਤਾਨੀ ਹਮਲਾਵਰਾਂ ਦਾ ਕਰਦੇ ਆਏ ਹਨ।
ਮਜੀਠੀਆ ਨੇ ਦੱਸਿਆ ਕਿ ਮਜੀਠਾ ਵਿੱਚ ਲੋੜੀਂਦੀ ਬਿਜਲੀ ਅਤੇ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਕਰੀਬ 225 ਕਰੋੜ ਖਰਚ ਕਰਦਿਆਂ ਜੰਗੀ ਪੱਧਰ ‘ਤੇ ਕੰਮ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮਜੀਠਾ ਅਤੇ ਉਦੋਕੇ ਨੂੰ ਅਪਗਰੇਡ ਕਰਦਿਆਂ 220 ਕੇ ਵੀ ਅਤੇ ਜਲਾਲਪੁਰਾ, ਸੋਹੀਆਂ ਕਲਾਂ ਦਬੁਰਜੀ, ਮੱਤੇਵਾਲ, ਨਾਗ ਕਲਾਂ, ਵਡਾਲਾ ਵੀਰਮ, ਅਤੇ ਢੱਡੇ ਵਿੱਚ 66 ਕੇ ਵੀ ਦੇ ਨਵੇਂ ਉਸਾਰੇ ਗਏ ਬਿਜਲੀ ਘਰ ਸ਼ਾਮਿਲ ਹਨ।ਉਹਨਾਂ ਦੱਸਿਆ ਕਿ ਹੁਣ ਤੱਕ ਮਜੀਠਾ ਵਿਖੇ 7 ਹਜ਼ਾਰ ਦੇ ਕਰੀਬ ਟ੍ਰਾਂਸਫਰਮਰ ਚੜ ਚੁੱਕੇ ਹਨ ਅਤੇ ਮੰਗ ਅਨੁਸਾਰ ਨਵੇਂ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਇਸ ਮੌਕੇ ਡਾਇਰੈਕਟ ਵੰਡ ਇੰਜੀ: ਕੇ ਐਸ ਸ਼ਰਮਾ, ਚੀਫ ਇੰਜੀ: ਜਗਜੀਤ ਸਿੰਘ ਸੁਚੂ, ਸਿਕੰਦਰ ਸਿੰਘ ਚੀਫ, ਜਥੇਦਾਰ ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਹਰਭੁਪਿੰਦਰ ਸ਼ਾਹ, ਸਰਬਜੀਤ ਸਪਾਰੀਵਿੰਡ, ਅਮਨਦੀਪ ਸਪਾਰੀਵਿੰਡ, ਸਰਪੰਚ ਇੰਦਰਜੀਤ ਸਿੰਘ ਜਲਾਲਪੁਰਾ, ਅਵਤਾਰ ਸਿੰਘ, ਗੁਰਦਿਆਲ ਸਿੰਘ, ਪਰਦੀਪ ਸੈਣੀ ਐਸ.ਈ, ਦਵਿੰਦਰ ਕੁਮਾਰ ਸ਼ਰਮਾ, ਜੈਨੇਦਰ ਦਾਨਿਆ, ਐਕਸੀਅਨ ਮਨਿੰਦਰਪਾਲ ਸਿੰਘ, ਇੰਦਰਜੀਤ ਸਿੰਘ ਐਕਸੀਅਨ, ਜਤਿਨ ਜਿੰਦਲ, ਜਸਦੀਪ ਧੰਜੂ, ਅਸ਼ਵਨੀ ਕੁਮਾਰ, ਗਗਨਦੀਪ ਸਿੰਘ ਭਕਨਾ, ਬੱਬੀ ਭਗਵਾਂ, ਪ੍ਰਭਦਿਆਲ ਨੰਗਲ ਪੰਨਵਾਂ, ਰਾਕੇਸ਼ ਪ੍ਰਾਸ਼ਰ ਅਤੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media